ਮਾਝ ਮਹਲਾ ੪ ॥
ਆਦਿ ਪੁਰਖੁ ਅਪਰੰਪਰੁ ਆਪੇ ॥
ਆਪੇ ਥਾਪੇ ਥਾਪਿ ਉਥਾਪੇ ॥
ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥
ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥੧॥ ਰਹਾਉ ॥

ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ ॥
ਤੁਧੁ ਬਿਨੁ ਦੂਜਾ ਅਵਰੁ ਨ ਕੋਈ ॥
ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥

ਤੂੰ ਆਪੇ ਸਚਾ ਸਿਰਜਣਹਾਰਾ ॥
ਭਗਤੀ ਭਰੇ ਤੇਰੇ ਭੰਡਾਰਾ ॥
ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥੩॥

ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥
ਤੁਧੁ ਸਾਲਾਹੀ ਪ੍ਰੀਤਮ ਮੇਰੇ ॥
ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ ॥੪॥

ਅਗਮੁ ਅਗੋਚਰੁ ਮਿਤਿ ਨਹੀ ਪਾਈ ॥
ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ ॥
ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥੫॥

ਰਸਨਾ ਗੁਣਵੰਤੀ ਗੁਣ ਗਾਵੈ ॥
ਨਾਮੁ ਸਲਾਹੇ ਸਚੇ ਭਾਵੈ ॥
ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥੬॥

ਮਨਮੁਖੁ ਕਰਮ ਕਰੇ ਅਹੰਕਾਰੀ ॥
ਜੂਐ ਜਨਮੁ ਸਭ ਬਾਜੀ ਹਾਰੀ ॥
ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥੭॥

ਆਪੇ ਕਰਤਾ ਦੇ ਵਡਿਆਈ ॥
ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥
ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ ॥੮॥੧॥੩੪॥

Sahib Singh
ਆਦਿ = ਸਭ ਦਾ ਮੁੱਢ ।
ਪੁਰਖੁ = ਸਰਬ = ਵਿਆਪਕ ।
ਅਪਰੰਪਰੁ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।
ਥਾਪਿ = ਪੈਦਾ ਕਰ ਕੇ ।
ਉਥਾਪੇ = ਨਾਸ ਕਰਦਾ ਹੈ ।੧ ।
ਨਿਰੰਕਾਰੀ ਨਾਮੁ = ਆਕਾਰ ਰਹਿਤ ਪ੍ਰਭੂ ਦਾ ਨਾਮ ।
ਰੇਖਿਆ = ਚਿਹਨ = ਚੱਕਰ ।
ਘਟਿ ਘਟਿ = ਹਰੇਕ ਘਟ ਵਿਚ ।
ਅਲਖੁ = ਅਦਿ੍ਰਸ਼ਟ ।੧।ਰਹਾਉ ।
ਪ੍ਰਭੂ = ਮਾਲਕ ।
ਪਰਸਾਦੁ = ਕਿਰਪਾ ।
ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ ਹੀ ।੨ ।
ਸਚਾ = ਸਦਾ = ਥਿਰ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਭੀਜੈ = ਤਰੋ = ਤਰ ਹੋ ਜਾਂਦਾ ਹੈ ।
ਸਹਜਿ = ਆਤਮਕ ਅਡੋਲਤਾ ਵਿਚ ।੩ ।
ਅਨਦਿਨੁ = ਹਰ ਰੋਜ਼ {ਅਨੁਦਿਨ} ।
ਗਾਵਾ = ਗਾਵਾਂ, ਮੈਂ ਗਾਵਾਂ ।
ਪ੍ਰੀਤਮ = ਹੇ ਪ੍ਰੀਤਮ ।
ਜਾਚਾ = ਜਾਚਾਂ, ਮੈਂ ਮੰਗਦਾ ਹਾਂ ।
ਤੂੰ = ਤੈਨੂੰ ।੪ ।
ਅਗਮੁ = ਅਪਹੁੰਚ {ਅਗੰਯ} ।
ਅਗੋਚਰੁ = {ਅ = ਗੋ-ਚਰੁ} ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ।
ਮਿਤਿ = ਮਾਪ, ਅੰਦਾਜ਼ਾ ।
ਸੇਵਿ = ਸੇਵ ਕੇ ।੫ ।
ਰਸਨਾ = ਜੀਭ ।
ਸਲਾਹੇ = ਸਲਾਹੁੰਦਾ ਹੈ ।
ਰੰਗਿ = ਪ੍ਰੇਮ = ਰੰਗ ਵਿਚ ।੬ ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ।
ਜੂਐ = ਜੂਏ ਵਿਚ ।
ਗੁਬਾਰਾ = ਹਨੇਰਾ ।੭ ।
ਦੇ = ਦੇਂਦਾ ਹੈ ।
ਕਉ = ਨੂੰ ।
ਧੁਰਿ = ਧੁਰੋਂ ।
ਭਉ ਭੰਜਨੁ = ਡਰ ਨਾਸ ਕਰਨ ਵਾਲਾ ।੮ ।
    
