ਮਾਝ ਮਹਲਾ ੩ ॥
ਤੇਰੇ ਭਗਤ ਸੋਹਹਿ ਸਾਚੈ ਦਰਬਾਰੇ ॥
ਗੁਰ ਕੈ ਸਬਦਿ ਨਾਮਿ ਸਵਾਰੇ ॥
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥
ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥੧॥ ਰਹਾਉ ॥

ਹਰਿ ਜੀਉ ਸਾਚਾ ਸਾਚੀ ਨਾਈ ॥
ਗੁਰ ਪਰਸਾਦੀ ਕਿਸੈ ਮਿਲਾਈ ॥
ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥੨॥

ਤੁਝ ਤੇ ਬਾਹਰਿ ਕਛੂ ਨ ਹੋਇ ॥
ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥੩॥

ਕਾਮਣਿ ਗੁਣਵੰਤੀ ਹਰਿ ਪਾਏ ॥
ਭੈ ਭਾਇ ਸੀਗਾਰੁ ਬਣਾਏ ॥
ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥੪॥

ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥
ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ ॥
ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥੫॥

ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥
ਦੂਜੈ ਭਾਇ ਸੁਖੁ ਪਾਏ ਨ ਕੋਈ ॥
ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥੬॥

ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥
ਸੇ ਜਨ ਸਚੇ ਪਾਵਹਿ ਮੋਖ ਦੁਆਰੁ ॥
ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥੭॥

ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ ॥
ਗੁਰ ਪਰਸਾਦੀ ਮਿਲੈ ਸੋਈ ਜਨੁ ਲੇਖੈ ॥
ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥

Sahib Singh
ਸੋਹਹਿ = ਸੋਭਦੇ ਹਨ ।
ਸਾਚੈ ਦਰਬਾਰੇ = ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ।
ਅਨੰਦਿ = ਆਨੰਦ ਵਿਚ ।
ਕਹਿ = ਆਖ ਕੇ, ਉਚਾਰ ਕੇ ।
ਗੁਣੀ = ਗੁਣਾਂ ਦੇ ਮਾਲਕ-ਪ੍ਰਭੂ ਵਿਚ ।੧ ।
ਸੁਣਿ = ਸੁਣ ਕੇ ।
ਮੰਨਿ = ਮਨਿ, ਮਨ ਵਿਚ ।
ਸਚਾ = ਸਦਾ = ਥਿਰ ਰਹਿਣ ਵਾਲਾ ।
ਮਾਰਿ = ਮਾਰ ਕੇ ।੧।ਰਹਾਉ ।
ਸਾਚੀ = ਸਦਾ ਕਾਇਮ ਰਹਿਣ ਵਾਲੀ ।
ਨਾਈ = {Ôਨਾ—ਅਰਬੀ Lਫ਼ਜ਼} ਵਡਿਆਈ ।
ਕਿਸੈ = ਕਿਸੇ ਵਿਰਲੇ ਨੂੰ ।
ਸਬਦਿ = ਸ਼ਬਦ ਦੀ ਰਾਹੀਂ ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ।੨ ।
ਤੇ = ਤੋਂ ।
ਵੇਖਹਿ = ਵੇਖਦਾ ਹੈਂ, ਸੰਭਾਲ ਕਰਦਾ ਹੈਂ ।੩ ।
ਕਾਮਣਿ = ਇਸਤ੍ਰੀ {ਕਾਮਿਨੀ} ।
ਭੈ = ਡਰ = ਅਦਬ ਵਿਚ ।
ਭਾਇ = ਪ੍ਰੇਮ ਵਿਚ ।
ਸੇਵਿ = ਸੇਵ ਕੇ, ਆਸਰਾ ਬਣ ਕੇ ।
ਸਚੁ ਉਪਦੇਸਿ = ਸਦਾ = ਥਿਰ ਪ੍ਰਭੂ ਨਾਲ ਮਿਲਾਣ ਵਾਲੇ ਉਪਦੇਸ ਵਿਚ ।੪ ।
ਭ੍ਰਮਿ = ਭਟਕਣਾ ਵਿਚ ਪੈ ਕੇ ।
ਭੂਲੇ = ਕੁਰਾਹੇ ਪੈ ਗਏ ।
ਘਰਿ = ਘਰ ਵਿਚ ।
ਕਾਉ = ਕਾਂ ।
ਹਾਲਤੁ = {ਵ=} ਇਹ ਲੋਕ ।
    ਪਲਤੁ {ਪਰਨå} ਪਰਲੋਕ ।
ਦੁਖੇ = ਦੁਖਿ ਹੀ, ਦੁੱਖ ਵਿਚ ਹੀ ।੫ ।
ਮਸੁ = ਸਿਆਹੀ ।
ਖੋਈ = ਮੁਕਾ ਲਈ ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ ।
ਤੈ = ਅਤੇ ।
ਜਲਿ ਜਾਵਹਿ = ਸੜ ਜਾਂਦੇ ਹਨ, ਖਿੱਝਦੇ ਹਨ ।
ਕੂੜਿ = ਕੂੜ ਵਿਚ, ਨਾਸਵੰਤ ਦੇ ਮੋਹ ਵਿਚ ।੬ ।
ਸਚੇ = ਸਦਾ = ਥਿਰ ਪ੍ਰਭੂ ਦਾ ਰੂਪ ।
ਮੋਖ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ।
ਸਚੁ = ਸਫਲ ।
ਮਸਵਾਣੀ = ਦਵਾਤ ।
ਲਿਖਿ = ਲਿਖ ਕੇ ।੭ ।
ਅੰਤਰਿ = (ਜੀਵਾਂ ਦੇ) ਅੰਦਰ ।
ਲੇਖੈ = ਲੇਖੇ ਵਿਚ, ਪਰਵਾਨ ।
ਤੇ = ਪਾਸੋਂ ।੮ ।
    
