ਮਾਝ ਮਹਲਾ ੫ ॥
ਪ੍ਰਭੁ ਅਬਿਨਾਸੀ ਤਾ ਕਿਆ ਕਾੜਾ ॥
ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ ॥
ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥
ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥

ਤੇਰਾ ਕੀਤਾ ਜਿਸੁ ਲਾਗੈ ਮੀਠਾ ॥
ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ ॥
ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥੨॥

ਸਗਲ ਮਨੋਰਥ ਤੂੰ ਦੇਵਣਹਾਰਾ ॥
ਭਗਤੀ ਭਾਇ ਭਰੇ ਭੰਡਾਰਾ ॥
ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥੩॥

ਅੰਧ ਕੂਪ ਤੇ ਕੰਢੈ ਚਾੜੇ ॥
ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥
ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਨ ਆਵਣਿਆ ॥੪॥

ਐਥੈ ਓਥੈ ਤੂੰਹੈ ਰਖਵਾਲਾ ॥
ਮਾਤ ਗਰਭ ਮਹਿ ਤੁਮ ਹੀ ਪਾਲਾ ॥
ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥

ਕਿਆ ਗੁਣ ਤੇਰੇ ਆਖਿ ਸਮਾਲੀ ॥
ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥
ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥੬॥

ਜਿਸ ਕਉ ਤੂੰ ਪ੍ਰਭ ਭਇਆ ਸਹਾਈ ॥
ਤਿਸੁ ਤਤੀ ਵਾਉ ਨ ਲਗੈ ਕਾਈ ॥
ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥

ਤੂੰ ਊਚ ਅਥਾਹੁ ਅਪਾਰੁ ਅਮੋਲਾ ॥
ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥
ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥੮॥੩॥੩੭॥

Sahib Singh
ਕਾੜਾ = ਫ਼ਿਕਰ, ਚਿੰਤਾ ।
ਭਗਵੰਤਾ = ਸਭ ਸੁਖਾਂ ਦਾ ਮਾਲਕ ।
ਖਰਾ = ਬਹੁਤ ।
ਮਾਨ = ਮਨ ਦਾ ।੧ ।
ਮਨਿ = ਮਨ ਵਿਚ ।
ਤਨਿ = ਤਨ ਵਿਚ, ਹਿਰਦੇ ਵਿਚ ।
ਓਲਾ = ਆਸਰਾ ।
ਲਵੈ = ਨੇੜੇ ।
ਲਵੈ ਨ ਲਾਵਣਿਆ = ਨੇੜੇ ਭੇੜੇ ਦਾ ਨਹੀਂ, ਬਰਾਬਰ ਦਾ ਨਹੀਂ ।੧।ਰਹਾਉ ।
ਘਟਿ ਘਟਿ = ਹਰੇਕ ਸਰੀਰ ਵਿਚ ।
ਤਿਨਿ = ਉਸ ਨੇ ।
ਜਨਿ = ਜਨ ਨੇ ।
ਤਿਨਿ ਜਨਿ = ਉਸ ਜਨ ਨੇ ।
ਥਾਨਿ ਥਨੰਤਰਿ = ਥਾਨਿ ਥਾਨ ਅੰਤਰ, ਹਰੇਕ ਥਾਂ ਵਿਚ ।
ਅੰਤਰਿ = ਵਿਚ ।੨ ।
ਭਾਇ = ਪ੍ਰੇਮ ਨਾਲ ।
ਸੇਈ = ਉਹੀ ਬੰਦੇ ।
ਕਰਮਿ = ਬਖ਼ਸ਼ਸ਼ ਨਾਲ ।੩।ਕੂਪ—ਖੂਹ ।
ਅੰਧ ਕੂਪ ਤੇ = ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਤੋਂ ।
ਨਦਰਿ = ਮਿਹਰ ਦੀ ਨਿਗਾਹ ਨਾਲ ।
ਨਿਹਾਲੇ = ਵੇਖਦਾ ।
ਕਰਿ = ਕਰ ਕੇ ।
ਸੁਣਿ = ਸੁਣ ਕੇ ।੪ ।
ਗਰਭ ਮਹਿ = ਪੇਟ ਵਿਚ ।
ਰੰਗ ਰਤੇ = ਪ੍ਰੇਮ = ਰੰਗ ਵਿਚ ਰੰਗੇ ਹੋਏ ।੫ ।
ਸਮਾਲੀ = ਸਮਾਲੀਂ, ਮੈਂ ਸੰਭਾਲਾਂ, ਮੈਂ ਚੇਤੇ ਕਰਾਂ ।
ਤੁਧੁ = ਤੈਨੂੰ ਹੀ ।
ਨਦਰਿ ਨਿਹਾਲੀ = ਨਜ਼ਰ ਨਾਲ ਮੈਂ ਵੇਖਦਾ ਹਾਂ ।੬ ।
ਸਹਾਈ = ਮਦਦਗਾਰ ।
ਕਾਈ = ਕੋਈ ।
ਸਰਣਿ = {_ਰਫ਼ਯ—ਅ ਪਰੋਟੲਚਟੋਰ} ਰੱਖਿਆ ਕਰਨ ਦੇ ਸਮਰੱਥ ।
ਜਪਿ = ਜਪ ਕੇ ।੭ ।
ਸਾਚਾ = ਸਦਾ = ਥਿਰ ਰਹਿਣ ਵਾਲਾ ।
ਗੋਲਾ = ਗ਼ੁਲਾਮ ।
ਮੀਰਾ = ਮਾਲਕ ।
ਸਾਚੀ = ਸਦਾ ਕਾਇਮ ਰਹਿਣ ਵਾਲੀ ।
ਠਕੁਰਾਈ = ਮਾਲਕੀ ।੮ ।
    
