ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥

Sahib Singh
ਭਾਦੁਇ = ਭਾਦਰੋਂ ਦੇ ਮਹੀਨੇ ਵਿਚ ।
ਭਰਮਿ = ਭਟਕਣਾ ਵਿਚ ।
ਭੁਲਾਣੀਆ = ਕੁਰਾਹੇ ਪੈ ਜਾਂਦੀ ਹੈ ।
ਹੇਤੁ = ਹਿਤ, ਪਿਆਰ ।
ਕੇਤੁ ਕਾਰਜਿ = ਕਿਸੇ ਕੰਮ ਵਿਚ ।
ਜਿਤੁ = ਜਿਸ ਵਿਚ ।
ਦਿਨਿ = ਦਿਨ ਵਿਚ ।
ਦੇਹ = ਸਰੀਰ ।
ਕਹਸਨਿ = ਆਖਣਗੇ ।
ਬਿਨਸਸੀ = ਬਿਨਸੇਗੀ ।
ਪ੍ਰੇਤ = ਗੁਜ਼ਰ ਚੁਕਿਆ, ਅਪਵਿਤ੍ਰ ।
ਪਕੜਿ = ਫੜ ਕੇ ।
ਨ ਦੇਨੀ = ਨਹੀਂ ਦੇਂਦੇ, ਨ ਦੇਨਿ ।
ਸਿਆਹਹੁ = ਕਾਲੇ (ਰੰਗ) ਤੋਂ ।
ਸੇਤੁ = ਚਿੱਟਾ ।
ਕਪੇ = ਕੱਪੀਦਾ ਹੈ ।
ਲੂਣੈ = ਵੱਢਦਾ ਹੈ ।
ਖੇਤੁ = ਪੈਲੀ ।
ਸੰਦੜਾ = ਦਾ ।
ਬੋਹਿਥ = ਜਹਾਜ਼ ।
ਨਾ ਪਾਈਅਹਿ = ਨਹੀਂ ਪਾਏ ਜਾਂਦੇ ।
ਹੇਤੁ = ਹਿਤੂ, ਪਿਆਰ ਕਰਨ ਵਾਲਾ ।
    
Sahib Singh
(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ ।ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ ।
(ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ) ।
ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ) ।
(ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ ।
(ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਅੌਖਾ ਹੁੰਦਾ ਹੈ, ਉਹ ਕਾਲੁ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ) ।
ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ) ।
ਹੇ ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ ।੭ ।
Follow us on Twitter Facebook Tumblr Reddit Instagram Youtube