ਮਾਝ ਮਹਲਾ ੩ ॥
ਵਰਨ ਰੂਪ ਵਰਤਹਿ ਸਭ ਤੇਰੇ ॥
ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ ॥
ਤੂੰ ਏਕੋ ਨਿਹਚਲੁ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥
ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥੧॥ ਰਹਾਉ ॥

ਸਭ ਏਕਾ ਜੋਤਿ ਜਾਣੈ ਜੇ ਕੋਈ ॥
ਸਤਿਗੁਰੁ ਸੇਵਿਐ ਪਰਗਟੁ ਹੋਈ ॥
ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ ॥੨॥

ਤਿਸਨਾ ਅਗਨਿ ਜਲੈ ਸੰਸਾਰਾ ॥
ਲੋਭੁ ਅਭਿਮਾਨੁ ਬਹੁਤੁ ਅਹੰਕਾਰਾ ॥
ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ ॥੩॥

ਗੁਰ ਕਾ ਸਬਦੁ ਕੋ ਵਿਰਲਾ ਬੂਝੈ ॥
ਆਪੁ ਮਾਰੇ ਤਾ ਤ੍ਰਿਭਵਣੁ ਸੂਝੈ ॥
ਫਿਰਿ ਓਹੁ ਮਰੈ ਨ ਮਰਣਾ ਹੋਵੈ ਸਹਜੇ ਸਚਿ ਸਮਾਵਣਿਆ ॥੪॥

ਮਾਇਆ ਮਹਿ ਫਿਰਿ ਚਿਤੁ ਨ ਲਾਏ ॥
ਗੁਰ ਕੈ ਸਬਦਿ ਸਦ ਰਹੈ ਸਮਾਏ ॥
ਸਚੁ ਸਲਾਹੇ ਸਭ ਘਟ ਅੰਤਰਿ ਸਚੋ ਸਚੁ ਸੁਹਾਵਣਿਆ ॥੫॥

ਸਚੁ ਸਾਲਾਹੀ ਸਦਾ ਹਜੂਰੇ ॥
ਗੁਰ ਕੈ ਸਬਦਿ ਰਹਿਆ ਭਰਪੂਰੇ ॥
ਗੁਰ ਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ ॥੬॥

ਸਚੁ ਮਨ ਅੰਦਰਿ ਰਹਿਆ ਸਮਾਇ ॥
ਸਦਾ ਸਚੁ ਨਿਹਚਲੁ ਆਵੈ ਨ ਜਾਇ ॥
ਸਚੇ ਲਾਗੈ ਸੋ ਮਨੁ ਨਿਰਮਲੁ ਗੁਰਮਤੀ ਸਚਿ ਸਮਾਵਣਿਆ ॥੭॥

ਸਚੁ ਸਾਲਾਹੀ ਅਵਰੁ ਨ ਕੋਈ ॥
ਜਿਤੁ ਸੇਵਿਐ ਸਦਾ ਸੁਖੁ ਹੋਈ ॥
ਨਾਨਕ ਨਾਮਿ ਰਤੇ ਵੀਚਾਰੀ ਸਚੋ ਸਚੁ ਕਮਾਵਣਿਆ ॥੮॥੧੮॥੧੯॥

Sahib Singh
ਵਰਨ = ਰੰਗ ।
ਵਰਤਹਿ = ਮੌਜੂਦ ਹਨ ।
ਫੇਰ = ਗੇੜੇ ।
ਘਣੇਰੇ = ਬਹੁਤ ।
ਨਿਹਚਲੁ = ਅਟੱਲ ।੧ ।
ਹਉ = ਮੈਂ ।
ਵਾਰੀ = ਕੁਰਬਾਨ ।
ਮੰਨਿ = ਮਨਿ, ਮਨ ਵਿਚ ।
ਤਿਸੁ = ਉਸ (ਪਰਮਾਤਮਾ) ਦਾ ।
ਰੇਖਿਆ = ਚਿਹਨ = ਚੱਕਰ ।
ਵਰਨੁ = ਰੰਗ {ਲਫ਼ਜ਼ ‘ਵਰਨ’ ਬਹੁ-ਵਚਨ ਹੈ, ਲਫ਼ਜ਼ ‘ਵਰਨੁ’ ਇਕ-ਵਚਨ ਹੈ} ।੧।ਰਹਾਉ ।
ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਲਿਆ ਜਾਏ ।੨ ।
ਮਰਿ = ਮਰ ਕੇ, ਆਤਮਕ ਮੌਤ ਸਹੇੜ ਕੇ ।
ਪਤਿ = ਇੱਜ਼ਤ ।
ਬਿਰਥਾ = ਵਿਅਰਥ ।੩ ।
ਆਪੁ = ਆਪਾ = ਭਾਵ ।
ਤਿ੍ਰਭਵਣੁ = ਸਾਰਾ ਜਗਤ ।
ਮਰੈ = ਆਤਮਕ ਮੌਤ ਸਹੇੜਦਾ ਹੈ ।
ਮਰਣਾ = ਆਤਮਕ ਮੌਤ ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੪ ।
ਸਦ = ਸਦਾ ।
ਸੁਹਾਵਣਿਆ = ਸੋਭਾ ਦੇ ਰਿਹਾ ਹੈ ।੫ ।
ਹਜੂਰੇ = ਅੰਗ = ਸੰਗ, ਹਾਜ਼ਰ-ਨਾਜ਼ਰ ।
ਸਚੁ = ਸਦਾ = ਥਿਰ ਪ੍ਰਭੂ ।
ਸਚੇ = ਸਦਾ = ਥਿਰ ਪ੍ਰਭੂ ਵਿਚ ।੬ ।
ਆਵੈ ਨ ਜਾਇ = ਜੇਹੜਾ ਨਾਹ ਜੰਮਦਾ ਹੈ ਨਾ ਮਰਦਾ ਹੈ ।੭ ।
ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ ।
ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ ।
ਵੀਚਾਰੀ = ਵਿਚਾਰਵਾਨ, ਚੰਗੇ ਮੰਦੇ ਦੀ ਪਰਖ ਕਰਨ ਵਾਲੇ ।੮ ।
    
