ਪਉੜੀ ॥
ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥
ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥
ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥
ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥
ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥
ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥
ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥
ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥

Sahib Singh
ਇਕਿ = ਕਈ ਮਨੁੱਖ ।
ਪਾਈਅਨਿ = ਮਿਲਦੇ ਹਨ ।
ਤੁਜਾਰਾ = ਖ਼ਜ਼ਾਨੇ ।
ਬਿਖਿਆ = ਮਾਇਆ ।
ਛਾਰ = ਸੁਆਹ, ਤੁੱਛ, ਨਿਕੰਮਾ ।
    
Sahib Singh
ਕਈ ਮਨੁੱਖ (ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ) ਕੀਮਤੀ-ਸਉਦੇ ਵਿਹਾਝਦੇ ਹਨ, ਤੇ ਕਈ (ਦੁਨੀਆ-ਰੂਪ) ਕੱਚ ਦੇ ਵਪਾਰੀ ਹਨ ।
(ਪ੍ਰਭੂ ਦੇ ਗੁਣ-ਰੂਪ ਇਹ) ਰਤਨਾਂ ਦੇ ਖ਼ਜ਼ਾਨੇ (ਮਨੁੱਖ ਦੇ) ਅੰਦਰ ਹੀ ਹਨ, ਪਰ ਸਤਿਗੁਰੂ ਦੇ ਤਰੁੱਠਿਆਂ ਇਹ ਮਿਲਦੇ ਹਨ ।
ਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ ।
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਿਤ ਹੁੰਦੇ ਹਨ, ਉਹਨਾਂ ਨੂੰ ਅਸਲ ਵਿਚਾਰ ਸੁੱਝਦੀ ਨਹੀਂ ।
(ਇਸ ਦੁਖੀ ਹਾਲਤ ਦੀ) ਪੁਕਾਰ ਭੀ ਉਹ ਲੋਕ ਕਿਸ ਦੇ ਸਾਹਮਣੇ ਕਰਨ ?
ਇਕ ਪ੍ਰਭੂ ਤੋਂ ਬਿਨਾ ਹੋਰ ਕੋਈ (ਸਹੈਤਾ ਕਰਨ ਵਾਲਾ ਹੀ) ਨਹੀਂ ਹੈ ।
(ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ) ਕਈ ਕੰਗਾਲ ਸਦਾ (ਦਰ ਦਰ ਤੇ) ਤਰਲੇ ਲੈਂਦੇ ਫਿਰਦੇ ਹਨ, ਇਹਨਾਂ ਦੇ (ਹਿਰਦੇ-ਰੂਪ) ਖ਼ਜ਼ਾਨੇ (ਬੰਦਗੀ-ਰੂਪ ਧਨ ਨਾਲ) ਭਰੇ ਪਏ ਹਨ, (ਪਰਮਾਤਮਾ ਦੇ) ਨਾਮ ਤੋਂ ਬਿਨਾ ਹੋਰ ਕੋਈ (ਨਾਲ ਨਿਭਣ ਵਾਲਾ) ਧਨ ਨਹੀਂ ਹੈ, ਹੋਰ ਮਾਇਆ ਵਾਲਾ ਧਨ ਸੁਆਹ (ਸਮਾਨ) ਹੈ ।
(ਪਰ) ਹੇ ਨਾਨਕ! ਸਭ (ਜੀਵਾਂ ਵਿਚ ਬੈਠਾ ਪ੍ਰਭੂ) ਆਪ ਹੀ (ਕੱਚ ਤੇ ਰਤਨਾਂ ਦੇ ਵਪਾਰ) ਕਰ ਰਿਹਾ ਹੈ, (ਜਿਨ੍ਹਾਂ ਨੂੰ ਸੁਧਾਰਦਾ ਹੈ ਉਹਨਾਂ ਨੂੰ ਆਪਣੇ) ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ ।੭ ।
Follow us on Twitter Facebook Tumblr Reddit Instagram Youtube