Sahib Singh
(ਹੇ ਪ੍ਰਭੂ!) ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ ਸੋਭਾ ਪਾਂਦੇ ਹਨ ।
(ਹੇ ਭਾਈ!) ਭਗਤ ਜਨ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ।
ਉਹ ਸਦਾ ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, ਉਹ ਦਿਨ ਰਾਤ ਪ੍ਰਭੂ ਦੇ ਗੁਣ ਉਚਾਰ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਸਮਾਏ ਰਹਿੰਦੇ ਹਨ ।੧ ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਸਦਕੇ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦੇ ਹਨ ।
ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ (ਜੀਵਾਂ ਵਾਲੀ ‘ਮੈਂ ਮੇਰੀ’ ਤੋਂ) ਬਹੁਤ ਉੱਚਾ ਹੈ, (ਵਡ ਭਾਗੀ ਜੀਵ) ਹਉਮੈ ਮਾਰ ਕੇ (ਹੀ) ਉਸ ਵਿਚ ਲੀਨ ਹੁੰਦੇ ਹਨ ।੧।ਰਹਾਉ ।
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ।
ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ।
ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ ਵਡ-ਭਾਗੀ) ਨੂੰ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ।
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਵਿਚ) ਮਿਲਦੇ ਹਨ, ਉਹ (ਉਸ ਤੋਂ) ਵਿੱਛੁੜਦੇ ਨਹੀਂ ।
ਉਹ ਆਤਮਕ ਅਡੋਲਤਾ ਵਿਚ ਤੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹਿੰਦੇ ਹਨ ।੨ ।
(ਹੇ ਭਾਈ!) ਤੈਥੋਂ (ਭਾਵ, ਤੇਰੇ ਹੁਕਮ ਤੋਂ) ਬਾਹਰ ਕੁਝ ਨਹੀਂ ਹੋ ਸਕਦਾ ।
ਤੂੰ (ਜਗਤ) ਪੈਦਾ ਕਰ ਕੇ (ਉਸ ਦੀ) ਸੰਭਾਲ (ਭੀ) ਕਰਦਾ ਹੈਂ, ਤੂੰ (ਹਰੇਕ ਦੇ ਦਿਲ ਦੀ) ਜਾਣਦਾ ਭੀ ਹੈਂ ।
(ਹੇ ਭਾਈ!) ਕਰਤਾਰ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ (ਤੇ ਜੀਵਾਂ ਪਾਸੋਂ) ਕਰਾਂਦਾ ਹੈ, ਗੁਰੂ ਦੀ ਮਤਿ ਦੀ ਰਾਹੀਂ ਆਪ ਹੀ ਜੀਵਾਂ ਨੂੰ ਆਪਣੇ ਵਿਚ ਮਿਲਾਂਦਾ ਹੈ ।੩।ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾਂਦੀ ਹੈ ਉਹ ਪਰਮਾਤਮਾ ਨੂੰ ਮਿਲ ਪੈਂਦੀ ਹੈ ।
ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ, ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ (ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ) ਸਿੰਗਾਰ ਬਣਾਂਦੀ ਹੈ ।
ਉਹ ਗੁਰੂ ਨੂੰ ਆਸਰਾ-ਪਰਨਾ ਬਣਾ ਕੇ ਸਦਾ ਲਈ ਖਸਮ-ਪ੍ਰਭੂ ਵਾਲੀ ਬਣ ਜਾਂਦੀ ਹੈ, ਉਹ ਪ੍ਰਭੂ-ਮਿਲਾਪ ਵਾਲੇ ਗੁਰ-ਉਪਦੇਸ਼ ਵਿਚ ਲੀਨ ਰਹਿੰਦੀ ਹੈ ।੪ ।