Sahib Singh
(ਹੇ ਪ੍ਰਭੂ! ਜਗਤ ਵਿਚ ਬੇਅੰਤ ਜੀਵ ਹਨ ਇਹਨਾਂ) ਸਭਨਾਂ ਵਿਚ ਤੇਰੇ ਹੀ ਵਖ ਵਖ ਰੂਪ ਦਿੱਸ ਰਹੇ ਹਨ ਤੇਰੇ ਹੀ ਵਖ ਵਖ ਰੰਗ ਦਿੱਸ ਰਹੇ ਹਨ ।
(ਇਹ ਬੇਅੰਤ ਜੀਵ) ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਇਹਨਾਂ ਨੂੰ ਜਨਮ ਮਰਨ ਦੇ ਕਈ ਗੇੜ ਪਏ ਰਹਿੰਦੇ ਹਨ ।
(ਹੇ ਪ੍ਰਭੂ!) ਸਿਰਫ਼ ਤੂੰ ਹੀ ਅਟੱਲ ਹੈਂ ਅਪਹੁੰਚ ਹੈਂ, ਬੇਅੰਤ ਹੈਂ—ਇਹ ਸਮਝ ਤੂੰ ਹੀ ਗੁਰੂ ਦੀ ਮਤਿ ਤੇ ਤੋਰ ਕੇ ਜੀਵਾਂ ਨੂੰ ਦੇਂਦਾ ਹੈਂ ।੧ ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ ।
ਉਸ ਪਰਮਾਤਮਾ ਦਾ ਕੋਈ ਖ਼ਾਸ ਰੂਪ ਨਹੀਂ, ਕੋਈ ਖ਼ਾਸ ਚਿਹਨ ਚੱਕਰ ਨਹੀਂ, ਕੋਈ ਖ਼ਾਸ ਰੰਗ ਨਹੀਂ ।
ਉਹ ਆਪ ਹੀ ਜੀਵਾਂ ਨੂੰ ਗੁਰੂ ਦੀ ਮਤਿ ਦੀ ਰਾਹੀਂ ਆਪਣੀ ਸੂਝ ਦੇਂਦਾ ਹੈ ।੧।ਰਹਾਉ ।
ਸਾਰੀ ਸਿ੍ਰਸ਼ਟੀ ਵਿਚ ਇਕ ਪਰਮਾਤਮਾ ਦੀ ਹੀ ਜੋਤਿ ਮੌਜੂਦ ਹੈ ।
ਪਰ ਇਹ ਸਮਝ ਕਿਸੇ ਵਿਰਲੇ ਮਨੁੱਖ ਨੂੰ ਪੈਂਦੀ ਹੈ ।
ਗੁਰੂ ਦੀ ਸਰਨ ਪਿਆਂ ਹੀ (ਸਭ ਜੀਵਾਂ ਵਿਚ ਵਿਆਪਕ ਜੋਤਿ) ਪ੍ਰਤੱਖ ਦਿੱਸਣ ਲੱਗ ਪੈਂਦੀ ਹੈ ।
ਸਭ ਥਾਵਾਂ ਵਿਚ ਪਰਮਾਤਮਾ ਦੀ ਜੋਤਿ ਲੁਕਵੀਂ ਭੀ ਮੌਜੂਦ ਹੈ ਤੇ ਪ੍ਰੱਤਖ ਭੀ ਮੌਜੂਦ ਹੈ ।
ਪ੍ਰਭੂ ਦੀ ਜੋਤਿ ਹਰੇਕ ਜੀਵ ਦੀ ਜੋਤਿ ਵਿਚ ਮਿਲੀ ਹੋਈ ਹੈ ।੨।(ਹੇ ਭਾਈ!) ਜਗਤ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ, (ਇਸ ਉੱਤੇ ਲੋਭ ਅਭਿਮਾਨ ਅਹੰਕਾਰ ਆਪੋ ਆਪਣਾ) ਜ਼ੋਰ ਪਾ ਰਿਹਾ ਹੈ ।
(ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਜਗਤ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ, ਆਪਣੀ ਇੱਜ਼ਤ ਗਵਾ ਰਿਹਾ ਹੈ, ਤੇ ਆਪਣਾ ਮਨੁੱਖਾ ਜਨਮ ਵਿਅਰਥ ਜ਼ਾਇਆ ਕਰ ਰਿਹਾ ਹੈ ।੩ ।
ਕੋਈ ਵਿਰਲਾ (ਭਾਗਾਂ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, (ਜੇਹੜਾ ਸਮਝਦਾ ਹੈ, ਉਹ ਜਦੋਂ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਹ ਪਰਮਾਤਮਾ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਜਾਣ ਲੈਂਦਾ ਹੈ ।
