ਮਃ ੧ ਸਲੋਕੁ ॥
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥
ਨਾਨਕ ਅਵਰੁ ਨ ਜੀਵੈ ਕੋਇ ॥
ਜੇ ਜੀਵੈ ਪਤਿ ਲਥੀ ਜਾਇ ॥
ਸਭੁ ਹਰਾਮੁ ਜੇਤਾ ਕਿਛੁ ਖਾਇ ॥
ਰਾਜਿ ਰੰਗੁ ਮਾਲਿ ਰੰਗੁ ॥
ਰੰਗਿ ਰਤਾ ਨਚੈ ਨੰਗੁ ॥
ਨਾਨਕ ਠਗਿਆ ਮੁਠਾ ਜਾਇ ॥
ਵਿਣੁ ਨਾਵੈ ਪਤਿ ਗਇਆ ਗਵਾਇ ॥੧॥

Sahib Singh
ਰਾਜਿ = ਰਾਜ ਵਿਚ ।
ਰੰਗੁ = ਪਿਆਰ ।
ਨੰਗੁ = ਬੇ = ਸ਼ਰਮ, ਨਿਲੱਜ ।
ਮੁਠਾ = ਲੁੱਟਿਆ ।
    
Sahib Singh
(ਅਸਲ ਵਿਚ) ਉਹ ਮਨੁੱਖ ਜੀਊਂਦਾ ਹੈ, ਜਿਸ ਦੇ ਮਨ ਵਿਚ ਪਰਮਾਤਮਾ ਵੱਸ ਰਿਹਾ ਹੈ ।
ਹੇ ਨਾਨਕ! (ਬੰਦਗੀ ਵਾਲੇ ਤੋਂ ਬਿਨਾ) ਕੋਈ ਹੋਰ ਜੀਊਂਦਾ ਨਹੀਂ ਹੈ ।
ਜੇ ਨਾਮ-ਵਿਹੂਣਾ (ਵੇਖਣ ਨੂੰ) ਜੀਊਂਦਾ (ਭੀ) ਹੈ ਤਾਂ ਉਹ ਇੱਜ਼ਤ ਗਵਾ ਕੇ (ਏਥੋਂ) ਜਾਂਦਾ ਹੈ, ਜੋ ਕੁਝ (ਏਥੇ) ਖਾਂਦਾ ਪੀਂਦਾ ਹੈ, ਹਰਾਮ ਹੀ ਖਾਂਦਾ ਹੈ ।
ਜਿਸ ਮਨੁੱਖ ਦਾ ਰਾਜ ਵਿਚ ਪਿਆਰ ਹੈ, ਮਾਲ ਵਿਚ ਮੋਹ ਹੈ, ਉਹ ਇਸ ਮੋਹ ਵਿਚ ਮਸਤਿਆ ਹੋਇਆ ਬੇ-ਸ਼ਰਮ ਹੋ ਕੇ ਨੱਚਦਾ ਹੈ (ਭਾਵ, ਮੱਚਦਾ ਹੈ, ਆਕੜਦਾ ਹੈ) ।
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਸੱਖਣਾ ਮਨੁੱਖ ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ, ਇੱਜ਼ਤ ਗਵਾ ਕੇ (ਇਥੋਂ) ਜਾਂਦਾ ਹੈ ।੧ ।
Follow us on Twitter Facebook Tumblr Reddit Instagram Youtube