ਮਾਝ ਮਹਲਾ ੩ ॥
ਨਿਰਮਲ ਸਬਦੁ ਨਿਰਮਲ ਹੈ ਬਾਣੀ ॥
ਨਿਰਮਲ ਜੋਤਿ ਸਭ ਮਾਹਿ ਸਮਾਣੀ ॥
ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥
ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥੧॥ ਰਹਾਉ ॥

ਨਿਰਮਲ ਨਾਮੁ ਵਸਿਆ ਮਨਿ ਆਏ ॥
ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥
ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥੨॥

ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥
ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥
ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥੩॥

ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥
ਹਉਮੈ ਮੈਲੁ ਗੁਰ ਸਬਦੇ ਧੋਵੈ ॥
ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੈ ਸੋਭਾ ਪਾਵਣਿਆ ॥੪॥

ਨਿਰਮਲ ਤੇ ਸਭ ਨਿਰਮਲ ਹੋਵੈ ॥
ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥
ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥੫॥

ਸੋ ਨਿਰਮਲੁ ਜੋ ਸਬਦੇ ਸੋਹੈ ॥
ਨਿਰਮਲ ਨਾਮਿ ਮਨੁ ਤਨੁ ਮੋਹੈ ॥
ਸਚਿ ਨਾਮਿ ਮਲੁ ਕਦੇ ਨ ਲਾਗੈ ਮੁਖੁ ਊਜਲੁ ਸਚੁ ਕਰਾਵਣਿਆ ॥੬॥

ਮਨੁ ਮੈਲਾ ਹੈ ਦੂਜੈ ਭਾਇ ॥
ਮੈਲਾ ਚਉਕਾ ਮੈਲੈ ਥਾਇ ॥
ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥੭॥

ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥
ਸੇ ਨਿਰਮਲ ਜੋ ਹਰਿ ਸਾਚੇ ਭਾਏ ॥
ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥੮॥੧੯॥੨੦॥

Sahib Singh
ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ ।
ਜਪਿ = ਜਪ ਕੇ ।੧ ।
ਸੁਖਦਾਤਾ = ਸੁਖ ਦੇਣ ਵਾਲਾ ।
ਮੰਨਿ = ਮਨਿ, ਮਨ ਵਿਚ ।
ਗੁਰ ਸ਼ਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਸਲਾਹੀ = ਮੈਂ ਸਲਾਹੁੰਦਾ ਹਾਂ ।
ਸਬਦੇ = ਸਬਦੁ ਹੀ, ਸ਼ਬਦ ਹੀ ।
ਤਿਸਾ = ਮਾਇਆ ਦੀ ਤ੍ਰਿਸ਼ਨਾ ।੧।ਰਹਾਉ ।
ਮਨਿ = ਮਨ ਵਿਚ ।
ਆਏ = ਆਇ, ਆ ਕੇ ।
ਨਾਦੁ = ਗਰਜ ।੨ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਤੇ = ਤੋਂ, ਪਾਸੋਂ ।
ਆਪੁ = ਆਪਾ = ਭਾਵ ।੩ ।
ਸਬਦੇ = ਸਬਦਿ, ਸ਼ਬਦ ਦੀ ਰਾਹੀਂ ।
ਵਾਜੈ = ਵੱਜਦੀ ਹੈ ।
ਅਨਹਦ ਧੁਨਿ ਬਾਣੀ = ਉਹ ਬਾਣੀ ਜਿਸ ਦੀ ਧੁਨੀ ਇਕ-ਰਸ ਹੁੰਦੀ ਰਹਿੰਦੀ ਹੈ ।
ਦਰਿ = ਦਰ ਤੇ ।੪ ।
ਤੇ = ਤੋਂ, ਦੀ ਛੁਹ ਨਾਲ ।
ਸਬਦਿ = ਸ਼ਬਦ ਵਿਚ ।
ਨਾਮਿ = ਨਾਮ ਵਿਚ ।੫ ।
ਸੋਹੈ = ਸੋਹਣਾ ਹੋ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ।
ਮੋਹੈ = ਮਸਤ ਹੋ ਜਾਂਦਾ ਹੈ ।
ਸਚੁ = ਸਦਾ = ਥਿਰ ਪ੍ਰਭੂ ਦਾ ਨਾਮ ।੬ ।
ਦੂਜੈ ਭਾਇ = ਮਾਇਆ ਦੇ ਮੋਹ ਵਿਚ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ ।
ਮੈਲੈ ਥਾਇ = ਮੈਲੇ ਥਾਂ ਵਿਚ ।੭ ।
ਸਭਿ = ਸਾਰੇ (ਜੀਵ) ।
ਹੁਕਮਿ = ਹੁਕਮ ਅਨੁਸਾਰ ।
ਸਬਾਏ = ਸਾਰੇ ।
ਭਾਏ = ਚੰਗੇ ਲੱਗੇ ।੮ ।
    