(ਇਸ ਅਵਸਥਾ ਤੇ ਪਹੁੰਚ ਕੇ) ਮੁੜ ਉਹ ਆਤਮਕ ਮੌਤ ਨਹੀਂ ਸਹੇੜਦਾ, ਆਤਮਕ ਮੌਤ ਉਸ ਦੇ ਨੇੜੇ ਨਹੀਂ ਆਉਂਦੀ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।੪ ।
(ਇਹੋ ਜਿਹੀ ਆਤਮਕ ਅਵਸਥਾ ਤੇ ਪਹੁੰਚਿਆ ਹੋਇਆ ਮਨੁੱਖ) ਮੁੜ ਕਦੇ ਮਾਇਆ (ਦੇ ਮੋਹ) ਵਿਚ ਆਪਣਾ ਮਨ ਨਹੀਂ ਜੋੜਦਾ, ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਦਾ ਪਰਮਾਤਮਾ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਨੂੰ ਇਹੀ ਦਿੱਸਦਾ ਹੈ ਕਿ ਸਾਰੇ ਸਰੀਰਾਂ ਵਿਚ ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸੋਭਾ ਦੇ ਰਿਹਾ ਹੈ ।੫ ।
(ਹੇ ਭਾਈ!) ਮੈਂ ਤਾਂ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਜੋ ਸਦਾ (ਸਭ ਜੀਵਾਂ ਦੇ) ਅੰਗ ਸੰਗ ਵੱਸਦਾ ਹੈ ।
ਗੁਰੂ ਦੇ ਸ਼ਬਦ ਵਿਚ ਜੁੜਿਆਂ ਉਹ ਹਰ ਥਾਂ ਹੀ ਵੱਸਦਾ ਦਿੱਸਣ ਲੱਗ ਪੈਂਦਾ ਹੈ ।
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ, ਉਹ ਉਸ ਸਦਾ-ਥਿਰ ਵਿਚ ਹੀ ਲੀਨ ਰਹਿ ਕੇ ਆਤਮਕ ਆਨੰਦ ਮਾਣਦਾ ਹੈ ।੬ ।
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹਰੇਕ ਮਨੁੱਖ ਦੇ ਮਨ ਵਿਚ ਧੁਰ ਅੰਦਰ ਮੌਜੂਦ ਰਹਿੰਦਾ ਹੈ ।
ਉਹ ਆਪ ਸਦਾ ਅਟੱਲ ਰਹਿੰਦਾ ਹੈ, ਨਾਹ ਕਦੇ ਜੰਮਦਾ ਹੈ ਨਾਹ ਮਰਦਾ ਹੈ ।
ਜੇਹੜਾ ਮਨ ਉਸ ਸਦਾ-ਥਿਰ ਪ੍ਰਭੂ ਵਿਚ ਪਿਆਰ ਪਾ ਲੈਂਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਮਤਿ ਉੱਤੇ ਤੁਰ ਕੇ ਉਹ ਉਸ ਸਦਾ-ਥਿਰ ਰਹਿਣ ਵਾਲੇ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ ।੭ ।
(ਹੇ ਭਾਈ!) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ ।
ਮੈਨੂੰ ਕਿਤੇ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ ।
ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ।
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਚੰਗੀ ਮੰਦੀ ਕਰਤੂਤਿ ਨੂੰ ਪਰਖਣ ਜੋਗੇ ਹੋ ਜਾਂਦਾ ਹਨ, ਤੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਕਰਦੇ ਹਨ ।੮।੧੮।੧੯ ।
Follow us on Twitter Facebook Tumblr Reddit Instagram Youtube