ਮਾਝ ਮਹਲਾ ੩ ॥
ਊਤਮ ਜਨਮੁ ਸੁਥਾਨਿ ਹੈ ਵਾਸਾ ॥
ਸਤਿਗੁਰੁ ਸੇਵਹਿ ਘਰ ਮਾਹਿ ਉਦਾਸਾ ॥
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿ ਰਸਿ ਮਨੁ ਤ੍ਰਿਪਤਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥
ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥

ਅਲਖ ਅਭੇਉ ਹਰਿ ਰਹਿਆ ਸਮਾਏ ॥
ਉਪਾਇ ਨ ਕਿਤੀ ਪਾਇਆ ਜਾਏ ॥
ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ ॥੨॥

ਦੂਜੈ ਭਾਇ ਪੜੈ ਨਹੀ ਬੂਝੈ ॥
ਤ੍ਰਿਬਿਧਿ ਮਾਇਆ ਕਾਰਣਿ ਲੂਝੈ ॥
ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ ॥੩॥

ਇਹੁ ਮਨੁ ਚੰਚਲੁ ਵਸਿ ਨ ਆਵੈ ॥
ਦੁਬਿਧਾ ਲਾਗੈ ਦਹ ਦਿਸਿ ਧਾਵੈ ॥
ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥੪॥

ਹਉ ਹਉ ਕਰੇ ਤੈ ਆਪੁ ਜਣਾਏ ॥
ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥
ਤੁਝ ਤੇ ਬਾਹਰਿ ਕਿਛੂ ਨ ਹੋਵੈ ਬਖਸੇ ਸਬਦਿ ਸੁਹਾਵਣਿਆ ॥੫॥

ਉਪਜੈ ਪਚੈ ਹਰਿ ਬੂਝੈ ਨਾਹੀ ॥
ਅਨਦਿਨੁ ਦੂਜੈ ਭਾਇ ਫਿਰਾਹੀ ॥
ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ ॥੬॥

ਪਿਰੁ ਪਰਦੇਸਿ ਸਿਗਾਰੁ ਬਣਾਏ ॥
ਮਨਮੁਖ ਅੰਧੁ ਐਸੇ ਕਰਮ ਕਮਾਏ ॥
ਹਲਤਿ ਨ ਸੋਭਾ ਪਲਤਿ ਨ ਢੋਈ ਬਿਰਥਾ ਜਨਮੁ ਗਵਾਵਣਿਆ ॥੭॥

ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ ॥
ਪੂਰੇ ਗੁਰ ਕੈ ਸਬਦਿ ਪਛਾਤਾ ॥
ਅਨਦਿਨੁ ਭਗਤਿ ਕਰੇ ਦਿਨੁ ਰਾਤੀ ਸਹਜੇ ਹੀ ਸੁਖੁ ਪਾਵਣਿਆ ॥੮॥

ਸਭ ਮਹਿ ਵਰਤੈ ਏਕੋ ਸੋਈ ॥
ਗੁਰਮੁਖਿ ਵਿਰਲਾ ਬੂਝੈ ਕੋਈ ॥
ਨਾਨਕ ਨਾਮਿ ਰਤੇ ਜਨ ਸੋਹਹਿ ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥

