ਪਉੜੀ ॥
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥

Sahib Singh
ਬਾਹਰਵਾਰਿ = ਬਾਹਰਲੇ ਪਾਸੇ ।
ਸਾਰੁ = ਸ੍ਰੇਸ਼ਟ ।
ਮੰਨੀਅਨਿ = ਮੰਨੇ ਜਾਂਦੇ ਹਨ, (ਭਾਵ,) ਆਦਰ ਪਾਂਦੇ ਹਨ ।
ਗਣਤ = ਦੰਦ ਕਥਾ, ਨਿੰਦਿਆ ।
    
Sahib Singh
ਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ, (ਪਰ ਇਥੇ) ਕਈ ਜੀਵ ਖੋਟੇ ਹਨ (ਭਾਵ, ਮਨੁੱਖਤਾ ਦੇ ਮਾਪ ਤੋਂ ਹੌਲੇ ਹਨ) ਤੇ ਕਈ (ਸ਼ਾਹੀ ਸਿੱਕੇ ਵਾਂਗ ਖਰੇ ਹਨ, (ਇਹਨਾਂ ਸਭਨਾਂ ਦੀ) ਪਰਖ ਕਰਨ ਵਾਲਾ ਭੀ ਆਪ ਹੀ ਹੈ ।
(ਰੁਪਏ ਆਦਿਕ ਵਾਂਗ) ਖਰੇ ਬੰਦੇ (ਪ੍ਰਭੂ ਦੇ) ਖ਼ਜ਼ਾਨੇ ਵਿਚ ਪਾਏ ਜਾਂਦੇ ਹਨ (ਭਾਵ, ਉਹਨਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ ਤੇ) ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ (ਭਾਵ, ਇਹ ਜੀਵ ਭਲਿਆਂ ਵਿਚ ਰਲ ਨਹੀਂ ਸਕਦੇ), ਸੱਚੀ ਦਰਗਾਹ ਵਿਚੋਂ ਇਹਨਾਂ ਨੂੰ ਧੱਕਾ ਮਿਲਦਾ ਹੈ ।
ਕੋਈ ਹੋਰ ਥਾਂ ਐਸਾ ਨਹੀਂ ਜਿਥੇ ਇਹ (ਸਹੈਤਾ ਲਈ) ਫ਼ਰਿਆਦ ਕਰ ਸਕਣ ।
(ਇਹਨਾਂ ਹੌਲੇ ਜੀਵਨ ਵਾਲੇ ਜੀਵਾਂ ਲਈ) ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਸਤਿਗੁਰੂ ਦੀ ਸਰਨੀ ਜਾ ਪੈਣ ।
ਗੁਰੂ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ (ਕਿਉਂਕਿ ਗੁਰੂ ਆਪਣੇ) ਸ਼ਬਦ ਦੀ ਰਾਹੀਂ ਖਰੇ ਬਣਾਣ ਦੇ ਸਮਰੱਥ ਹੈ, (ਫਿਰ ਉਹ) ਸਤਿਗੁਰ ਦੇ ਬਖ਼ਸ਼ੇ ਪ੍ਰੇਮ ਪਿਆਰ ਦੇ ਕਾਰਨ ਪਰਾਮਤਮਾ ਦੀ ਦਰਗਾਹ ਵਿਚ ਆਦਰਪਾਂਦੇ ਹਨ ਤੇ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖ਼ਸ਼ ਲਿਆ ਉਹਨਾਂ ਦੀ ਐਬ-ਜੋਈ ਕਿਸੇ ਕੀਹ ਕਰਨੀ ਹੋਈ ?
।੧੨ ।
Follow us on Twitter Facebook Tumblr Reddit Instagram Youtube