ਮਾਝ ਮਹਲਾ ੩ ॥
ਸਚਾ ਸੇਵੀ ਸਚੁ ਸਾਲਾਹੀ ॥
ਸਚੈ ਨਾਇ ਦੁਖੁ ਕਬ ਹੀ ਨਾਹੀ ॥
ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥
ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ॥੧॥ ਰਹਾਉ ॥

ਸਭੁ ਕੋ ਤੇਰਾ ਭਗਤੁ ਕਹਾਏ ॥
ਸੇਈ ਭਗਤ ਤੇਰੈ ਮਨਿ ਭਾਏ ॥
ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ ॥੨॥

ਸਭੁ ਕੋ ਸਚੇ ਹਰਿ ਜੀਉ ਤੇਰਾ ॥
ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥
ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ॥੩॥

ਗੁਰਮਤੀ ਹਰਿ ਮੰਨਿ ਵਸਾਇਆ ॥
ਹਰਖੁ ਸੋਗੁ ਸਭੁ ਮੋਹੁ ਗਵਾਇਆ ॥
ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥੪॥

ਭਗਤ ਰੰਗਿ ਰਾਤੇ ਸਦਾ ਤੇਰੈ ਚਾਏ ॥
ਨਉ ਨਿਧਿ ਨਾਮੁ ਵਸਿਆ ਮਨਿ ਆਏ ॥
ਪੂਰੈ ਭਾਗਿ ਸਤਿਗੁਰੁ ਪਾਇਆ ਸਬਦੇ ਮੇਲਿ ਮਿਲਾਵਣਿਆ ॥੫॥

ਤੂੰ ਦਇਆਲੁ ਸਦਾ ਸੁਖਦਾਤਾ ॥
ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ ॥
ਤੂੰ ਆਪੇ ਦੇਵਹਿ ਨਾਮੁ ਵਡਾਈ ਨਾਮਿ ਰਤੇ ਸੁਖੁ ਪਾਵਣਿਆ ॥੬॥

ਸਦਾ ਸਦਾ ਸਾਚੇ ਤੁਧੁ ਸਾਲਾਹੀ ॥
ਗੁਰਮੁਖਿ ਜਾਤਾ ਦੂਜਾ ਕੋ ਨਾਹੀ ॥
ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ ॥੭॥

ਗੁਰਮੁਖਿ ਹੋਵੈ ਸੋ ਸਾਲਾਹੇ ॥
ਸਾਚੇ ਠਾਕੁਰ ਵੇਪਰਵਾਹੇ ॥
ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ ॥੮॥੨੧॥੨੨॥

