ਮਾਝ ਮਹਲਾ ੩ ॥
ਆਤਮ ਰਾਮ ਪਰਗਾਸੁ ਗੁਰ ਤੇ ਹੋਵੈ ॥
ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ ॥
ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥
ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥

ਆਪੇ ਕਰਤਾ ਕਾਰਣੁ ਕਰਾਏ ॥
ਜਿਤੁ ਭਾਵੈ ਤਿਤੁ ਕਾਰੈ ਲਾਏ ॥
ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥

ਮਰਿ ਮਰਿ ਜੀਵੈ ਤਾ ਕਿਛੁ ਪਾਏ ॥
ਗੁਰ ਪਰਸਾਦੀ ਹਰਿ ਮੰਨਿ ਵਸਾਏ ॥
ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥

ਬਹੁ ਕਰਮ ਕਮਾਵੈ ਮੁਕਤਿ ਨ ਪਾਏ ॥
ਦੇਸੰਤਰੁ ਭਵੈ ਦੂਜੈ ਭਾਇ ਖੁਆਏ ॥
ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥

ਧਾਵਤੁ ਰਾਖੈ ਠਾਕਿ ਰਹਾਏ ॥
ਗੁਰ ਪਰਸਾਦੀ ਪਰਮ ਪਦੁ ਪਾਏ ॥
ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥

ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥
ਦੂਜੈ ਭਾਇ ਬਿਰਥਾ ਜਨਮੁ ਗਵਾਏ ॥
ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥

ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥
ਭਾਇ ਭਗਤਿ ਜਾ ਹਉਮੈ ਸੋਖੈ ॥
ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥

ਆਪਿ ਕਰਾਏ ਕਰਤਾ ਸੋਈ ॥
ਹੋਰੁ ਕਿ ਕਰੇ ਕੀਤੈ ਕਿਆ ਹੋਈ ॥
ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥

