ਪਉੜੀ ॥
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥
ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥
ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥
ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥
ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥
ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥
ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥
ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥

Sahib Singh
ਆਪੁ = ਆਪਣੇ ਆਪ ਨੂੰ ।
ਆਪਿ = ਖ਼ੁਦ ਹੀ ।
{ਨੋਟ: = ਲਫ਼ਜ਼ ‘ਆਪੁ’ ਅਤੇ ‘ਆਪਿ’ ਦਾ ਫ਼ਰਕ ਸਮਝਣ-ਜੋਗ ਹੈ ।} ਨੀਸਾਣਿਆ—ਨੀਸਾਣ, ਰਾਹਦਾਰੀ, ਪਰਵਾਨਾ ।
ਕੂੜਿਆਰ = ਕੂੜ ਦੇ ਵਪਾਰੀ (ਜਿਵੇਂ ਸੁਨਿਆਰ, ਲੋਹਾਰ) ।
    
Sahib Singh
(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੇ ਸਨਮੁਖ ਹੋਇਆਂ ਇਸ ਦੀ ਸਮਝ ਪੈਂਦੀ ਹੈ ।
ਜਿਸ ਨੇ ਗੁਰੂ ਦੀ ਮਤਿ ਲੈ ਕੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ ।
ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, (ਇਸ ਤਕ ਅੱਪੜਨ ਲਈ ਗੁਰੂ ਦਾ) ਸ਼ਬਦ ਰਾਹਦਾਰੀ ਹੈ ।
ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ, ਉਹ ਸੱਚ ਵਿਚ ਲੀਨ ਹੋ ਜਾਂਦੇ ਹਨ ।
(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੂੜ (ਹੀ) ਵਿਹਾਝਦੇ ਹਨ, ਭਟਕਣਾ ਵਿਚ ਖੁੰਝੇ ਫਿਰਦੇ ਹਨ ।
ਉਹਨਾਂ ਦਾ ਵਸੇਬਾ ਗੰਦ ਵਿਚ ਹੀ ਰਹਿੰਦਾ ਹੈ, (ਸ਼ਬਦ ਦਾ) ਆਨੰਦ ਉਹ ਨਹੀਂ ਸਮਝ ਸਕੇ; ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾ ਕੇ ਜਨਮ ਮਰਨ (ਦੇ ਚੱਕਰ ਵਿਚ ਪਏ ਰਹਿੰਦੇ ਹਨ) ।
ਹੇ ਨਾਨਕ! ਪਰਖਣ ਵਾਲਾ ਪ੍ਰਭੂ ਆਪ ਹੀ ਹੈ, ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ (ਭਾਵ, ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ ਤੇ ਖਰਾ ਕੌਣ ਹੈ) ।੧੩ ।
Follow us on Twitter Facebook Tumblr Reddit Instagram Youtube