Sahib Singh
ਸੇਵਿ = ਸੇਵੀਂ, ਮੈਂ ਸਿਮਰਦਾ ਹਾਂ ।
ਸਾਲਾਹੀ = ਸਾਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਦਾ ਹਾਂ ।
ਸਚੁ = ਸਦਾ = ਥਿਰ ਪ੍ਰਭੂ ।
ਸੇਵਨਿ = ਸਿਮਰਦੇ ਹਨ ।
ਮੰਨਿ = ਮਨਿ, ਮਨ ਵਿਚ ।੧।ਸਹਜਿ—ਆਤਮਕ ਅਡੋਲਤਾ ਵਿਚ ।
ਸੁਖ ਸਮਾਧਿ = ਆਤਮਕ ਆਨੰਦ ਦੀ ਸਮਾਧੀ ।
ਸੋਹਹਿ = ਸੋਹਣੇ ਲੱਗਦੇ ਹਨ, ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ।੧।ਰਹਾਉ ।
ਸਭੁ ਕੋ = ਹਰੇਕ ਜੀਵ ।
ਭਗਤ = {ਲਫ਼ਜ਼ ‘ਭਗਤੁ’ ਇਕ = ਵਚਨ ਹੈ, ਲਫ਼ਜ਼ ‘ਭਗਤ’ ਬਹੁ-ਵਚਨ ਹੈ’} ।ਸਚੁ ਤੁਧੈ—ਤੈਨੂੰ ਸਦਾ-ਥਿਰ ਨੂੰ ।
ਰੰਗਿ = ਪ੍ਰੇਮ = ਰੰਗ ਵਿਚ ।੨ ।
ਸਚੇ = ਹੇ ਸਦਾ = ਥਿਰ ਪ੍ਰਭੂ ।
ਚੂਕੈ = ਮੁੱਕ ਜਾਂਦਾ ਹੈ ।
ਨਾਇ = ਨਾਮ ਵਿਚ ।
ਰਚਾਵਹਿ = ਲੀਨ ਕਰਦਾ ਰਹਿੰਦਾ ਹੈਂ ।੩ ।
ਹਰਖੁ = ਖ਼ੁਸ਼ੀ ।
ਸੋਗੁ = ਗ਼ਮੀ ।
ਲਿਵ = ਲਗਨ ।੪ ।
ਚਾਏ = ਚਾਇ, ਚਾਉ ਨਾਲ ।
ਨਉ ਨਿਧਿ = ਨੌ ਖ਼ਜ਼ਾਨੇ ।
ਆਇ = ਆਇ, ਆ ਕੇ ।੫ ।
ਜਾਤਾ = ਪਛਾਣਿਆ ਜਾਂਦਾ ਹੈ ।
ਵਡਾਈ = ਇੱਜ਼ਤ ।
ਨਾਮਿ = ਨਾਮ ਵਿਚ ।੬ ।
ਸਾਚੇ = ਹੇ ਸਦਾ = ਥਿਰ ਪ੍ਰਭੂ !
ਮਨਿ ਮੰਨਿਐ = ਜੇ ਮਨ ਮੰਨ ਜਾਏ, ਜੇ ਮਨ ਗਿੱਝ ਜਾਏ ।
ਮਨਹਿ = ਮਨ ਵਿਚ ਹੀ ।੭ ।
ਸਾਲਾਹੇ = ਸਿਫ਼ਤਿ = ਸਾਲਾਹ ਕਰਦਾ ਹੈ ।੮ ।
    
