ਮਾਝ ਮਹਲਾ ੩ ॥
ਗੁਰਮੁਖਿ ਮਿਲੈ ਮਿਲਾਏ ਆਪੇ ॥
ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥
ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥
ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥

ਗੁਰਮੁਖਿ ਜੀਵੈ ਮਰੈ ਪਰਵਾਣੁ ॥
ਆਰਜਾ ਨ ਛੀਜੈ ਸਬਦੁ ਪਛਾਣੁ ॥
ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥੨॥

ਗੁਰਮੁਖਿ ਹਰਿ ਦਰਿ ਸੋਭਾ ਪਾਏ ॥
ਗੁਰਮੁਖਿ ਵਿਚਹੁ ਆਪੁ ਗਵਾਏ ॥
ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥੩॥

ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥
ਗੁਰਮੁਖਿ ਹਉਮੈ ਚੂਕੈ ਪੀਰ ॥
ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥੪॥

ਗੁਰਮੁਖਿ ਨਾਮੁ ਮਿਲੈ ਵਡਿਆਈ ॥
ਗੁਰਮੁਖਿ ਗੁਣ ਗਾਵੈ ਸੋਭਾ ਪਾਈ ॥
ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥੫॥

ਗੁਰਮੁਖਿ ਅਨਦਿਨੁ ਸਬਦੇ ਰਾਤਾ ॥
ਗੁਰਮੁਖਿ ਜੁਗ ਚਾਰੇ ਹੈ ਜਾਤਾ ॥
ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥੬॥

ਬਾਝੁ ਗੁਰੂ ਹੈ ਅੰਧ ਅੰਧਾਰਾ ॥
ਜਮਕਾਲਿ ਗਰਠੇ ਕਰਹਿ ਪੁਕਾਰਾ ॥
ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥੭॥

ਗੁਰਮੁਖਿ ਆਪੇ ਕਰੇ ਕਰਾਏ ॥
ਗੁਰਮੁਖਿ ਹਿਰਦੈ ਵੁਠਾ ਆਪਿ ਆਏ ॥
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥

Sahib Singh
ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਵਲ ਮੂੰਹ ਕੀਤਿਆਂ, ਗੁਰੂ ਦੀ ਸਰਨ ਪਿਆ ।
ਕਾਲੁ = ਆਤਮਕ ਮੌਤ ।
ਜੋਹੈ = ਤੱਕਦੀ ।
ਸਬਦਿ = ਸ਼ਬਦ ਵਿਚ ਜੁੜ ਕੇ ।
ਸੁਹਾਵਣਿਆ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ।੧।ਨਾਮਿ—ਨਾਮ ਦੀ ਰਾਹੀਂ ।
ਨਾਚੈ = ਹੁਲਾਰੇ ਵਿਚ ਆਉਂਦਾ ਹੈ ।੧।ਰਹਾਉ ।
ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ।
    ਮਰੈ (ਹਉਮੈ ਵਲੋਂ) ਮਰਦਾ ਹੈ, ਹਉਮੈ ਮਾਰ ਲੈਂਦਾ ਹੈ ।
ਆਰਜਾ = ਉਮਰ ।
ਨ ਛੀਜੈ = ਵਿਅਰਥ ਨਹੀਂ ਜਾਂਦੀ ।
ਪਛਾਣੁ = ਪਛਾਣੂ, ਸਾਥੀ ।
ਮਰੈ ਨ = ਆਤਮਕ ਮੌਤ ਨਹੀਂ ਸਹੇੜਦਾ ।
ਕਾਲੁ = ਆਤਮਕ ਮੌਤ ।੨ ।
ਦਰਿ = ਦਰ ਤੇ ।
ਆਪੁ = ਆਪਾ = ਭਾਵ ।੩ ।
ਸਰੀਰਿ = ਸਰੀਰ ਵਿਚ ।
ਪੀਰ = ਪੀੜ ।
ਸਹਜਿ = ਆਤਮਕ ਅਡੋਲਤਾ ਵਿਚ ।੪ ।
ਅਨੰਦਿ = ਆਨੰਦ ਵਿਚ ।
ਸਬਦੁ = ਸਿਫ਼ਤਿ = ਸਾਲਾਹ ਦੀ ਕਾਰ ।੫ ।
ਅਨਦਿਨੁ = ਹਰ ਰੋਜ਼ ।
ਜਗੁ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ ।੬ ।
ਅੰਧ ਅੰਧਾਰਾ = ਮਾਇਆ ਦੇ ਮੋਹ ਦਾ ਘੁੱਪ ਹਨੇਰਾ ।
ਜਮਕਾਲਿ = ਜਮਕਾਲ ਨੇ, ਆਤਮਕ ਮੌਤ ਨੇ ।
ਗਰਠੇ = ਗ੍ਰਸੇ ਹੋਏ, ਜਕੜੇ ਹੋਏ ।੭ ।
ਵੁਠਾ = ਵੁੱਠਾ, ਆ ਵੱਸਿਆ ।
ਨਾਮਿ = ਨਾਮ ਵਿਚ ।੮ ।
    
