ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥
ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥
ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥
ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥
ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥
ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥
ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥

Sahib Singh
ਜਿਨਿ = ਜਿਸ (ਮਨੁੱਖ) ਨੇ ।
ਸਰੇ = ਨੇਪਰੇ ਚੜ੍ਹ ਜਾਂਦੇ ਹਨ ।
ਖਰੇ = ਸੁਰਖ਼ਰੂ ।
ਦਰਗਹ ਸਚਿ = ਸਦਾ = ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ।
ਨਿਧਿ = ਖ਼ਜ਼ਾਨਾ ।
ਭਉਜਲੁ = ਸੰਸਾਰ = ਸਮੁੰਦਰ ।
ਬਿਖਮੁ = ਅੌਖਾ ।
ਤਿਨ = ਉਹਨਾਂ (ਬੰਦਿਆਂ) ਨੇ ।
ਬਿਖਿਆ = ਮਾਇਆ ।
ਜਰੇ = ਸੜਦੇ ।
ਕੂੜ = ਵਿਅਰਥ ਝੂਠੇ ਲਾਲਚ ।
ਦੁਬਿਧਾ = ਦੁਚਿੱਤਾ = ਪਨ, ਮਨ ਦੀ ਭਟਕਣਾ ।
ਸਚਿ = ਸੱਚੇ ਪ੍ਰਭੂ ਵਿਚ ।
ਭਰੇ = ਟਿਕੇ ਰਹਿੰਦੇ ਹਨ ।
ਧਰੇ = ਧਰਿ, ਧਰ ਕੇ ।
ਮਾਹ = ਮਹੀਨੇ ।
ਦਿਵਸ = ਦਿਹਾੜੇ ।
ਮੂਰਤ = ਮੁਹੂਰਤ ।
ਜਿਨ ਕਉ = ਜਿਨ੍ਹਾਂ ਉੱਤੇ ।
ਹਰੇ = ਹੇ ਹਰੀ ।
    
Sahib Singh
ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ, ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚਸੁਰਖ਼ਰੂ ਹੁੰਦੇ ਹਨ ।
ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਅੌਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ, ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ ।
ਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ, ਉਹ ਆਪਣੇ ਮਨ ਵਿਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ ।
ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ) ।
ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤਿ ਮੰਗਦਾ ਹਾਂ ।੧੪ ।
Follow us on Twitter Facebook Tumblr Reddit Instagram Youtube