Sahib Singh
(ਹੇ ਭਾਈ!) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹਾਂ, ਮੈਂ ਸਦਾ-ਥਿਰ ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ ।
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ ।
ਜੇਹੜੇ ਮਨੁੱਖ ਸਭ ਸੁਖ ਦੇਣ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਤੇ ਗੁਰੂ ਦੀ ਮਤਿ ਲੈ ਕੇ ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ।੧ ।
(ਹੇ ਭਾਈ!) ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੀ ਸਮਾਧੀ ਲਾਈ ਰੱਖਦੇ ਹਨ ।
ਜੇਹੜੇ ਮਨੁੱਖ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸਦਾ ਸੋਹਣੇ ਜੀਵਨ ਵਾਲੇ ਬਣੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ, ਉਹਨਾਂ ਦੀ ਸੁਰਤਿ ਸਦਾ ਸੁਹਾਵਣੀ ਟਿਕੀ ਰਹਿੰਦੀ ਹੈ ।੧।ਰਹਾਉ ।
(ਹੇ ਪ੍ਰਭੂ! ਉਂਞ ਤਾਂ) ਹਰੇਕ ਮਨੁੱਖ ਤੇਰਾ ਭਗਤ ਅਖਵਾਂਦਾ ਹੈ, ਪਰ (ਅਸਲ) ਉਹੀ ਭਗਤ ਹਨ ਜੇਹੜੇ ਤੇਰੇ ਮਨ ਵਿਚ ਚੰਗੇ ਲੱਗਦੇ ਹਨ ।
(ਹੇ ਪ੍ਰਭੂ!) ਉਹ ਗੁਰੂ ਦੀ ਬਾਣੀ ਦੀ ਰਾਹੀਂ ਤੈਨੂੰ ਸਦਾ-ਥਿਰ ਰਹਿਣ ਵਾਲੇ ਨੂੰ ਸਾਲਾਹੁੰਦੇ ਰਹਿੰਦੇ ਹਨ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੀ ਭਗਤੀ ਕਰਦੇ ਰਹਿੰਦੇ ਹਨ ।੨ ।
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਜੀ! ਹਰੇਕ ਜੀਵ ਤੇਰਾ (ਹੀ ਪੈਦਾ ਕੀਤਾ ਹੋਇਆ) ਹੈ ।
(ਪਰ ਜਦੋਂ ਕਿਸੇ ਨੂੰ) ਗੁਰੂ ਦੀ ਸਰਨ ਪੈ ਕੇ (ਤੇਰਾ ਨਾਮ) ਮਿਲਦਾ ਹੈ, ਤਦੋਂ (ਉਸ ਦਾ ਜਨਮ ਮਰਨ ਦਾ) ਗੇੜ ਮੁੱਕਦਾ ਹੈ ।
ਜਦੋਂ ਤੈਨੂੰ ਚੰਗਾ ਲੱਗਦਾ ਹੈ (ਜਦੋਂ ਤੇਰੀ ਰਜ਼ਾ ਹੁੰਦੀ ਹੈ), ਤਦੋਂ ਤੂੰ (ਜੀਵਾਂ ਨੂੰ ਆਪਣੇ) ਨਾਮ ਵਿਚ ਜੋੜਦਾ ਹੈਂ ।
ਤੂੰ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ ।੩ ।
ਜਿਸ ਮਨੁੱਖ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਦਾ ਨਾਮ ਆਪਣੇ) ਮਨ ਵਿਚ ਵਸਾ ਲਿਆ, ਉਸ ਨੇ ਖ਼ੁਸ਼ੀ (ਦੀ ਲਾਲਸਾ) ਗ਼ਮੀ (ਤੋਂ ਘਬਰਾਹਟ) ਮੁਕਾ ਲਈ, ਉਸ ਨੇ (ਮਾਇਆ ਦਾ) ਸਾਰਾ ਮੋਹ ਦੂਰ ਕਰ ਲਿਆ ।
ਉਸ ਮਨੁੱਖ ਦੀ ਲਗਨ ਸਦਾ ਹੀ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ, ਉਹ ਸਦਾ ਹਰੀ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ।੪।ਹੇ ਪ੍ਰਭੂ! ਤੇਰੇ ਭਗਤ (ਬੜੇ) ਚਾਉ ਨਾਲ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ।
ਉਹਨਾਂ ਦੇ ਮਨ ਵਿਚ ਤੇਰਾ ਨਾਮ ਆ ਵੱਸਦਾ ਹੈ (ਜੋ, ਮਾਨੋ) ਨੌ ਖ਼ਜ਼ਾਨੇ (ਹੈ) ।
ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਗੁਰੂ ਲੱਭ ਲਿਆ, ਗੁਰੂ ਉਸ ਨੂੰ (ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ ।੫ ।
ਹੇ ਪ੍ਰਭੂ! ਤੂੰ ਦਇਆ ਦਾ ਸੋਮਾ ਹੈਂ, ਤੂੰ ਸਦਾ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਨੂੰ ਗੁਰੂ ਨਾਲ) ਮਿਲਾਂਦਾ ਹੈਂ ।
ਗੁਰੂ ਦੀ ਸਰਨ ਪੈ ਕੇ ਜੀਵ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ।
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣਾ ਨਾਮ ਬਖਸ਼ਦਾ ਹੈਂ (ਨਾਮ ਜਪਣ ਦੀ) ਇੱਜ਼ਤ ਦੇਂਦਾ ਹੈਂ ।
ਜੇਹੜੇ ਮਨੁੱਖ ਤੇਰੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ।੬ ।
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! (ਮਿਹਰ ਕਰ) ਮੈਂ ਸਦਾ ਹੀ ਸਦਾ ਹੀ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੇ ਨਾਲ ਸਾਂਝ ਪਾਂਦਾ ਹੈ, ਹੋਰ ਕੋਈ (ਤੇਰੇ ਨਾਲ ਸਾਂਝ) ਨਹੀਂ (ਪਾ ਸਕਦਾ) ।
(ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ ਉਸ ਦਾ) ਮਨ ਸਦਾ ਇਕ ਪਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ ।
ਜੇ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ, ਤਾਂ ਮਨੁੱਖ ਮਨ ਵਿਚ ਮਿਲਿਆ ਰਹਿੰਦਾ ਹੈ (ਭਾਵ, ਬਾਹਰ ਨਹੀਂ ਭਟਕਦਾ) ।੭ ।
ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਬੇ-ਪਰਵਾਹ ਠਾਕੁਰ ਦੀ ਸਿਫ਼ਤਿ-ਸਾਲਾਹ ਕਰਦਾ ਹੈ ।
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ ।੮।੨੧।੨੨ ।
Follow us on Twitter Facebook Tumblr Reddit Instagram Youtube