ਮਾਝ ਮਹਲਾ ੩ ॥
ਮਾਇਆ ਮੋਹੁ ਜਗਤੁ ਸਬਾਇਆ ॥
ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥
ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥
ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥੧॥ ਰਹਾਉ ॥

ਦੇਵੀ ਦੇਵਾ ਮੂਲੁ ਹੈ ਮਾਇਆ ॥
ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥
ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥੨॥

ਤਿਸੁ ਵਿਚਿ ਗਿਆਨ ਰਤਨੁ ਇਕੁ ਪਾਇਆ ॥
ਗੁਰ ਪਰਸਾਦੀ ਮੰਨਿ ਵਸਾਇਆ ॥
ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥੩॥

ਪੇਈਅੜੈ ਧਨ ਭਰਮਿ ਭੁਲਾਣੀ ॥
ਦੂਜੈ ਲਾਗੀ ਫਿਰਿ ਪਛੋਤਾਣੀ ॥
ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ ਨ ਪਾਵਣਿਆ ॥੪॥

ਪੇਈਅੜੈ ਧਨ ਕੰਤੁ ਸਮਾਲੇ ॥
ਗੁਰ ਪਰਸਾਦੀ ਵੇਖੈ ਨਾਲੇ ॥
ਪਿਰ ਕੈ ਸਹਜਿ ਰਹੈ ਰੰਗਿ ਰਾਤੀ ਸਬਦਿ ਸਿੰਗਾਰੁ ਬਣਾਵਣਿਆ ॥੫॥

ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ ॥
ਦੂਜਾ ਭਾਉ ਗੁਰ ਸਬਦਿ ਜਲਾਇਆ ॥
ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥

ਸਤਿਗੁਰੁ ਨ ਸੇਵੇ ਸੋ ਕਾਹੇ ਆਇਆ ॥
ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ ॥
ਮਨਮੁਖਿ ਨਾਮੁ ਚਿਤਿ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ॥੭॥

ਜਿਨਿ ਸਿਸਟਿ ਸਾਜੀ ਸੋਈ ਜਾਣੈ ॥
ਆਪੇ ਮੇਲੈ ਸਬਦਿ ਪਛਾਣੈ ॥
ਨਾਨਕ ਨਾਮੁ ਮਿਲਿਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥

Sahib Singh
ਸਬਾਇਆ = ਸਾਰਾ ।
ਤ੍ਰੈਗੁਣ = ਤਿ੍ਰਗੁਣੀ ਜੀਵ ।
ਦੀਸਹਿ = ਦਿੱਸਦੇ ਹਨ ।
ਪਦਿ = ਦਰਜੇ ਵਿਚ, ਅਵਸਥਾ ਵਿਚ ।
ਚਉਥੇ ਪਦਿ = ਉਸ ਆਤਮਕ ਅਵਸਥਾ ਵਿਚ ਜੇਹੜੀ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਹੈ ।ਸਬਦਿ—ਗੁਰੂ ਦੇ ਸ਼ਬਦ ਦੀ ਰਾਹੀਂ ।
ਦਰਿ = ਦਰ ਤੇ ।
ਮਹਲੀ = ਮਹਲਿ, ਮਹਲ ਵਿਚ ।੧।ਰਹਾਉ ।
ਦੇਵੀ ਦੇਵਾ ਮੂਲੁ = ਦੇਵੀ ਦੇਵਤਿਆਂ ਦੇ ਰਚੇ ਜਾਣ ਦਾ ਮੁੱਢ ।
ਮਾਇਆ = ਸੁੱਖਾਂ ਦੀ ਲਾਲਸਾ ਤੇ ਦੁੱਖਾਂ ਤੋਂ ਡਰ ।
ਜਿੰਨਿ = ਜਿਨਿ, ਜਿਸ (ਮਾਇਆ) ਨੇ ।
ਕਾਮੁ = (ਸੁੱਖਾਂ ਦੀ) ਕਾਮਨਾ ।
ਕ੍ਰੋਧੁ = (ਦੁੱਖਾਂ ਦੇ ਵਿਰੁੱਧ) ਗੁੱਸਾ ।
ਸੰਸਾਰੇ = ਸੰਸਾਰਿ, ਸੰਸਾਰ ਵਿਚ ।
ਆਇ = ਆ ਕੇ, ਜੰਮ ਕੇ ।
ਆਇ ਜਾਇ = ਜਨਮ ਮਰਨ ਦੇ ਗੇੜ ਵਿਚ ।੨ ।
ਤਿਸੁ ਵਿਚਿ = ਇਸ ਸੰਸਾਰ ਵਿਚ ।
ਮੰਨਿ = ਮਨਿ, ਮਨ ਵਿਚ ।
ਗੁਰਿ = ਗੁਰੂ ਦੀ ਰਾਹੀਂ ।੩ ।
ਧਨ = ਜੀਵ = ਇਸਤ੍ਰੀ ।
ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ ।
ਭਰਮਿ = ਭਟਕਣਾ ਵਿਚ ।
ਭੁਲਾਣੀ = ਕੁਰਾਹੇ ਪੈ ਗਈ ।
ਦੂਜੈ = (ਪ੍ਰਭੂ ਤੋਂ ਬਿਨਾ) ਹੋਰ ਵਿਚ ।
ਪਛੋਤਾਣੀ = ਪਛੁਤਾਣੀ ।
ਹਲਤੁ = ਇਹ ਲੋਕ ।
ਪਲਤੁ = ਪਰਲੋਕ ।੪ ।
ਸਮਾਲੇ = (ਹਿਰਦੇ ਵਿਚ) ਸਾਂਭਦੀ ਹੈ ।
ਸਹਜਿ = ਆਤਮਕ ਅਡੋਲਤਾ ਵਿਚ ।
ਪਿਰ ਕੈ ਰੰਗਿ = ਪ੍ਰਭੂ = ਪਤੀ ਦੇ ਪ੍ਰੇਮ ਰੰਗ ਵਿਚ ।
ਸਬਦਿ = ਸ਼ਬਦ ਦੀ ਰਾਹੀਂ ।੫ ।
ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਹੋਰ ਪਿਆਰ, ਮਾਇਆ ਦਾ ਮੋਹ ।੬ ।
ਕਾਹੇ ਆਇਆ = ਵਿਅਰਥ ਜਨਮਿਆ ।
ਧਿ੍ਰਗੁ = ਫਿਟਕਾਰ = ਜੋਗ ।
ਚਿਤਿ = ਚਿੱਤ ਵਿਚ ।੭ ।
ਜਿਨਿ = ਜਿਸ (ਕਰਤਾਰ) ਨੇ ।
ਸਿਸਟਿ = ਸਿ੍ਰਸ਼ਟੀ, ਦੁਨੀਆ ।
ਪਛਾਣੈ = ਪਛਾਣਿ, ਪਛਾਣ ਕੇ, ਧੁਰਿ—ਧੁਰ ਤੋਂ, ਪ੍ਰਭੂ ਦੀ ਹਜ਼ੂਰੀ ਵਿਚੋਂ ।
ਮਸਤਕਿ = ਮੱਥੇ ਉੱਤੇ ।੮ ।
    