Sahib Singh
(ਜਿਸ ਮਨੁੱਖ ਨੂੰ ਇਹ ਯਕੀਨ ਹੋਵੇ ਕਿ ਮੇਰੇ ਸਿਰ ਉੱਤੇ) ਅਬਿਨਾਸੀ ਪ੍ਰਭੂ (ਰਾਖਾ ਹੈ ਉਸ ਨੂੰ) ਕੋਈ ਚਿੰਤਾ-ਫ਼ਿਕਰ ਨਹੀਂ ਹੁੰਦਾ ।
(ਜਦੋਂ ਮਨੁੱਖ ਨੂੰ ਇਹ ਨਿਸਚਾ ਹੋਵੇ ਕਿ) ਸਭ ਸੁਖਾਂ ਦਾ ਮਾਲਕ ਹਰੀ (ਮੇਰਾ ਰਾਖਾ ਹੈ) ਤਾਂ ਉਹ ਬਹੁਤ ਸੌਖਾ ਜੀਵਨ ਬਿਤੀਤ ਕਰਦਾ ਹੈ ।
ਹੇ ਪ੍ਰਭੂ! ਜਿਸ ਨੂੰ ਇਹ ਨਿਸਚਾ ਹੈ ਕਿ ਤੂੰ ਜਿੰਦ ਦਾ ਪ੍ਰਾਣਾਂ ਦਾ ਮਨ ਦਾ ਸੁਖ ਦਾਤਾ ਹੈਂ, ਤੇ ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ।੧ ।
(ਹੇ ਪ੍ਰਭੂ!) ਮੈਂ ਤੈਥੋਂ ਸਦਕੇ ਹਾਂ ਕੁਰਬਾਨ ਹਾਂ, ਗੁਰੂ ਦੀ ਸਰਨ ਪਿਆਂ ਤੂੰ ਮਨ ਵਿਚ ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈਂ ।
ਹੇ ਪ੍ਰਭੂ! ਤੂੰ ਮੇਰੇ ਲਈ ਪਰਬਤ (ਸਮਾਨ ਸਹਾਰਾ) ਹੈਂ, ਤੂੰ ਮੇਰਾ ਆਸਰਾ ਹੈਂ ।
ਮੈਂ ਤੇਰੇ ਨਾਲ ਕਿਸੇ ਹੋਰ ਨੂੰ ਬਰਾਬਰੀ ਨਹੀਂ ਦੇ ਸਕਦਾ ।੧।ਰਹਾਉ ।
ਹੇ ਪ੍ਰਭੂ! ਤੂੰ ਪਾਰਬ੍ਰਹਮ (ਹਰੇਕ ਹਿਰਦੇ ਵਿਚ ਵੱਸ ਰਿਹਾ) ਹੈਂ ।
ਜਿਸ ਮਨੁੱਖ ਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਪੈਂਦਾ ਹੈ, ਉਸ ਮਨੁੱਖ ਨੇ ਤੈਨੂੰ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ ।
ਹਰੇਕ ਥਾਂ ਵਿਚ ਤੂੰ ਹੀ ਤੂੰ ਹੀ, ਸਿਰਫ਼ ਇਕ ਤੂੰ ਹੀ ਵੱਸ ਰਿਹਾ ਹੈਂ ।੨ ।
ਹੇ ਪ੍ਰਭੂ! ਸਭ ਜੀਵਾਂ ਦੀਆਂ ਮਨ-ਮੰਗੀਆਂ ਲੋੜਾਂ ਤੂੰ ਹੀ ਪੂਰੀਆਂ ਕਰਨ ਵਾਲਾ ਹੈਂ ।
ਤੇਰੇ ਘਰ ਵਿਚ ਭਗਤੀ-ਧਨ ਨਾਲ ਪ੍ਰੇਮ-ਧਨ ਨਾਲ ਖ਼ਜ਼ਾਨੇ ਭਰੇ ਪਏ ਹਨ ।
ਜੇਹੜੇ ਬੰਦੇ ਤੇਰੀ ਪੂਰੀ ਮਿਹਰ ਨਾਲ ਤੇਰੇ ਚਰਨਾਂ ਵਿਚ ਲੀਨ ਰਹਿੰਦੇ ਹਨ, ਦਇਆ ਕਰ ਕੇ ਉਹਨਾਂ ਨੂੰ ਤੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਲੈਂਦਾ ਹੈ ।੩ ।
(ਹੇ ਭਾਈ!) ਪਰਮਾਤਮਾ ਆਪਣੇ ਸੇਵਕਾਂ ਉੱਤੇ ਮਿਹਰ ਕਰਦਾ ਹੈ, ਉਹਨਾਂ ਨੂੰ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚੋਂ ਬਾਹਰ ਕੰਢੇ ਉੱਤੇ ਚੜ੍ਹਾ ਦੇਂਦਾ ਹੈ ।
ਉਹ ਸੇਵਕ ਅਬਿਨਾਸ਼ੀ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ।