Sahib Singh
ਸੁਥਾਨਿ = ਸ੍ਰੇਸ਼ਟ ਥਾਂ ਵਿਚ ।
ਸੇਵਹਿ = ਸੇਵਾ ਕਰਦੇ ਹਨ, ਆਸਰਾ ਲੈਂਦੇ ਹਨ ।
ਘਰ ਮਾਹਿ = ਗਿ੍ਰਹਸਤ ਵਿਚ ਰਹਿੰਦੇ ਹੋਏ ਹੀ ।
ਰਸਿ = ਰਸ ਵਿਚ ।੧ ।
ਬੁਝਿ = ਸਮਝ ਕੇ ।
ਮੰਨਿ = ਮਨਿ, ਮਨ ਵਿਚ ।੧।ਰਹਾਉ ।
ਅਲਖ = ਅਦਿ੍ਰਸ਼ਟ ।
ਉਪਾਇ ਕਿਤੀ = (ਹੋਰ) ਕਿਸੇ ਭੀ ਉਪਾਉ ਨਾਲ ।
ਭੇਟੈ = ਮਿਲਦਾ ਹੈ ।੨ ।
ਤਿ੍ਰਬਿਧਿ = ਤਿੰਨ ਕਿਸਮਾਂ ਵਾਲੀ, ਤਿੰਨ ਗੁਣਾਂ ਵਾਲੀ ।
ਲੂਝੈ = ਖਿੱਝਦਾ ਹੈ, ਸੜਦਾ ਹੈ ।੩ ।
ਦੁਬਿਧਾ = ਦੁ = ਕਿਸਮਾ-ਪਨ, ਦੁਚਿੱਤਾ-ਪਨ ।
ਦਹ ਦਿਸਿ = ਦਸੀਂ ਪਾਸੀਂ ।
ਰਾਤਾ = ਮਸਤ ।
ਪਚਾਵਣਿਆ = ਖ਼ੁਆਰ ਹੁੰਦਾ ।੪ ।
ਤੈ = ਅਤੇ ।
ਆਪੁ = ਆਪਣਾ ਆਪ ।
ਥਾਇ ਨ ਪਾਏ = ਪਰਵਾਨ ਨਹੀਂ ਹੁੰਦਾ ।੫ ।
ਪਚੈ = ਖ਼ੁਆਰ ਹੁੰਦਾ ਹੈ ।
ਫਿਰਾਹੀ = ਫਿਰਦੇ ਹਨ, ਫਿਰਾਹਿ ।੬ ।
ਪਰਦੇਸਿ = ਪਰਦੇਸ ਵਿਚ ।
ਅੰਧੁ = ਅੰਨ੍ਹਾ ।
ਹਲਤਿ = ਇਸ ਲੋਕ ਵਿਚ ।
ਪਲਤਿ = ਪਰਲੋਕ ਵਿਚ ।੭ ।
ਜਾਤਾ = ਪਛਾਣਿਆ, ਸਾਂਝ ਪਾਈ ।
ਸਬਦਿ = ਸ਼ਬਦ ਦੀ ਰਾਹੀਂ ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ।੮ ।
ਸੋਈ = ਉਹ (ਪਰਮਾਤਮਾ) ਹੀ ।੯ ।
    