Sahib Singh
ਆਤਮ ਰਾਮ = ਸਭ ਆਤਮਾਵਾਂ ਵਿਚ ਵਿਆਪਕ ਪ੍ਰਭੂ ।
ਪਰਗਾਸੁ = ਚਾਨਣ, ਆਤਮਕ ਚਾਨਣ ।
ਆਤਮ ਰਾਮ ਪਰਗਾਸੁ = ਇਸ ਸੱਚਾਈ ਦੀ ਸੂਝ ਕਿ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ ।
ਤੇ = ਤੋਂ, ਪਾਸੋਂ ।
ਖੋਵੈ = ਦੂਰ ਕਰਦਾ ਹੈ ।
ਕਰੇ = ਕਰਿ, ਕਰ ਕੇ ।੧ ।
ਕਰਨਿ = ਕਰਦੇ ਹਨ ।
ਕਉ = ਨੂੰ ।
ਸਦ = ਸਦਾ ।
ਕੀਜੈ = ਕਰਨੀ ਚਾਹੀਦੀ ਹੈ ।
ਅਨਦਿਨੁ = ਹਰ ਰੋਜ਼ ।੧।ਰਹਾਉ ।
ਕਾਰਣੁ = (ਭਗਤੀ ਕਰਨ ਦਾ) ਸਬੱਬ ।
ਜਿਤੁ ਕਾਰੈ = ਜਿਸ ਕਾਰ ਵਿਚ ।
ਤਿਤੁ = ਉਸ ਵਿਚ ।੨ ।
ਮਰਿ = (ਹਉਮੈ ਵਲੋਂ) ਮਾਰ ਕੇ ।
ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ ।
ਕਿਛੁ = (ਭਗਤੀ ਦਾ) ਕੁਝ (ਅਨੰਦ) ।
ਮੰਨਿ = ਮਨਿ, ਮਨ ਵਿਚ ।
ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ ।੩ ।
ਮੁਕਤਿ = (ਹਉਮੈ ਤੋਂ) ਖ਼ਲਾਸੀ ।
ਦੇਸੰਤਰੁ = ਹੋਰ ਹੋਰ ਦੇਸ {ਅੰਤਰੁ-ਹੋਰ} ।
ਖੁਆਏ = ਕੁਰਾਹੇ ਪਿਆ ਰਹਿੰਦਾ ਹੈ ।
ਕਪਟੀ = ਛਲ ਕਰਨ ਵਾਲੇ ਨੇ ।੪ ।
ਧਾਵਤੁ = (ਵਿਕਾਰਾਂ ਵਲ) ਦੌੜਦਾ ਮਨ ।
ਠਾਕਿ = (ਵਿਕਾਰਾਂ ਵਲੋਂ) ਰੋਕ ਕੇ ।
ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ ।
ਮੇਲਿ = ਪ੍ਰਭੂ ਦੇ ਮਿਲਾਪ ਵਿਚ, ਪ੍ਰਭੂ ਚਰਨਾਂ ਵਿਚ ।
ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ।੫ ।
ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ} ।
ਕੂੜਿ = ਕੂੜ ਵਿਚ, ਨਾਸਵੰਤ ਦੇ ਮੋਹ ਵਿਚ ।
ਬੋਲਿ = ਬੋਲ ਕੇ ।
ਬਿਖੁ = ਜ਼ਹਰ ।੬ ।
ਕੋ = ਕੋਈ ਵਿਰਲਾ ।
ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ।
ਭਾਇ = ਪ੍ਰੇਮ ਦੀ ਰਾਹੀਂ ।
ਜਾ = ਜਦੋਂ ।
ਸੋਖੈ = ਸੁਕਾਂਦਾ ਹੈ ।
ਸਿਧ = ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ ।
ਸਾਧਿਕ = ਜੋਗ = ਸਾਧਨ ਕਰਨ ਵਾਲੇ ।
ਮੋਨਿਧਾਰੀ = ਸਦਾ ਚੁਪ ਰਹਿਣ ਵਾਲੇ ਸਾਧੂ ।੭ ।
ਕੀਤੇ = ਪੈਦਾ ਕੀਤੇ ਹੋਏ ਜੀਵ ਪਾਸੋਂ ।
ਕਿਆ = ਕੀਹ ?
ਨਾਮੋ = ਨਾਮੁ ਹੀ, ਨਾਮ ਹੀ ।੮ ।
    
