ਮਾਝ ਮਹਲਾ ੩ ॥
ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥
ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥
ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥
ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥

ਗੁਰ ਪਰਸਾਦੀ ਸਹਜੁ ਕੋ ਪਾਏ ॥
ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥
ਨਦਰਿ ਕਰੇ ਤਾ ਹਰਿ ਗੁਣ ਗਾਵੈ ਨਦਰੀ ਸਚਿ ਸਮਾਵਣਿਆ ॥੨॥

ਸਭਨਾ ਉਪਰਿ ਨਦਰਿ ਪ੍ਰਭ ਤੇਰੀ ॥
ਕਿਸੈ ਥੋੜੀ ਕਿਸੈ ਹੈ ਘਣੇਰੀ ॥
ਤੁਝ ਤੇ ਬਾਹਰਿ ਕਿਛੁ ਨ ਹੋਵੈ ਗੁਰਮੁਖਿ ਸੋਝੀ ਪਾਵਣਿਆ ॥੩॥

ਗੁਰਮੁਖਿ ਤਤੁ ਹੈ ਬੀਚਾਰਾ ॥
ਅੰਮ੍ਰਿਤਿ ਭਰੇ ਤੇਰੇ ਭੰਡਾਰਾ ॥
ਬਿਨੁ ਸਤਿਗੁਰ ਸੇਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ ॥੪॥

ਸਤਿਗੁਰੁ ਸੇਵੈ ਸੋ ਜਨੁ ਸੋਹੈ ॥
ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥
ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥੫॥

ਮਨਮੁਖੁ ਭੂਲਾ ਦੂਜੈ ਭਾਇ ਖੁਆਏ ॥
ਨਾਮੁ ਨ ਲੇਵੈ ਮਰੈ ਬਿਖੁ ਖਾਏ ॥
ਅਨਦਿਨੁ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ ॥੬॥

ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ ॥
ਗੁਰ ਪਰਸਾਦੀ ਸਹਜਿ ਲਿਵ ਲਾਏ ॥
ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ॥੭॥

ਆਪੇ ਆਪਿ ਨਿਰੰਜਨੁ ਸੋਈ ॥
ਜਿਨਿ ਸਿਰਜੀ ਤਿਨਿ ਆਪੇ ਗੋਈ ॥
ਨਾਨਕ ਨਾਮੁ ਸਮਾਲਿ ਸਦਾ ਤੂੰ ਸਹਜੇ ਸਚਿ ਸਮਾਵਣਿਆ ॥੮॥੧੬॥੧੭॥