Sahib Singh
ਮਾਇਆ ਦਾ ਮੋਹ ਸਾਰੇ ਜਗਤ ਨੂੰ ਵਿਆਪ ਰਿਹਾ ਹੈ, ਸਾਰੇ ਹੀ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਹਨ, ਮਾਇਆ ਦੇ ਮੋਹੇ ਹੋਏ ਹਨ ।
ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ ।
ਉਹ ਇਹਨਾਂ ਤਿੰਨਾਂ ਗੁਣਾਂ ਦੀ ਮਾਰ ਤੋਂ ਉਤਲੀ ਆਤਮਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ।੧ ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦੇ ਹਨ ।
ਜੇਹੜਾ ਮਨੁੱਖ ਮਾਇਆ ਦਾ ਮੋਹ ਸਾੜ ਲੈਂਦਾ ਹੈ, ਉਹ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿਤ ਜੋੜ ਲੈਂਦਾ ਹੈ, ਉਹ ਪਰਮਾਤਮਾ ਦੇ ਦਰ ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ।੧।ਰਹਾਉ ।
ਇਹ ਮਾਇਆ ਹੀ (ਭਾਵ, ਸੁਖਾਂ ਦੀ ਕਾਮਨਾ ਤੇ ਦੁਖਾਂ ਤੋਂ ਡਰ) ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ, ਇਸ ਮਾਇਆ ਨੇ ਹੀ ਸਿਮਿ੍ਰਤੀਆਂ ਤੇ ਸ਼ਾਸਤ੍ਰ ਪੈਦਾ ਕਰ ਦਿੱਤੇ (ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਿਰਤੀ ਦੀ ਖ਼ਾਤਰ ਹੀ ਸਿਮਿ੍ਰਤੀਆਂ ਸ਼ਾਸਤ੍ਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ) ।
ਸਾਰੇ ਸੰਸਾਰ ਵਿਚ ਸੁਖਾਂ ਦੀ ਲਾਲਸਾ ਤੇ ਦੁਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਪਾ ਰਹੇ ਹਨ ।੨ ।
ਇਸ ਜਗਤ ਵਿਚ (ਹੀ) ਇਕ ਰਤਨ (ਭੀ ਹੈ, ਉਹ ਹੈ) ਪਰਮਾਤਮਾ ਨਾਲ ਡੂੰਘੀ ਸਾਂਝ ਦਾ ਰਤਨ ।
(ਜਿਸ ਮਨੁੱਖ ਨੇ ਉਹ ਰਤਨ) ਲੱਭ ਲਿਆ ਹੈ, ਜਿਸ ਨੇ ਇਹ ਰਤਨ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਵਸਾਲਿਆ ਹੈ (ਪ੍ਰੋ ਲਿਆ ਹੈ), ਉਹ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਮਨੁੱਖ, ਮਾਨੋ, ਸਦਾ ਟਿਕੇ ਰਹਿਣ ਵਾਲਾ ਜਤ ਕਮਾ ਰਿਹਾ ਹੈ ਸਤ ਕਮਾ ਰਿਹਾ ਹੈ ਤੇ ਸੰਜਮ ਕਮਾ ਰਿਹਾ ਹੈ ।੩ ।
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ਉਹ (ਸਦਾ) ਮਾਇਆ ਦੇ ਮੋਹ ਵਿਚ ਮਗਨ ਰਹਿੰਦੀ ਹੈ ਤੇ ਆਖਿ਼ਰ ਪਛੁਤਾਂਦੀ ਹੈ ।