Sahib Singh
ਜੇਹੜੇ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦੇ ਹਨ, ਜੇਹੜੇ ਮਨੁੱਖ (ਸਾਧ ਸੰਗਤਿ-) ਸ੍ਰੇਸ਼ਟ ਥਾਂ ਵਿਚ ਨਿਵਾਸ ਰੱਖਦੇ ਹਨ, ਉਹਨਾਂ ਦਾ ਮਨੁੱਖਾ ਜਨਮ ਸ੍ਰੇਸ਼ਟ ਹੋ ਜਾਂਦਾ ਹੈ (ਸੁਧਰ ਜਾਂਦਾ ਹੈ) ।
ਉਹ ਗਿ੍ਰਹਸਤ ਵਿਚ ਰਹਿੰਦੇ ਹੋਏ ਹੀ (ਮਾਇਆ ਵਲੋਂ) ਨਿਰਲੇਪ ਰਹਿੰਦੇ ਹਨ ।
ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕੇ ਰਹਿੰਦੇ ਹਨ, ਉਹ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰਭੂ ਦੇ ਨਾਮ-ਰਸ ਵਿਚ ਉਹਨਾਂ ਦਾ ਮਨ ਰੱਜਿਆ ਰਹਿੰਦਾ ਹੈ ।੧ ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ (ਧਾਰਮਿਕ ਪੁਸਤਕਾਂ) ਪੜ੍ਹ ਕੇ ਸਮਝ ਕੇ (ਪਰਮਾਤਮਾ ਦਾ ਨਾਮ ਆਪਣੇ) ਮਨ ਵਿਚ ਵਸਾਂਦੇ ਹਨ ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਦੀ ਬਾਣੀ) ਪੜ੍ਹਦੇ ਹਨ, ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ ।੧।ਰਹਾਉ ।
ਪਰਮਾਤਮਾ ਅਦਿ੍ਰਸ਼ਟ ਹੈ, ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਹ (ਸਭ ਜੀਵਾਂ ਵਿਚ ਹਰ ਥਾਂ) ਵਿਆਪਕ ਹੈ, (ਗੁਰੂ ਦੀ ਸਰਨ ਤੋਂ ਬਿਨਾ ਹੋਰ) ਕਿਸੇ ਭੀ ਤਰੀਕੇ ਨਾਲ ਉਸ ਦਾ ਮਿਲਾਪ ਨਹੀਂ ਹੋ ਸਕਦਾ ।ਜਦੋਂ ਪਰਮਾਤਮਾ (ਕਿਸੇ ਜੀਵ ਉੱਤੇ) ਮਿਹਰ ਕਰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਦਾ ਹੈ, (ਇਸ ਤ੍ਰਹਾਂ ਪਰਮਾਤਮਾ ਆਪਣੀ) ਮਿਹਰ ਦੀ ਨਜ਼ਰ ਨਾਲ ਉਸ ਨੂੰ ਅਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ।੨ ।
ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਫਸਿਆ ਹੋਇਆ ਹੈ, ਉਹ (ਜੇ ਧਾਰਮਿਕ ਪੁਸਤਕਾਂ) ਪੜ੍ਹਦਾ (ਭੀ) ਹੈ ਤਾਂ ਉਹਨੂੰ ਨੂੰ ਸਮਝਦਾ ਨਹੀਂ ਹੈ, ਉਹ (ਧਾਰਮਿਕ ਪੁਸਤਕਾਂ ਪੜ੍ਹਦਾ ਹੋਇਆ ਭੀ) ਤਿ੍ਰਗੁਣੀ ਮਾਇਆ ਦੀ ਖ਼ਾਤਰ (ਅੰਦਰੇ ਅੰਦਰ) ਕੁੜ੍ਹਦਾ ਰਹਿੰਦਾ ਹੈ ।
ਤਿ੍ਰਗੁਣੀ ਮਾਇਆ (ਦੇ ਮੋਹ) ਦੇ ਬੰਧਨ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਟੁੱਟਦੇ ਹਨ ।
ਗੁਰੂ ਦੇ ਸ਼ਬਦ ਵਿਚ ਜੋੜ ਕੇ ਹੀ (ਪਰਮਾਤਮਾ ਜੀਵ ਨੂੰ) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾਂਦਾ ਹੈ ।੩ ।
(ਮਾਇਆ-ਵ੍ਹੇੜੇ ਮਨੁੱਖ ਦਾ) ਇਹ ਮਨ ਚੰਚਲ (ਸੁਭਾਵ ਵਾਲਾ ਰਹਿੰਦਾ) ਹੈ, (ਉਸ ਦੇ ਆਪਣੇ ਉੱਦਮ ਨਾਲ) ਕਾਬੂ ਵਿਚ ਨਹੀਂ ਆਉਂਦਾ, (ਉਸ ਦਾ ਮਨ ਮਾਇਆ ਦੇ ਕਾਰਨ) ਡਾਵਾਂ ਡੋਲ ਹਾਲਤ ਵਿਚ ਟਿਕਿਆ ਰਹਿੰਦਾ ਹੈ, ਤੇ (ਮਾਇਆ ਦੀ ਖ਼ਾਤਰ) ਦਸੀਂ ਪਾਸੀਂ ਦੌੜਦਾ ਰਹਿੰਦਾ ਹੈ ।
(ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਹੀ ਉਹ ਕੀੜਾ (ਬਣਿਆ ਰਹਿੰਦਾ) ਹੈ, (ਜਿਵੇਂ ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਪ੍ਰਸੰਨ ਰਹਿੰਦਾ ਹੈ), ਉਹ ਇਸ ਜ਼ਹਿਰ ਵਿਚ ਹੀ ਖ਼ੁਸ਼ ਰਹਿੰਦਾ ਹੈ, ਤੇ ਇਸ ਜ਼ਹਿਰ ਵਿਚ ਹੀ (ਉਸ ਦਾ ਆਤਮਕ ਜੀਵਨ) ਖ਼ੁਆਰ ਹੁੰਦਾ ਰਹਿੰਦਾ ਹੈ ।੪ ।
(ਮਾਇਆ-ਵੇੜਿ੍ਹਆ ਮਨੁੱਖ ਸਦਾ) ਹਉਮੈ ਦੇ ਬੋਲ ਬੋਲਦਾ ਹੈ, ਆਪਣੇ ਆਪ ਨੂੰ ਵੱਡਾ ਜ਼ਾਹਰ ਕਰਦਾ ਹੈ, (ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ (ਭੀ) ਵਧੇਰੇ ਕਰਦਾ ਹੈ, ਪਰ ਉਸਦਾ ਕੋਈ ਕੰਮ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨਹੀਂ ਹੁੰਦਾ ।
(ਪਰ, ਹੇ ਪ੍ਰਭੂ!) ਤੇਰੀ ਮਿਹਰ ਤੋਂ ਬਿਨਾ (ਜੀਵ ਪਾਸੋਂ) ਕੁਝ ਨਹੀਂ ਹੋ ਸਕਦਾ (ਹੇ ਭਾਈ!) ਜਿਸ ਮਨੁੱਖ ਉੱਤੇ ਪ੍ਰਭੂ ਦਇਆ ਕਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ।੫ ।
ਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਉਹ ਕਦੇ ਜੰਮਦਾ ਹੈ ਕਦੇ ਸੜਦਾ ਹੈ (ਭਾਵ ਉਹ ਕਦੇ ਤਾਂ ਸੁਖ ਦਾ ਸਾਹ ਲੈਂਦਾ ਹੈ ਕਦੇ ਹਾਹੁਕੇ ਲੈਂਦਾ ਹੈ) ।
ਜੇਹੜੇ ਮਨੁੱਖ (ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹ ਹਰ ਵੇਲੇ (ਮਾਇਆ ਦੀ ਖ਼ਾਤਰ ਹੀ) ਭਟਕਦੇ ਫਿਰਦੇ ਰਹਿੰਦੇ ਹਨ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ, ਉਹ ਆਖ਼ਰ (ਦੁਨੀਆ ਤੋਂ) ਪਛੁਤਾਂਦਾ ਹੀ ਜਾਂਦਾ ਹੈ ।੬ ।
(ਇਸਤ੍ਰੀ ਦਾ) ਪਤੀ ਪਰਦੇਸ ਵਿਚ ਹੋਵੇ ਤੇ ਉਹ (ਆਪਣੇ ਸਰੀਰ ਦਾ) ਸ਼ਿੰਗਾਰ ਕਰਦੀ ਰਹੇ (ਅਜੇਹੀ ਇਸਤ੍ਰੀ ਨੂੰ ਸੁਖ ਨਹੀਂ ਮਿਲ ਸਕਦਾ), ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਭੀ) ਇਹੋ ਜਿਹੇ ਕਰਮ ਹੀ ਕਰਦਾ ਹੈ ।
ਉਸ ਨੂੰ ਇਸ ਲੋਕ ਵਿਚ (ਭੀ) ਸੋਭਾ ਨਹੀਂ ਮਿਲਦੀ, ਤੇ ਪਰਲੋਕ ਵਿਚ ਭੀ ਸਹਾਰਾ ਨਹੀਂ ਮਿਲਦਾ ।
ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ।੭ ।
ਕਿਸੇ ਵਿਰਲੇ ਮਨੁੱਖ ਨੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਈ ਹੈ ।
ਕੋਈ ਵਿਰਲਾ ਮਨੁੱਖ ਪੂਰੇ ਗਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਸਾਂਝ ਪਾਂਦਾ ਹੈ ।
(ਜੇਹੜਾ ਸਾਂਝ ਪਾਂਦਾ ਹੈ) ਉਹ ਹਰ ਰੋਜ਼ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ ।੮ ।
ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ ।
ਹੇ ਨਾਨਕ! ਜੇਹੜੇ ਮਨੁੱਖ (ਉਸ ਸਰਬ-ਵਿਆਪਕ ਪਰਮਾਤਮਾ ਦੇ) ਨਾਮ ਵਿਚ ਮਸਤ ਰਹਿੰਦੇ ਹਨ, ਉਹਆਪਣਾ ਜੀਵਨ ਸੁੰਦਰ ਬਣਾ ਲੈਂਦੇ ਹਨ ।
ਪ੍ਰਭੂ ਮਿਹਰ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ।੯।੨੯।੩੦ ।
Follow us on Twitter Facebook Tumblr Reddit Instagram Youtube