Sahib Singh
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਏ = ਸੁਭਾਇ, ਉੱਚੇ ਪ੍ਰੇਮ ਵਿਚ ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ।
ਤਿ੍ਰਪਤਾਸੇ = ਰੱਜ ਜਾਂਦਾ ਹੈ ।
ਤਿ੍ਰਸਨਾ = ਤ੍ਰੇਹ ।੧ ।
ਰਸਨਾ = ਜੀਭ ।
ਚਾਖਿ = ਚੱਖ ਕੇ ।
ਰੰਗਿ = ਪ੍ਰੇਮ ਰੰਗ ਵਿਚ ।
ਸਹਜੇ = ਆਤਮਕ ਅਡੋਲਤਾ ਵਿਚ ।੧।ਰਹਾਉ ।
ਕੋ = ਕੋਈ ਵਿਰਲਾ ।
ਸਹਜੁ = ਆਤਮਕ ਅਡੋਲਤਾ ।
ਦੁਬਿਧਾ = ਦੁ = ਕਿਸਮਾ ਪਨ, ਦੁਚਿੱਤਾ ਪਨ ।
ਇਕਸੁ ਸਿਉ = ਸਿਰਫ਼ ਇਕ ਨਾਲ ।
ਲਿਵ = ਲਗਨ ।
ਨਦਰਿ = ਮਿਹਰ ਦੀ ਨਜ਼ਰ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੨ ।
ਪ੍ਰਭ = ਹੇ ਪ੍ਰਭੂ !
ਘਣੇਰੀ = ਬਹੁਤੀ ।
ਤੇ = ਤੋਂ ।੩ ।
ਤਤੁ = ਅਸਲੀਅਤ ।
ਅੰਮਿ੍ਰਤ = ਅੰਮਿ੍ਰਤ ਨਾਲ ।
ਸੇਵੇ = ਸਰਨ ਪਿਆਂ ।੪ ।
ਸੋਹੈ = ਸੋਭਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ।
ਅੰਤਰੁ ਮਨੁ = ਅੰਦਰਲਾ ਮਨ ।
ਮੋਹੈ = ਮਸਤ ਹੋ ਜਾਂਦਾ ਹੈ ।
ਰਤਾ = ਰੱਤਾ, ਰੰਗਿਆ ਜਾਂਦਾ ਹੈ ।੫।ਭੂਲਾ—ਕੁਰਾਹੇ ਪਿਆ ਹੋਇਆ ।
ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਪਿਆਰ ਵਿਚ ।
ਖੁਆਏ = ਸਹੀ ਜੀਵਨ ਰਾਹ ਤੋਂ ਖੁੰਝਿਆ ਰਹਿੰਦਾ ਹੈ ।
ਮਰੈ = ਆਤਮਕ ਮੌਤ ਸਹੇੜਦਾ ਹੈ ।
ਬਿਖੁ = ਜ਼ਹਰ ।
ਖਾਏ = ਖਾਇ, ਖਾ ਕੇ ।
ਅਨਦਿਨੁ = ਹਰ ਰੋਜ਼ ।
ਵਿਸਟਾ = ਗੰਦ ।੬ ।
ਨੋ = ਨੂੰ ।
ਪਰਸਾਦੀ = ਪਰਸਾਦਿ, ਕਿਰਪਾ ਨਾਲ ।
ਪੂਰਨ = ਵਿਆਪਕ ।੭ ।
ਨਿਰੰਜਨੁ = ਮਾਇਆ ਰਹਿਤ ਪ੍ਰਭੂ ।
ਜਿਨਿ = ਜਿਸ (ਪ੍ਰਭੂ) ਨੇ ।
ਸਿਰਜੀ = ਪੈਦਾ ਕੀਤੀ ।
ਤਿਨਿ = ਉਸ (ਪ੍ਰਭੂ) ਨੇ ।
ਗੋਈ = ਨਾਸ ਕੀਤੀ ।
ਸਮਾਲਿ = ਚੇਤੇ ਰੱਖ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੮ ।
    