ਉਹ ਜੀਵ-ਇਸਤ੍ਰੀ ਇਹ ਲੋਕ ਤੇ ਪਰਲੋਕ ਦੋਵੇਂ ਗਵਾ ਲੈਂਦੀ ਹੈ, ਉਸ ਨੂੰ ਸੁਪਨੇ ਵਿਚ ਭੀ ਆਤਮਕ ਆਨੰਦ ਨਸੀਬ ਨਹੀਂ ਹੁੰਦਾ ।੪ ।
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਖਸਮ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਦੀ ਹੈ, ਗੁਰੂ ਦੀ ਕਿਰਪਾ ਨਾਲ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਪਤੀ ਦੇ ਪ੍ਰੇਮ ਨੂੰ ਆਪਣੇ ਆਤਮਕ ਜੀਵਨ ਦਾ) ਸਿੰਗਾਰ ਬਣਾਂਦੀ ਹੈ ।੫ ।
ਜਿਨ੍ਹਾਂ (ਵਡ-ਭਾਗੀ ਮਨੁੱਖਾਂ) ਨੂੰ ਸਤਿਗੁਰੂ ਮਿਲ ਪਿਆ, ਉਹਨਾਂ ਦਾ ਮਨੁੱਖਾ-ਜਨਮ ਕਾਮਯਾਬ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਪਣੇ ਅੰਦਰੋਂ) ਮਾਇਆ ਦਾ ਪਿਆਰ ਸਾੜ ਲੈਂਦੇ ਹਨ ।
ਉਹਨਾਂ ਦੇ ਹਿਰਦੇ ਵਿਚ ਇਕ ਪਰਮਾਤਮਾ (ਦੀ ਯਾਦ) ਹੀ ਹਰ ਵੇਲੇ ਮੌਜੂਦ ਰਹਿੰਦੀ ਹੈ, ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦੇ ਹਨ ।੬ ।
ਜੇਹੜਾ ਮਨੁੱਖ ਗੁਰੂ ਦਾ ਆਸਰਾ ਪਰਨਾ ਨਹੀਂ ਲੈਂਦਾ, ਉਹ ਦੁਨੀਆ ਵਿਚ ਜਿਹਾ ਆਇਆ ਜਿਹਾ ਨਾਹ ਆਇਆ, ਉਸ ਦਾ ਸਾਰਾ ਜੀਵਨ ਫਿਟਕਾਰ ਜੋਗ ਹੋ ਜਾਂਦਾ ਹੈ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਚਿਤ ਵਿਚ (ਕਦੇ) ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਨਾਮ ਤੋਂ ਖੁੰਝ ਕੇ ਉਹ ਬਹੁਤ ਦੁੱਖ ਸਹਿੰਦਾ ਹੈ ।੭ ।
(ਪਰ ਜੀਵਾਂ ਦੇ ਕੀਹ ਵੱਸ?) ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹੀ (ਮਾਇਆ ਦੇ ਪ੍ਰਭਾਵ ਦੀ ਇਸ ਖੇਡ ਨੂੰ) ਜਾਣਦਾ ਹੈ, ਉਹ ਆਪ ਹੀ (ਜੀਵਾਂ ਦੀਆਂ ਲੋੜਾਂ) ਪਛਾਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ।
ਹੇ ਨਾਨਕ! ਉਹਨਾਂ ਬੰਦਿਆਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉੱਤੋਂ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ (ਨਾਮ ਦੀ ਪ੍ਰਾਪਤੀ ਦਾ) ਲੇਖ ਲਿਖਿਆ ਜਾਂਦਾ ਹੈ ।੮।੧।੩੨।੩੩ ।

ਨੋਟ: ਅੰਕ ੧ ਗੁਰੂ ਨਾਨਕ ਦੇਵ ਜੀ ਦੀ ਅਸ਼ਟਪਦੀ ਦਾ ਲਖਾਇਕ ਹੈ ।
ਗੁਰੂ ਅਮਰਦਾਸ ਜੀ ਦੀਆਂ ੩੨ ਅਸਟਪਦੀਆਂ ਹਨ ।
ਕੁੱਲ ਜੋੜ ੩੩ ਹੈ ।
Follow us on Twitter Facebook Tumblr Reddit Instagram Youtube