ਸਲੋਕੁ ਮਃ ੧ ॥
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥

Sahib Singh
ਅਵਲਿ ਅਉਲਿ = ਅਵਲਿ ਅਉਲਿ, ਪਹਿਲਾਂ ਪਹਿਲ, ਸਭ ਤੋਂ ਪਹਿਲਾਂ {ਨੋਟ:- ਅੱਖਰ ‘ੳ’ ਤੇ ‘ਵ’ ਆਪੋ ਵਿਚ ਬਦਲ ਜਾਂਦੇ ਹਨ ਕਿਉਂਕਿ ਦੋਹਾਂ ਦਾ ਉਚਾਰਨ-ਅਸਥਾਨ ਇਹੋ ਹੀ ਹੈ ।
    ਇਸੇ ਹੀ ‘ਵਾਰ’ ਵਿਚ ਲਫ਼ਜ਼ ‘ਪਉੜੀ’ ਤੇ ‘ਪਵੜੀ’ ਵਰਤੇ ਜਾ ਰਹੇ ਹਨ, ਵੇਖੋ ਨੰ: ੯, ੧੦, ੧੧} ।
ਮਸਕਲ = ਮਿਸਕਲਾ,ਜੰਗਾਲੁ ਲਾਹੁਣ ਵਾਲਾ ਹਥਿਆਰ ।
ਮਾਨਾ = ਮਾਨਿੰਦ, ਵਾਂਗ ।
ਮੁਸਾਵੈ = ਠਗਾਵੈ, ਲੁਟਾਏ, ਵੰਡੇ ।
ਦੀਨ ਮੁਹਾਣੈ = ਦੀਨ ਦੀ ਅਗਵਾਈ ਵਿਚ, ਦੀਨ ਦੇ ਸਨਮੁਖ, ਧਰਮ ਦੇ ਅਨੁਸਾਰ ।
ਮਰਣ ਜੀਵਣ = ਸਾਰੀ ਉਮਰ ।
ਆਪੁ = ਆਪਾ = ਭਾਵ, ਹਉਮੈ, ਖ਼ੁਦੀ ।
ਮਿਹਰੰਮਤਿ = ਮਿਹਰ, ਤਰਸ ।
    
Sahib Singh
(ਅਸਲ) ਮੁਸਲਮਾਨ ਅਖਵਾਣਾ ਬੜਾ ਅੌਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ ।
(ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤ੍ਰਹਾਂ ਦੌਲਤ ਦਾ ਅਹੰਕਾਰ ਦੂਰ ਕਰੇ) ।
ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ) ।
ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ ।
ਇਸ ਤ੍ਰਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ।੧ ।
Follow us on Twitter Facebook Tumblr Reddit Instagram Youtube