ਮਾਝ ਮਹਲਾ ੩ ॥
ਨਿਰਗੁਣੁ ਸਰਗੁਣੁ ਆਪੇ ਸੋਈ ॥
ਤਤੁ ਪਛਾਣੈ ਸੋ ਪੰਡਿਤੁ ਹੋਈ ॥
ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥
ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥

ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥
ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥
ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥੨॥

ਹਉਮੈ ਕਰੈ ਨਿਹਕਰਮੀ ਨ ਹੋਵੈ ॥
ਗੁਰ ਪਰਸਾਦੀ ਹਉਮੈ ਖੋਵੈ ॥
ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥੩॥

ਹਰਿ ਸਰੁ ਸਾਗਰੁ ਨਿਰਮਲੁ ਸੋਈ ॥
ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥
ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥੪॥

ਨਿਰਮਲ ਹੰਸਾ ਪ੍ਰੇਮ ਪਿਆਰਿ ॥
ਹਰਿ ਸਰਿ ਵਸੈ ਹਉਮੈ ਮਾਰਿ ॥
ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥੫॥

ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥
ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥
ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥੬॥

ਰਤਨੁ ਪਦਾਰਥੁ ਘਰ ਤੇ ਪਾਇਆ ॥
ਪੂਰੈ ਸਤਿਗੁਰਿ ਸਬਦੁ ਸੁਣਾਇਆ ॥
ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥੭॥

ਆਪਿ ਉਪਾਏ ਤੈ ਆਪੇ ਵੇਖੈ ॥
ਸਤਿਗੁਰੁ ਸੇਵੈ ਸੋ ਜਨੁ ਲੇਖੈ ॥
ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥੮॥੩੧॥੩੨॥

Sahib Singh
ਨਿਰਗੁਣੁ = {ਨਿਗੁLਣ} ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ।
ਸਰਗੁਣੁ = {ਸਗੁLਣ} ਜਿਸ ਵਿਚ ਮਾਇਆ ਦੇ ਤਿੰਨ ਗੁਣ ਮੌਜੂਦ ਹਨ ।
ਤਤੁ = ਅਸਲੀਅਤ ।੧ ।
ਸਾਦੁ = ਸੁਆਦ, ਆਨੰਦ ।੧।ਰਹਾਉ ।
ਨਿਹਕਰਮੀ = ਨਿਰਲੇਪ, ਵਾਸਨਾ-ਰਹਿਤ ।
ਗਿਆਨਿ = ਗਿਆਨ ਦੀ ਰਾਹੀਂ ।
ਨਉ ਨਿਧਿ = ਨੌ ਖ਼ਜ਼ਾਨੇ ।੨ ।
ਬਿਬੇਕੁ = ਚੰਗੇ ਮੰਦੇ ਦੀ ਪਰਖ ।
ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ ।੩ ।
ਸਰੁ = (ਮਾਨ = ) ਸਰ ।
ਹੋਈ = ਹੋਇ, ਹੋ ਕੇ ।੪।ਹੰਸਾ—ਜੀਵਾਤਮਾ ।
ਸਰਿ = ਸਰ ਵਿਚ, ਮਾਨਸਰ ਵਿਚ ।
ਅਹਿ = ਦਿਨ ।
ਨਿਸਿ = ਰਾਤ ।
ਸਾਜੈ = ਸਦਾ = ਥਿਰ ਪ੍ਰਭੂ ਵਿਚ ।੫ ।
ਬਗੁ = ਬਗੁਲਾ, ਬਗਲੇ ਵਾਂਗ ਪਖੰਡੀ ।
ਪਰੁ = ਪਰੰਤੂ ।੬ ।
ਘਰ ਤੇ = ਹਿਰਦੇ ਵਿਚੋਂ ਹੀ ।
ਸਤਿਗੁਰਿ = ਸਤਿਗੁਰ ਨੇ ।
ਪਰਸਾਦਿ = ਕਿਰਪਾ ਨਾਲ ।
ਘਟਿ = ਹਿਰਦੇ ਵਿਚ ।
ਆਪੁ = ਆਪਣਾ ਆਪ ।੭ ।
ਤੈ = ਅਤੇ ।
ਵੇਖੈ = ਸੰਭਾਲ ਕਰਦਾ ਹੈ ।
ਲੇਖੈ = ਲੇਖੇ ਵਿਚ, ਪਰਵਾਨ ।੮ ।
    