Sahib Singh
ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ ਆਪ ਹੀ ਉਸ ਨੂੰ ਗੁਰੂ ਮਿਲਾਂਦਾ ਹੈ, (ਅਜੇਹੇ ਮਨੁੱਖ ਨੂੰ) ਆਤਮਕ ਮੌਤ ਆਪਣੀ ਤੱਕ ਵਿਚ ਨਹੀਂ ਰੱਖਦੀ, ਉਸ ਨੂੰ ਕੋਈ ਦੁੱਖ ਕਲੇਸ਼ ਸਤਾ ਨਹੀਂ ਸਕਦਾ ।
ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਤੋੜ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ।੧ ।
ਮੈਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਆਪਣਾ ਜੀਵਨ ਸੁੰਦਰ ਬਣਾ ਲੈਂਦਾ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ (ਨਾਮ ਸਿਮਰਨ ਦੇ) ਹੁਲਾਰੇ ਵਿਚ ਆਇਆ ਰਹਿੰਦਾ ਹੈ, ਗੁਰੂ ਦਾ ਆਸਰਾ ਰੱਖਣ ਵਾਲਾ ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਮਨ ਜੋੜੀ ਰੱਖਦਾ ਹੈ ।੧।ਰਹਾਉ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੇ ਹਉਮੈ ਵਲੋਂ ਮਰਿਆ ਰਹਿੰਦਾ ਹੈ (ਇਸ ਤ੍ਰਹਾਂ ਉਹ ਪ੍ਰਭੂ ਦੀਆਂ ਨਜਰਾਂ ਵਿਚ) ਕਬੂਲ ਹੋ ਜਾਂਦਾ ਹੈ ।
ਉਸ ਦੀ ਉਮਰ ਵਿਅਰਥ ਨਹੀਂ ਜਾਂਦੀ, ਗੁਰੂ ਦਾ ਸ਼ਬਦ ਉਸ ਦਾ ਜੀਵਨ—ਸਾਥੀ ਬਣਿਆ ਰਹਿੰਦਾ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ ।
ਆਤਮਕ ਮੌਤ ਉਸ ਉੱਤੇ ਜ਼ੋਰ ਨਹੀਂ ਪਾ ਸਕਦੀ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦਾ ਹੈ ।੨ ।
ਗੁਰੂ ਦੇ ਆਸਰੇ ਪਰਨੇ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰੀ ਰੱਖਦਾ ਹੈ, ਉਹ ਆਪ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ (ਭੀ) ਪਾਰ ਲੰਘਾ ਲੈਂਦਾ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣਾ ਜੀਵਨ ਸਵਾਰ ਲੈਂਦਾ ਹੈ ।੩ ।
ਜੇਹੜਾ ਮਨੁੱਖ ਗੁਰੂ ਦੀ ਸਰਨ ਲੈਂਦਾ ਹੈ, ਉਸ ਦੇ ਸਰੀਰ ਵਿਚ ਕਦੇ ਹਉਮੈ ਦਾ ਰੋਗ ਨਹੀਂ ਲੱਗਦਾ, ਉਸ ਦੇ ਅੰਦਰੋਂ ਹਉਮੈ ਦੀ ਪੀੜ ਖ਼ਤਮ ਹੋ ਜਾਂਦੀ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਹਉਮੈ ਦੀ ਮੈਲਤੋਂ ਸਾਫ਼ ਰਹਿੰਦਾ ਹੈ, (ਗੁਰੂ ਦਾ ਆਸਰਾ ਲੈਣ ਕਰਕੇ ਉਸ ਨੂੰ) ਫਿਰ (ਹਉਮੈ ਦੀ) ਮੈਲ ਨਹੀਂ ਚੰਬੜਦੀ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ।੪ ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ (ਹਰ ਥਾਂ) ਸੋਭਾ ਖੱਟਦਾ ਹੈ ।
ਗੁਰੂ ਦੇ ਦਰ ਤੇ ਟਿਕੇ ਰਹਿਣ ਨਾਲ ਮਨੁੱਖ ਸਦਾ ਦਿਨ ਰਾਤ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਕਾਰ ਕਰਦਾ ਹੈ ।੫ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ ।
ਸਦਾ ਤੋਂ ਹੀ ਇਹ ਨਿਯਮ ਹੈ ਕਿ ਗੁਰੂ ਦੇ ਦਰ ਤੇ ਰਹਿਣ ਵਾਲਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਬਣਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ ।੬ ।
ਗੁਰੂ ਦੀ ਸਰਨ ਤੋਂ ਬਿਨਾ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਛਾਇਆ ਰਹਿੰਦਾ ਹੈ ।
(ਇਸ ਹਨੇਰੇ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਨੇ ਗ੍ਰਸ ਲਿਆ ਹੁੰਦਾ ਹੈ ਉਹ (ਦੁਖੀ ਹੋ ਹੋ ਕੇ) ਪੁਕਾਰਾਂ ਕਰਦੇ ਰਹਿੰਦੇ ਹਨ (ਦੁੱਖਾਂ ਦੇ ਗਿਲੇ ਕਰਦੇ ਰਹਿੰਦੇ ਹਨ) ।
ਉਹ ਹਰ ਵੇਲੇ ਵਿਕਾਰਾਂ ਦੇ ਰੋਗ ਵਿਚ ਫਸੇ ਰਹਿੰਦੇ ਹਨ ਤੇ ਦੁੱਖ ਸਹਿੰਦੇ ਰਹਿੰਦੇ ਹਨ ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਕੁਰਬਲ ਕੁਰਬਲ ਕਰਦੇ ਰਹਿੰਦੇ ਹਨ ।੭ ।
ਜੇਹੜਾ ਮਨੁੱਖ ਗੁਰੂ ਦੀ ਸਰਨ ਵਿਚ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵਸਦਾ ਹੈ, ਉਸ ਨੂੰ ਫਿਰ ਇਹ ਨਿਸਚਾ ਹੋ ਜਾਂਦਾ ਹੈ ਕਿ (ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ ।
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ, ਤੇ (ਪ੍ਰਭੂ ਦਾ ਨਾਮ) ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ।੮।੨੫।੨੬ ।
Follow us on Twitter Facebook Tumblr Reddit Instagram Youtube