Sahib Singh
ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰਭੂ ਪ੍ਰੇਮ ਵਿਚ ਜੁੜਦਾ ਹੈ, ਤਦੋਂ ਉਸ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵਰਖਾ ਕਰਦਾ ਹੈ ।
ਪਰ (ਇਹ ਦਾਤਿ) ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ।
ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਮਨੁੱਖ ਸਦਾ ਲਈ (ਮਾਇਆ ਵਲੋਂ) ਰੱਜ ਜਾਂਦੇ ਹਨ, (ਪ੍ਰਭੂ) ਮਿਹਰ ਕਰ ਕੇ ਉਹਨਾਂ ਦੀ ਤ੍ਰਿਸ਼ਨਾ ਬੁਝਾ ਦੇਂਦਾ ਹੈ ।੧ ।
ਮੈਂ ਸਦਾ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਹਨ ।
ਜਿਨ੍ਹਾਂ ਦੀ ਜੀਭ ਨਾਮ-ਰਸ ਚਖ ਕੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਸਦਾ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ।੧।ਰਹਾਉ ।
ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ ਆਤਮਕ ਅਡੋਲਤਾ ਹਾਸਲ ਕਰਦਾ ਹੈ, (ਜਿਸ ਦੀ ਬਰਕਤਿ ਨਾਲ) ਉਹ ਮਨ ਦਾ ਦੁਚਿੱਤਾ-ਪਨ ਮਾਰ ਕੇ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲਾਈ ਰੱਖਦਾ ਹੈ ।
ਜਦੋਂ ਪਰਮਾਤਮਾ (ਕਿਸੇ ਜੀਵ ਉੱਤੇ ਮਿਹਰ ਦੀ) ਨਿਗਾਹ ਕਰਦਾ ਹੈ, ਤਦੋਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।੨ ।
ਹੇ ਪ੍ਰਭੂ! ਤੇਰੀ ਮਿਹਰ ਦੀ ਨਿਗਾਹ ਸਭ ਜੀਵਾਂ ਉੱਤੇ ਹੀ ਹੈ, ਕਿਸੇ ਉੱਤੇ ਥੋੜੀ ਹੈ ਕਿਸੇ ਉੱਤੇ ਬਹੁਤੀ ਹੈ ।
ਤੈਥੋਂ ਬਾਹਰ (ਤੇਰੀ ਮਿਹਰ ਦੀ ਨਿਗਾਹ ਤੋਂ ਬਿਨਾ) ਕੁਝ ਨਹੀਂ ਹੁੰਦਾ—ਇਹ ਸਮਝ ਉਸ ਮਨੁੱਖ ਨੂੰ ਪੈਂਦੀ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ।੩ ।
ਹੇ ਪ੍ਰਭੂ! ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ ਇਸ ਅਸਲੀਅਤ ਨੂੰ ਸਮਝਿਆ ਹੈ ।
(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ ਕਿ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ ਨਾਮ-ਅੰਮਿ੍ਰਤ ਨਹੀਂ ਲੈ ਸਕਦਾ ।
ਗੁਰੂ ਦੀ ਕਿਰਪਾ ਨਾਲ ਹੀ ਹਾਸਲ ਕਰ ਸਕਦਾ ਹੈ ।੪ ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ, ਆਤਮਕ ਜੀਵਨ ਦੇਣ ਵਾਲੇ ਨਾਮ ਵਿਚ ਉਸ ਦਾ ਅੰਦਰਲਾ ਮਨ ਮਸਤ ਰਹਿੰਦਾ ਹੈ ।
ਉਸ ਮਨੁੱਖ ਦਾ ਮਨ ਉਸ ਦਾ ਤਨ ਨਾਮ-ਅੰਮਿ੍ਰਤ ਨਾਲ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਆਤਮਕ ਜੀਵਨ ਦੇਣ ਵਾਲੀ ਨਾਮ-ਧੁਨੀ ਨੂੰ ਸੁਣਦਾ ਰਹਿੰਦਾ ਹੈ ।੫ ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੁਰਾਹੇ ਪੈ ਜਾਂਦਾ ਹੈ, ਮਾਇਆ ਦੇ ਪਿਆਰ ਵਿਚ (ਰੁੱਝ ਕੇ) ਸਹੀ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ ।
ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ (ਮਾਇਆ ਦਾ ਮੋਹ-ਰੂਪ) ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ ।
(ਗੰਦ ਦੇ ਕੀੜੇ ਵਾਂਗ) ਉਸ ਮਨੁੱਖ ਦਾ ਨਿਵਾਸ ਸਦਾ ਹਰਵੇਲੇ (ਵਿਕਾਰਾਂ ਦੇ) ਗੰਦ ਵਿਚ ਹੀ ਰਹਿੰਦਾ ਹੈ, ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ।੬ ।
(ਪਰ ਜੀਵਾਂ ਦੇ ਭੀ ਕੀਹ ਵੱਸ?) ਉਹੀ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਜਿਸ ਨੂੰ ਪਰਮਾਤਮਾ ਆਪ ਮਿਲਾਂਦਾ ਹੈ, ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜੀ ਰੱਖਦਾ ਹੈ ।
ਸਤਿਗੁਰੂ ਦੀ ਮਤਿ ਲੈ ਕੇ ਫਿਰ ਉਸ ਨੂੰ ਇਹ ਪ੍ਰਤੱਖ ਦਿੱਸਦਾ ਹੈ ਕਿ ਸਰਬ-ਵਿਆਪਕ ਪ੍ਰਭੂ ਹਰ ਥਾਂ ਆਪ ਹੀ ਮੌਜੂਦ ਹੈ ।੭ ।
(ਹੇ ਭਾਈ!) ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਪਰਮਾਤਮਾ ਹਰ ਥਾਂ ਆਪ ਹੀ ਆਪ ਮੌਜੂਦ ਹੈ ।
ਜਿਸ ਪਰਮਾਤਮਾ ਨੇ ਇਹ ਸਿ੍ਰਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਸ ਨੂੰ ਨਾਸ ਕਰਦਾ ਹੈ ।
ਹੇ ਨਾਨਕ! ਤੂੰ ਉਸ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖ ।
(ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹੀਦਾ ਹੈ ।੮।੧੬।੧੭ ।
Follow us on Twitter Facebook Tumblr Reddit Instagram Youtube