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਭੁਲਾ ਦੇਂਦੇ ਹਨ ਉਹਨਾਂ ਨੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕੋਈ ਥਾਂ-ਥਿੱਤਾ ਨਹੀਂ ਮਿਲਦਾ ।
ਉਹ (—ਮਾਇਆ-ਮੋਹ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ।
ਜਿਵੇਂ ਕੋਈ ਕਾਂ ਕਿਸੇ ਉੱਜੜੇ ਘਰ ਵਿਚ (ਜਾ ਕੇ ਖਾਣ ਲਈ ਕੁਝ ਨਹੀਂ ਲੱਭ ਸਕਦਾ, ਤਿਵੇਂ ਗੁਰ-ਸ਼ਬਦ ਨੂੰ ਭੁਲਾਣ ਵਾਲੇ ਬੰਦੇ ਆਤਮਕ ਜੀਵਨ ਵੱਲੋਂ ਖ਼ਾਲੀ-ਹੱਥ ਹੀ ਰਹਿੰਦੇ ਹਨ) ।
ਉਹ ਮਨੁੱਖ ਇਹ ਲੋਕ ਤੇ ਪਰਲੋਕ ਦੋਵੇਂ ਹੀ ਜ਼ਾਇਆ ਕਰ ਲੈਂਦੇ ਹਨ, ਉਹਨਾਂ ਦੀ ਉਮਰ ਸਦਾ ਦੁੱਖ ਵਿਚ ਹੀ ਬੀਤਦੀ ਹੈ ।੫ ।
(ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਲੇਖੇ) ਲਿਖਦੇ ਲਿਖਦੇ (ਅਨੇਕਾਂ) ਕਾਗ਼ਜ਼ ਤੇ (ਬੇਅੰਤ) ਸਿਆਹੀ ਮੁਕਾ ਲੈਂਦੇ ਹਨ, ਪਰ ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕਿਸੇ ਨੇ ਕਦੇ ਆਤਮਕ ਆਨੰਦ ਨਹੀਂ ਮਾਣਿਆ ।
ਉਹ ਮਾਇਆ ਦਾ ਹੀ ਲੇਖਾ ਲਿਖਦੇ ਰਹਿੰਦੇ ਹਨ, ਅਤੇ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਹਨ, ਉਹ ਸਦਾ ਖਿੱਝਦੇ ਹੀ ਰਹਿੰਦੇ ਹਨ ਕਿਉਂਕਿ ਉਹ ਨਾਸਵੰਤ ਮਾਇਆ ਵਿਚ ਹੀ ਆਪਣਾ ਮਨ ਜੋੜੀ ਰੱਖਦੇ ਹਨ ।੬ ।
ਗੁਰੂ ਦੀ ਸਰਨ ਵਿਚ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਲਿਖਦੇ ਹਨ, ਪਰਮਾਤਮਾ ਦੇ ਗੁਣਾਂ ਦਾ ਵਿਚਾਰ ਲਿਖਦੇ ਹਨ ।
ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦੇ ਹਨ ।
ਉਹਨਾਂ ਮਨੁੱਖਾਂ ਦਾ ਕਾਗ਼ਜ਼ ਸਫਲ ਹੈ, ਉਹਨਾਂ ਦੀ ਕਲਮ ਸਫਲ ਹੈ, ਦਵਾਤ ਭੀ ਸਫਲ ਹੈ, ਜੇਹੜੇ ਸਦਾ-ਥਿਰ ਪ੍ਰਭੂ ਦਾ ਨਾਮ ਲਿਖ ਲਿਖ ਕੇ ਸਦਾ-ਥਿਰ ਪ੍ਰਭੂ ਦੇ ਵਿਚ ਹੀ ਲੀਨ ਰਹਿੰਦੇ ਹਨ ।੭ ।
(ਹੇ ਭਾਈ!) ਮੇਰਾ ਪਰਮਾਤਮਾ (ਸਭ ਜੀਵਾਂ ਦੇ) ਅੰਦਰ ਬੈਠਾ (ਹਰੇਕ ਦੀ) ਸੰਭਾਲ ਕਰਦਾ ਹੈ ।
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੇ ਚਰਨਾਂ ਵਿਚ ਜੁੜਦਾ ਹੈ, ਉਹੀ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਪਰਵਾਨ ਹੁੰਦਾ ਹੈ ।
ਹੇ ਨਾਨਕ! ਪਰਮਾਤਮਾ ਦਾ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ ।
ਜਿਸ ਨੂੰ ਨਾਮ ਮਿਲ ਜਾਂਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪ੍ਰਾਪਤ ਕਰਦਾ ਹੈ ।੮।੨੨।੨੩ ।
Follow us on Twitter Facebook Tumblr Reddit Instagram Youtube