(ਹੇ ਭਾਈ! ਪ੍ਰਭੂ ਦੇ ਗੁਣ ਬੇਅੰਤ ਹਨ) ਆਖਣ ਨਾਲ ਸੁਣਨ ਨਾਲ (ਉਸ ਦੇ ਗੁਣਾਂ ਦਾ) ਖ਼ਾਤਮਾ ਨਹੀਂ ਹੋ ਸਕਦਾ ।੪ ।
ਹੇ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਤੂੰ ਹੀ (ਸਭ ਜੀਵਾਂ ਦਾ) ਰਾਖਾ ਹੈਂ ।
ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਦਾ ਹੈਂ ।
ਉਹਨਾਂ ਬੰਦਿਆਂ ਨੂੰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਪੋਹ ਨਹੀਂ ਸਕਦੀ, ਜੇਹੜੇ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੇ ਗੁਣ ਗਾਂਦੇ ਰਹਿੰਦੇ ਹਨ ।੫।ਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਚੇਤੇ ਕਰਾਂ ?
ਮੈਂ ਆਪਣੇ ਮਨ ਵਿਚ ਤੇ ਤਨ ਵਿਚ ਤੈਨੂੰ ਹੀ ਵੱਸਦਾ ਵੇਖ ਰਿਹਾ ਹਾਂ ।
ਹੇ ਪ੍ਰਭੂ! ਤੂੰ ਹੀ ਮੇਰਾ ਮਾਲਕ ਹੈਂ ।
ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ (ਤੇਰੇ ਵਰਗਾ ਮਿਤ੍ਰ) ਨਹੀਂ ਸਮਝਦਾ ।੬ ।
ਹੇ ਪ੍ਰਭੂ! ਜਿਸ ਮਨੁੱਖ ਵਾਸਤੇ ਤੂੰ ਰਾਖਾ ਬਣ ਜਾਂਦਾ ਹੈਂ, ਉਸ ਨੂੰ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦਾ ।
ਤੂੰ ਹੀ ਉਸ ਦਾ ਮਾਲਕ ਹੈ, ਤੂੰ ਹੀ ਉਸ ਦਾ ਰਾਖਾ ਹੈਂ ਤੂੰ ਹੀ ਉਸ ਨੂੰ ਸੁਖ ਦੇਣ ਵਾਲਾ ਹੈਂ ।
ਸਾਧ ਸੰਗਤਿ ਵਿਚ ਤੇਰਾ ਨਾਮ ਜਪ ਕੇ ਉਹ ਤੈਨੂੰ ਆਪਣੇ ਹਿਰਦੇ ਵਿਚ ਪਰਤੱਖ ਵੇਖਦਾ ਹੈ ।੭ ।
ਹੇ ਪ੍ਰਭੂ! (ਆਤਮਕ ਜੀਵਨ ਵਿਚ) ਤੂੰ (ਸਭ ਜੀਵਾਂ ਤੋਂ) ਉੱਚਾ ਹੈਂ ਤੂੰ (ਮਾਨੋ, ਗੁਣਾਂ ਦਾ ਸਮੁੰਦਰ) ਹੈਂ ਜਿਸ ਦੀ ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੇਰਾ ਮੁੱਲ ਨਹੀਂ ਪੈ ਸਕਦਾ (ਕਿਸੇ ਭੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ) ।
ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ।
ਮੈਂ ਤੇਰਾ ਦਾਸ ਹਾਂ, ਗ਼ੁਲਾਮ ਹਾਂ ।
ਹੇ ਨਾਨਕ! (ਆਖ—ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈ, ਤੇਰੀ ਸਦਾ ਮਾਲਕੀ ਕਾਇਮ ਰਹਿਣ ਵਾਲੀ ਹੈ, ਮੈਂ ਤੈਥੋਂ ਸਦਾ ਸਦਕੇ ਹਾਂ ਕੁਰਬਾਨ ਹਾਂ ।੮।੩।੩੭ ।
Follow us on Twitter Facebook Tumblr Reddit Instagram Youtube