Sahib Singh
ਪਰਮਾਤਮਾ ਦੀ ਪਵਿੱਤ੍ਰ ਜੋਤਿ ਸਭ ਜੀਵਾਂ ਵਿਚ ਸਮਾਈ ਹੋਈ ਹੈ ।
ਉਸ ਦੀ ਸਿਫ਼ਤਿ-ਸਾਲਾਹ ਦਾ ਸ਼ਬਦ (ਸਭ ਨੂੰ) ਪਵਿਤ੍ਰ ਕਰਨ ਵਾਲਾ ਹੈ ।
ਉਸ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਸਭ ਨੂੰ) ਪਵਿਤ੍ਰ ਕਰਨ ਵਾਲੀ ਹੈ ।
(ਹੇ ਭਾਈ!) ਮੈਂ ਉਸ ਹਰੀ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ।
ਪਰਮਾਤਮਾ ਦਾ ਨਾਮ ਜਪ ਕੇ ਪਵਿਤ੍ਰ ਹੋ ਜਾਈਦਾ ਹੈ, (ਵਿਕਾਰਾਂ ਦੀ) ਮੈਲ (ਮਨ ਵਿਚੋਂ) ਦੂਰ ਕਰ ਲਈਦੀ ਹੈ ।੧।ਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਸੁੱਖ ਦੇਣ ਵਾਲੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ ।
ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਵਿਤ੍ਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ।
ਗੁਰੂ ਦਾ ਸ਼ਬਦ ਹੀ ਸੁਣ ਕੇ ਮੈਂ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟਾਂਦਾ ਹਾਂ ।੧।ਰਹਾਉ ।
(ਜਿਸ ਮਨੁੱਖ ਦੇ) ਮਨ ਵਿਚ ਪਵਿਤ੍ਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਤਨ ਪਵਿਤ੍ਰ ਹੋ ਜਾਂਦਾ ਹੈ ।
(ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ।
ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪਵਿਤ੍ਰ ਗੁਣ ਸਦਾ ਗਾਂਦਾ ਹੈ (ਜਿਵੇਂ ਜੋਗੀ ਨਾਦ ਵਜਾਂਦਾ ਹੈ) ਉਹ ਮਨੁੱਖ ਸਿਫ਼ਤਿ-ਸਾਲਾਹ ਦਾ (ਮਾਨੋ) ਨਾਦ ਵਜਾਂਦਾ ਹੈ ।੨ ।
ਜਿਸ ਮਨੁੱਖ ਨੇ ਗੁਰੂ ਪਾਸੋਂ ਪਵਿਤ੍ਰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੇ ਅੰਦਰੋਂ ਆਪਾ-ਭਾਵ ਮੁੱਕ ਜਾਂਦਾ ਹੈ, ਉਸ ਦੇ ਹਿਰਦੇ ਵਿਚ, ਮਾਇਆ ਦਾ ਮੋਹ ਨਹੀਂ ਰਹਿ ਜਾਂਦਾ ।
(ਜਿਉਂ ਜਿਉਂ ਉਹ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਪਵਿਤ੍ਰ ਬਾਣੀ ਆਪਣੇ ਮਨ ਵਿਚ ਵਸਾਂਦਾ ਹੈ, ਪਰਮਾਤਮਾ ਨਾਲ ਉਸ ਦੀ ਪਵਿਤ੍ਰ ਡੂੰਘੀ ਸਾਂਝ ਬਣਦੀ ਹੈ, ਉਸ ਦੀ ਸੁਰਤਿ ਪ੍ਰਭੂ-ਚਰਨਾਂ ਨਾਲ ਜੁੜਦੀ ਹੈ ਜੋ ਉਸ ਨੂੰ (ਹੋਰ) ਪਵਿਤ੍ਰ ਕਰਦੀ ਹੈ ।੩ ।
ਜੇਹੜਾ ਮਨੁੱਖ ਪਵਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ (ਆਪ ਭੀ) ਪਵਿਤ੍ਰ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਮਨ ਵਿਚੋਂ) ਹਉਮੈ ਦੀ ਮੈਲ ਧੋ ਲੈਂਦਾ ਹੈ ।
ਉਸ ਮਨੁੱਖ ਦੇ ਅੰਦਰ ਇਕ-ਰਸ ਲਗਨ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ।੪ ।