Sahib Singh
ਜੇਹੜਾ ਪਰਮਾਤਮਾ (ਸਭ ਦਾ) ਮੁੱਢ ਹੈ ਜੋ ਸਰਬ-ਵਿਆਪਕ ਹੈ, ਜਿਸ (ਦੀ ਹਸਤੀ) ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜੋ (ਆਪਣੇ ਵਰਗਾ) ਆਪ ਹੀ ਹੈ, ਉਹ ਆਪ ਹੀ (ਜਗਤ ਨੂੰ) ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ ।
ਉਹ ਪਰਮਾਤਮਾ ਸਭ ਜੀਵਾਂ ਵਿਚ ਆਪ ਹੀ ਆਪ ਮੌਜੂਦ ਹੈ (ਫਿਰ ਭੀ ਉਹੀ ਮਨੁੱਖ ਉਸ ਦੇ ਦਰ ਤੇ) ਸੋਭਾ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ।੧ ।
ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਨਿਰਾਕਾਰ ਪਰਮਾਤਮਾ ਦਾ ਨਾਮ ਸਿਮਰਦੇ ਹਨ ।
ਉਸ ਪਰਮਾਤਮਾ ਦਾ ਕੋਈ ਖਾਸ ਰੂਪ ਨਹੀਂ ਕੋਈ ਖ਼ਾਸ ਚਿਹਨ-ਚੱਕਰ ਨਹੀਂ ਦੱਸਿਆ ਜਾ ਸਕਦਾ, (ਉਂਞ) ਉਹ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ, ਉਸ ਅਦਿ੍ਰਸ਼ਟ ਪ੍ਰਭੂ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ ।੧।ਰਹਾਉ।(ਹੇ ਪ੍ਰਭੂ!) ਤੂੰ ਦਇਆ ਦਾ ਘਰ ਹੈਂ, ਕਿਰਪਾ ਦਾ ਸੋਮਾ ਹੈਂ, ਤੂੰ ਹੀ ਸਭ ਜੀਵਾਂ ਦਾ ਮਾਲਕ ਹੈਂ, ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਜੀਵ ਨਹੀਂ ਹੈ ।
(ਜਿਸ ਮਨੁੱਖ ਉੱਤੇ) ਗੁਰੂ ਕਿਰਪਾ ਕਰਦਾ ਹੈ ਉਸ ਨੂੰ ਤੇਰਾ ਨਾਮ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇ ਨਾਮ ਵਿਚ ਹੀ ਮਸਤ ਰਹਿੰਦਾ ਹੈ ।੨ ।
(ਹੇ ਪ੍ਰਭੂ!) ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ, (ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਗੁਰੂ ਪਾਸੋਂ) ਤੇਰਾ ਨਾਮ ਮਿਲ ਜਾਂਦਾ ਹੈ, ਉਸ ਦਾ ਮਨ (ਤੇਰੇ ਨਾਮ ਦੀ ਯਾਦ ਵਿਚ) ਰਸਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਸਮਾਧੀ ਲਾਈ ਰੱਖਦਾ ਹੈ (ਟਿਕਿਆ ਰਹਿੰਦਾ ਹੈ) ।੩ ।
ਹੇ ਪ੍ਰਭੂ! ਹੇ ਮੇਰੇ ਪ੍ਰੀਤਮ! (ਮੇਰੇ ਉੱਤੇ ਮਿਹਰ ਕਰ) ਮੈਂ ਹਰ ਰੋਜ਼ (ਹਰ ਵੇਲੇ) ਤੇਰੇ ਗੁਣ ਗਾਂਦਾ ਰਹਾਂ, ਮੈਂ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ ।
ਤੈਥੋਂ ਬਿਨਾ ਮੈਂ ਹੋਰ ਕਿਸੇ ਪਾਸੋਂ ਕੁਝ ਨਾਹ ਮੰਗਾਂ ।
(ਹੇ ਮੇਰੇ ਪ੍ਰੀਤਮ!) ਗੁਰੂ ਦੀ ਕਿਰਪਾ ਨਾਲ ਹੀ ਤੈਨੂੰ ਮਿਲ ਸਕੀਦਾ ਹੈ ।੪ ।