Sahib Singh
ਉਹ ਪਰਮਾਤਮਾ ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿਚ ਮਾਇਆ ਦੇ ਤਿੰਨ ਗੁਣਾਂ ਦਾ ਲੇਸ਼ ਨਹੀਂ ਹੁੰਦਾ, ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿਚ ਮਾਇਆ ਦੇ ਤਿੰਨ ਗੁਣ ਮੌਜੂਦ ਹਨ (ਆਕਾਰ ਤੋਂ ਰਹਿਤ ਭੀ ਆਪ ਹੀ ਹੈ, ਤੇ ਇਹ ਦਿੱਸਦਾ ਆਕਾਰ ਰੂਪ ਭੀ ਆਪ ਹੀ ਹੈ) ।
ਜੇਹੜਾ ਮਨੁੱਖ ਉਸ ਅਸਲੇ ਨੂੰ ਪਛਾਣਦਾ ਹੈ (ਉਸ ਅਸਲੇ ਨਾਲ ਸਾਂਝ ਪਾਂਦਾ ਹੈ), ਉਹ ਪੰਡਿਤ ਬਣ ਜਾਂਦਾ ਹੈ ।
ਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ।੧ ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ (ਉਸ ਦਾ ਆਤਮਕ) ਆਨੰਦ ਮਾਣਦੇ ਹਨ ।
ਜੇਹੜੇ ਮਨੁੱਖ ਹਰਿ-ਨਾਮ ਦਾ ਰਸ ਚੱਖਦੇ ਹਨ, ਉਹ ਪਵਿਤ੍ਰ ਆਤਮਾ ਹੋ ਜਾਂਦੇ ਹਨ, ਉਹ ਪਵਿਤ੍ਰ ਪ੍ਰਭੂ ਦਾ ਨਾਮ ਸਦਾ ਸਿਮਰਦੇ ਹਨ ।੧।ਰਹਾਉ ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ ਦੁਨੀਆ ਦਾ ਕਾਰ-ਵਿਹਾਰ ਵਾਸਨਾ ਰਹਿਤ ਹੋ ਕੇ ਕਰਦਾ ਹੈ, ਉਸ ਦੇ ਅੰਦਰ ਜਗਤ ਦਾ ਮੂਲ ਪ੍ਰਭੂ ਪਰਗਟ ਹੋ ਜਾਂਦਾ ਹੈ, ਉਹ (ਗੁਰੂ ਦੇ ਬਖ਼ਸ਼ੇ) ਗਿਆਨ ਦੀ ਸਹਾਇਤਾ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ ।
ਉਹ ਪਰਮਾਤਮਾ ਦਾ ਨਾਮ ਖ਼ਜ਼ਾਨਾ ਲੱਭ ਲੈਂਦਾ ਹੈ (ਜੋ ਉਸਦੇ ਵਾਸਤੇ ਦੁਨੀਆ ਦੇ) ਨੌ ਖ਼ਜ਼ਾਨੇ (ਹੀ ਹੈ) ।
(ਇਸ ਨਾਮ ਪਦਾਰਥ ਦੀ ਬਰਕਤਿ ਨਾਲ) ਉਹ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਕੇ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ ।੨ ।
ਜੇਹੜਾ ਮਨੁੱਖ ‘ਮੈਂ ਕਰਦਾ ਹਾਂ ਮੈਂ ਕਰਦਾ ਹਾਂ’ ਦੀ ਰਟ ਲਗਾਈ ਰੱਖਦਾ ਹੈ, ਉਹ ਵਾਸਨਾ ਰਹਿਤ ਨਹੀਂ ਹੋ ਸਕਦਾ ।
ਗੁਰੂ ਦੀ ਕਿਰਪਾ ਨਾਲ ਹੀ (ਕੋਈ ਵਿਰਲਾ ਮਨੁੱਖ) ਹਉਮੈ ਦੂਰ ਕਰ ਸਕਦਾ ਹੈ ।
(ਜੇਹੜਾ ਮਨੁੱਖ ਹਉਮੈ ਦੂਰ ਕਰ ਲੈਂਦਾ ਹੈ) ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ ਆਪਣੇ ਆਤਮਕ ਜੀਵਨ ਨੂੰ ਵਿਚਾਰਦਾ ਰਹਿੰਦਾ ਹੈ ।੩ ।
(ਹੇ ਭਾਈ!) ਉਹ ਪਰਮਾਤਮਾ ਹੀ ਪਵਿਤ੍ਰ ਮਾਨਸਰੋਵਰ ਹੈ ਪਵਿਤ੍ਰ ਸਮੁੰਦਰ ਹੈ (ਪਵਿਤ੍ਰ ਤੀਰਥ ਹੈ), ਸੰਤ ਜਨ ਗੁਰੂ ਦੀ ਸਰਨ ਪੈ ਕੇ (ਉਸ ਵਿਚੋਂ) ਸਦਾ (ਪ੍ਰਭੂ ਨਾਮ-ਮੋਤੀ) ਚੁਗਦੇ ਰਹਿੰਦੇ ਹਨ ।
ਸੰਤ ਜਨ ਸਦਾ ਦਿਨ ਰਾਤ (ਉਸ ਸਰੋਵਰ ਵਿਚ) ਇਸ਼ਨਾਨ ਕਰਦੇ ਹਨ, ਤੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਉਤਾਰਦੇ ਰਹਿੰਦੇ ਹਨ ।੪ ।