Sahib Singh
ਗੁਰੂ ਪਾਸੋਂ ਹੀ ਮਨੁੱਖ ਨੂੰ ਇਹ ਚਾਨਣ ਹੋ ਸਕਦਾ ਹੈ ਕਿ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਕ ਹੈ ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਮਨ ਨੂੰ) ਲੱਗੀ ਹੋਈ ਹਉਮੈ ਦੀ ਮੈਲ ਧੋ ਸਕਦਾ ਹੈ ।
ਜਿਸ ਮਨੁੱਖ ਦਾ ਮਨ ਮਲ-ਰਹਿਤ ਹੋ ਜਾਂਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਭਗਤੀ ਕਰ ਕਰ ਕੇ ਉਹ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਕਰ ਲੈਂਦਾ ਹੈ ।੧।ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ ।
ਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ ।੧।ਰਹਾਉ ।
ਕਰਤਾਰ ਆਪ ਹੀ (ਜੀਵਾਂ ਪਾਸੋਂ ਭਗਤੀ ਕਰਾਣ ਦਾ) ਸਬੱਬ ਪੈਦਾ ਕਰਦਾ ਹੈ (ਕਿਉਂਕਿ) ਉਹ ਜੀਵਾਂ ਨੂੰ ਉਸ ਕੰਮ ਵਿਚ ਲਾਂਦਾ ਹੈ ਜਿਸ ਵਿਚ ਲਾਣਾ ਉਸ ਨੂੰ ਚੰਗਾ ਲੱਗਦਾ ਹੈ ।
ਵੱਡੀ ਕਿਸਮਤਿ ਨਾਲ ਹੀ ਜੀਵ ਪਾਸੋਂ ਗੁਰੂ ਦਾ ਆਸਰਾ ਲਿਆ ਜਾ ਸਕਦਾ ਹੈ ।
ਗੁਰੂ ਦਾ ਆਸਰਾ ਲੈ ਕੇ (ਵਡ-ਭਾਗੀ) ਮਨੁੱਖ ਆਤਮਕ ਆਨੰਦ ਮਾਣਦਾ ਹੈ ।੨ ।
ਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤੇ ਆਤਮਕ ਜੀਵਨ ਹਾਸਲ ਕਰਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣਦਾ ਹੈ, (ਤਦੋਂ) ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ ।
ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਹ ਸਦਾ (ਹਉਮੈ ਆਦਿਕ ਵਿਕਾਰਾਂ ਤੋਂ) ਆਜ਼ਾਦ ਰਹਿਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿਂਦਾ ਹੈ ।੩ ।
(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ ।
ਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ ।
(ਅਸਲ ਵਿਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ ।੪ ।
ਜੇਹੜਾ ਮਨੁੱਖ (ਵਿਕਾਰਾਂ ਵਲ) ਦੌੜਦੇ ਮਨ ਦੀ ਰਾਖੀ ਕਰਦਾ ਹੈ (ਇਸ ਨੂੰ ਵਿਕਾਰਾਂ ਵਲੋਂ) ਰੋਕ ਕੇ ਰੱਖਦਾ ਹੈ, ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ।
ਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ।੫ ।
ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ (ਤੇ ਇਸ ਤ੍ਰਹਾਂ ਸਦਾ) ਮਾਇਆ ਦੇ ਮੋਹ ਵਿਚ ਹੀ ਰਹਿ ਕੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ ।
ਉਹ ਆਪ ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।੬ ।
(ਆਮ ਤੌਰ ਤੇ ਹਰੇਕ ਮਨੁੱਖ ਮਾਇਕ ਪਦਾਰਥਾਂ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ) ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਇਸ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ, (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਟਿਕ ਕੇ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ ।
ਪੁੱਗੇ ਹੋਈ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਮੋਨ-ਧਾਰੀ ਸਾਧੂ ਸੁਰਤਿ ਜੋੜਨ ਦੇ ਜਤਨ ਕਰਦੇ ਹਨ, ਪਰ ਉਹ ਭੀ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ ।੭।(ਪਰ ਜੀਵਾਂ ਦੇ ਕੀਹ ਵੱਸ ?
ਮਨ ਨੂੰ ਕਾਬੂ ਕਰਨ ਦਾ ਤੇ ਭਗਤੀ ਵਿਚ ਜੁੜਨ ਦਾ ਉੱਦਮ) ਉਹ ਕਰਤਾਰ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ।
(ਆਪਣੇ ਆਪ) ਕੋਈ ਜੀਵ ਕੀਹ ਕਰ ਸਕਦਾ ਹੈ ?
ਕਰਤਾਰ ਦੇ ਪੈਦਾ ਕੀਤੇ ਹੋਏ ਇਹ ਜੀਵ ਪਾਸੋਂ ਆਪਣੇ ਉੱਦਮ ਨਾਲ ਕੁੱਝ ਨਹੀਂ ਹੋ ਸਕਦਾ ਹੈ ।
ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤਿ ਦੇਂਦਾ ਹੈ, ਉਹੀ ਨਾਮ ਸਿਮਰ ਸਕਦਾ ਹੈ , ਉਸ ਸਦਾ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿਚ ਵਸਾਈ ਰੱਖਦਾ ਹੈ ।੮।੨੩।੨੪ ।
Follow us on Twitter Facebook Tumblr Reddit Instagram Youtube