(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਮਨੁੱਖ ਦੇ ਗਿਆਨ-ਇੰਦਿ੍ਰਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ ।
ਤੂੰ ਕੇਡਾ ਵੱਡਾ ਹੈਂ—ਇਹ ਗੱਲ ਕੋਈ ਜੀਵ ਨਹੀਂ ਦੱਸ ਸਕਦਾ ।
ਜਿਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਮਿਹਰ ਕਰਦਾ ਹੈਂ, ਉਸਨੂੰ ਤੂੰ ਆਪਣੇ (ਚਰਨਾਂ) ਵਿਚ ਮਿਲਾ ਲੈਂਦਾ ਹੈਂ ।
(ਹੇ ਭਾਈ!) ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ ।
ਮਨੁੱਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਧਾਰ ਕੇ ਆਤਮਕ ਆਨੰਦ ਮਾਣ ਸਕਦਾ ਹੈ ।੫ ।
ਉਹ ਜੀਭ ਭਾਗਾਂ ਵਾਲੀ ਹੈ, ਜੇਹੜੀ ਪਰਮਾਤਮਾ ਦੇ ਗੁਣ ਗਾਂਦੀ ਹੈ ।
ਉਹ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਜੇਹੜਾ ਪਰਮਾਤਮਾ ਦੇ ਨਾਮ ਨੂੰ ਸਲਾਹੁੰਦਾ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਰਹਿੰਦੀ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ।੬ ।
ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਭਾਵੇਂ ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੈ, (ਪਰ) ਅਹੰਕਾਰ ਵਿਚ ਮੱਤਾ ਰਹਿੰਦਾ ਹੈ (ਕਿ ਮੈਂ ਧਰਮੀ ਹਾਂ), ਉਹ ਮਨੁੱਖ (ਮਾਨੋ) ਜੂਏ ਵਿਚ ਆਪਣਾ ਜੀਵਨ ਹਾਰ ਦੇਂਦਾ ਹੈ, ਉਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ ।
ਉਸ ਦੇ ਅੰਦਰ ਮਾਇਆ ਦਾ ਲੋਭ (ਪ੍ਰਬਲ ਰਹਿੰਦਾ) ਹੈ, ਉਸ ਦੇ ਅੰਦਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।੭ ।
(ਪਰ ਜੀਵਾਂ ਦੇ ਕੀਹ ਵੱਸ?) ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਪਰਮਾਤਮਾ ਨੇ ਆਪ ਆਪਣੀ ਦਰਗਾਹ ਤੋਂ ਹੀ ਨਾਮ ਸਿਮਰਨ ਦੀ ਦਾਤਿ ਦਾ ਲੇਖ ਲਿਖ ਦਿੱਤਾ ਹੈ, ਉਹਨਾਂ ਨੂੰ ਉਹ ਕਰਤਾਰ ਆਪ ਹੀ (ਨਾਮ ਸਿਮਰਨ ਦੀ) ਵਡਿਆਈ ਬਖ਼ਸ਼ਦਾ ਹੈ ।
ਹੇ ਨਾਨਕ! ਉਹਨਾਂ (ਵਡ-ਭਾਗੀਆਂ) ਨੂੰ (ਦੁਨੀਆ ਦੇ ਸਾਰੇ) ਡਰ ਦੂਰ ਕਰਨ ਵਾਲਾ ਪ੍ਰਭੂ-ਨਾਮ ਮਿਲ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਤਮਕ ਆਨੰਦ ਮਾਣਦੇ ਹਨ ।੮।੧।੩੪ ।

ਨੋਟ: ਅੰਕ ੧ ਦੱਸਦਾ ਹੈ ਕਿ ਇਹ ਅਸਟਪਦੀ ਮਹਲੇ ਚੌਥੇ ਦੀ ਹੈ ।
ਕੁਲ ਜੋੜ ੩੪ ।
Follow us on Twitter Facebook Tumblr Reddit Instagram Youtube