ਉਹ ਮਨੁੱਖ, ਮਾਨੋ, ਸਾਫ਼ ਸੁਥਰਾ ਹੰਸ ਹੈ, ਜੇਹੜਾ ਪ੍ਰਭੂ ਦੇ ਪ੍ਰੇਮ-ਪਿਆਰ ਵਿਚ (ਟਿਕਿਆ ਰਹਿੰਦਾ) ਹੈ ।
ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ-ਸਰੋਵਰ ਵਿਚ ਵਸੇਬਾ ਰੱਖਦਾ ਹੈ ।
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਦਿਨ ਰਾਤ ਸਦਾ-ਥਿਰ ਪਰਮਾਤਮਾ ਵਿਚ ਪ੍ਰੀਤਿ ਪਾਂਦਾ ਹੈ, ਤੇ ਇਸ ਤ੍ਰਹਾਂ ਪਰਮਾਤਮਾ ਸਰੋਵਰ ਵਿਚ ਨਿਵਾਸ ਹਾਸਲ ਕਰੀ ਰੱਖਦਾ ਹੈ ।੫।ਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ, ਮਾਨੋ, ਬਗਲਾ ਹੈ, ਉਹ ਸਦਾ ਮੈਲਾ ਹੈ, ਉਸ ਦੇ ਅੰਦਰ ਹਉਮੈ ਦੀ ਮੈਲ ਲੱਗੀ ਰਹਿੰਦੀ ਹੈ ।
(ਉਹ ਤੀਰਥਾਂ ਉੱਤੇ) ਇਸ਼ਨਾਨ (ਭੀ) ਕਰਦਾ ਹੈ ਪਰ (ਇਸ ਤ੍ਰਹਾਂ ਉਸ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ ।
ਜੇਹੜਾ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਆਪਾ-ਭਾਵ ਵੱਲੋਂ ਮਰਿਆ ਰਹਿੰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾਈ ਰੱਖਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ ।੬ ।
ਜਿਸ ਮਨੁੱਖ ਨੂੰ ਅਭੁੱਲ ਗੁਰੂ ਨੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਸੁਣਾ ਦਿੱਤਾ, ਉਸ ਨੇ (ਪ੍ਰਭੂ ਦਾ ਨਾਮ) ਕੀਮਤੀ ਰਤਨ ਆਪਣੇ ਹਿਰਦੇ ਵਿਚੋਂ ਹੀ ਲੱਭ ਲਿਆ, ਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰੋਂ (ਅਗਿਆਨਤਾ ਦਾ, ਮਾਇਆ ਦੇ ਮੋਹ ਦਾ) ਹਨੇਰਾ ਮਿਟ ਗਿਆ, ਉਸਦੇ ਹਿਰਦੇ ਵਿਚ (ਆਤਮਕ ਜੀਵਨ ਵਾਲਾ) ਚਾਨਣ ਹੋ ਗਿਆ, ਉਸ ਨੇ ਆਤਮਕ ਜੀਵਨ ਨੂੰ ਪਛਾਣ ਲਿਆ ।੭ ।
(ਹੇ ਭਾਈ!) ਪਰਮਾਤਮਾ ਆਪ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ ਅਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ।
ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ, ਉਹ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ ।
ਹੇ ਨਾਨਕ! ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਗੁਰੂ ਦੀ ਕਿਰਪਾ ਨਾਲ ਉਹ (ਪਰਮਾਤਮਾ ਦਾ) ਮਿਲਾਪ ਹਾਸਲ ਕਰ ਲੈਂਦਾ ਹੈ ।੮।੩੧।੩੨ ।
Follow us on Twitter Facebook Tumblr Reddit Instagram Youtube