ਪਵਿਤ੍ਰ ਪਰਮਾਤਮਾ ਦੀ (ਨਾਮ-) ਛੁਹ ਨਾਲ ਸਾਰੀ ਲੁਕਾਈ ਪਵਿਤ੍ਰ ਹੋ ਜਾਂਦੀ ਹੈ ।
(ਜਿਉਂ ਜਿਉਂ ਮਨੁੱਖ ਆਪਣੇ ਮਨ ਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਪ੍ਰੋਂਦਾ ਹੈ (ਤਿਉਂ ਤਿਉਂ ਉਸ ਦਾ) ਮਨ ਪਵਿਤ੍ਰ ਹੁੰਦਾ ਜਾਂਦਾ ਹੈ ।
ਵੱਡੇ ਭਾਗਾਂ ਵਾਲੇ ਮਨੁੱਖ ਹੀ ਪਵਿਤ੍ਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦੇ ਹਨ ।
ਜੇਹੜਾ ਮਨੁੱਖ ਨਾਮ ਵਿਚ ਜੁੜਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ, ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ।੫ ।
ਉਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਬਣਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ ।
ਪਵਿਤ੍ਰ ਪ੍ਰਭੂ ਦੇ ਨਾਮ ਵਿਚ ਉਸ ਦਾ ਮਨ ਮਸਤ ਰਹਿੰਦਾ ਹੈ, ਉਸ ਦਾ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਮਸਤ ਰਹਿੰਦਾ ਹੈ ।
ਸਦਾ-ਥਿਰ ਪਰਮਾਤਮਾ ਦੇ ਨਾਮ ਵਿਚ ਜੁੜਨ ਕਰ ਕੇ ਉਸ ਨੂੰ (ਵਿਕਾਰਾਂ ਦੀ) ਮੈਲ ਕਦੇ ਨਹੀਂ ਲਗਦੀ ।
ਸਦਾ-ਥਿਰ ਰਹਿਣ ਵਾਲਾ ਪ੍ਰਭੂ ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉਜਲਾ ਕਰ ਦੇਂਦਾ ਹੈ ।੬ ।
ਪਰ ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਵਿਕਾਰਾਂ ਦੀ ਮੈਲ ਨਾਲ) ਮੈਲਾ (ਹੀ) ਰਹਿੰਦਾ ਹੈ ।
(ਉਹ ਲਕੀਰਾਂ ਕੱਢ ਕੱਢ ਕੇ ਬੇਸ਼ੱਕ ਸੁੱਚੇ ਚੌਂਕੇ ਬਣਾਏ, ਪਰ ਉਸ ਦੇ ਹਿਰਦੇ ਦਾ) ਚੌਂਕਾ ਮੈਲਾ ਹੀ ਰਹਿੰਦਾ ਹੈ (ਉਹ ਦੀ ਸੁਰਤਿ ਸਦਾ) ਮੈਲੇ ਥਾਂ ਵਿਚ ਹੀ ਟਿਕੀ ਰਹਿੰਦੀ ਹੈ ।
ਉਹ ਮਨੁੱਖ (ਵਿਕਾਰਾਂ ਦੀ) ਮੈਲ ਨੂੰ ਹੀ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦਾ ਹੈ, (ਜਿਸ ਕਰਕੇ ਉਹ ਆਪਣੇ ਅੰਦਰ) ਹੋਰ ਹੋਰ (ਵਿਕਾਰਾਂ ਦੀ) ਮੈਲ ਵਧਾਂਦਾ ਜਾਂਦਾ ਹੈ ।
(ਇਸ ਤ੍ਰਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਮੈਲ (ਵਧਾ ਵਧਾ ਕੇ) ਦੁੱਖ ਸਹਾਰਦਾ ਹੈ ।੭।(ਪਰ ਜੀਵਾਂ ਦੇ ਕੀਹ ਵੱਸ?) ਵਿਕਾਰੀ ਜੀਵ ਤੇ ਪਵਿਤ੍ਰ-ਆਤਮਾ ਜੀਵ ਸਾਰੇ ਪਰਮਾਤਮਾ ਦੇ ਹੁਕਮ ਵਿਚ (ਹੀ ਤੁਰ ਰਹੇ ਹਨ) ।
ਜੇਹੜੇ ਬੰਦੇ ਸਦਾ-ਥਿਰ ਹਰੀ ਨੂੰ ਪਿਆਰੇ ਲੱਗ ਪੈਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ (ਆਪਣੇ ਅੰਦਰੋਂ ਵਿਕਾਰ ਆਦਿਕਾਂ ਦੀ) ਮੈਲ ਦੂਰ ਕਰ ਲੈਂਦਾ ਹੈ ।੮।੧੯।੨੦ ।
Follow us on Twitter Facebook Tumblr Reddit Instagram Youtube