ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥
ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥
ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥

Sahib Singh
ਕਤਿਕਿ = ਕੱਤਕ (ਦੀ ਠੰਡੀ ਬਹਾਰ) ਵਿਚ ।
ਕਾਹੂ ਜੋਗੁ = ਕਿਸੇ ਦੇ ਜ਼ਿੰਮੇ, ਕਿਸੇ ਦੇ ਮੱਥੇ ।
ਵਿਆਪਨਿ = ਜ਼ੋਰ ਪਾ ਲੈਂਦੇ ਹਨ ।
ਰਾਮ ਤੇ = ਰੱਬ ਤੋਂ ।
ਲਗਨਿ = ਲੱਗ ਜਾਂਦੇ ਹਨ ।
ਜਨਮ ਵਿਜੋਗ = ਜਨਮਾਂ ਦੇ ਵਿਛੋੜੇ, ਲੰਮੇ ਵਿਛੋੜੇ ।
ਮਾਇਆ ਭੋਗ = ਮਾਇਆ ਦੀਆਂ ਮੌਜਾਂ, ਦੁਨੀਆ ਦੇ ਐਸ਼ ।
ਵਿਚੁ = ਵਿਚੋਲਾ ਪਨ ।
ਕਿਸ ਥੈ = (ਹੋਰ) ਕਿਸ ਕੋਲ ?
ਰੋਜ = ਨਿਤ, ਹਰ ਰੋਜ਼ ।
ਕੀਤਾ = ਆਪਣਾ ਕੀਤਾ ।
ਧੁਰਿ = ਧੁਰ ਤੋਂ, ਪ੍ਰਭੂ ਦੀ ਹਜ਼ੂਰੀ ਤੋਂ ।
ਸਭਿ = ਸਾਰੇ ।
ਬਿਓਗ = ਵਿਛੋੜੇ ਦੇ ਦੁੱਖ ।
ਕਉ = ਨੂੰ ।
ਪ੍ਰਭੂ = ਹੇ ਪ੍ਰਭੂ !
ਬੰਦੀ ਮੋਚ = ਹੇ ਕੈਦ ਤੋਂ ਛੁਡਾਣ ਵਾਲੇ !
ਬਿਨਸਹਿ = ਨਾਸ ਹੋ ਜਾਂਦੇ ਹਨ ।
ਸੋਚ = ਫ਼ਿਕਰ ।
    
Sahib Singh
ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ ।
ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ ।
ਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ ।
ਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ, (ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ ।
(ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ ।
(ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ ।
(ਨਾਨਕ ਦੀ ਤਾਂ ਇਹੀ ਬੇਨਤੀ ਹੈ—) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ ।
ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ।੯ ।
Follow us on Twitter Facebook Tumblr Reddit Instagram Youtube