ਮਾਝ ਮਹਲਾ ੩ ॥
ਅੰਮ੍ਰਿਤ ਨਾਮੁ ਮੰਨਿ ਵਸਾਏ ॥
ਹਉਮੈ ਮੇਰਾ ਸਭੁ ਦੁਖੁ ਗਵਾਏ ॥
ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥
ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥

ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥
ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥
ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥

ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥
ਅੰਮ੍ਰਿਤੁ ਗੁਰ ਪਰਸਾਦੀ ਪਾਏ ॥
ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥

ਸੋ ਕਿਛੁ ਕਰੈ ਜੁ ਚਿਤਿ ਨ ਹੋਈ ॥
ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥
ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥

ਅਜਬ ਕੰਮ ਕਰਤੇ ਹਰਿ ਕੇਰੇ ॥
ਇਹੁ ਮਨੁ ਭੂਲਾ ਜਾਂਦਾ ਫੇਰੇ ॥
ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥੫॥

ਖੋਟੇ ਖਰੇ ਤੁਧੁ ਆਪਿ ਉਪਾਏ ॥
ਤੁਧੁ ਆਪੇ ਪਰਖੇ ਲੋਕ ਸਬਾਏ ॥
ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥੬॥

ਕਿਉ ਕਰਿ ਵੇਖਾ ਕਿਉ ਸਾਲਾਹੀ ॥
ਗੁਰ ਪਰਸਾਦੀ ਸਬਦਿ ਸਲਾਹੀ ॥
ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥

ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥
ਸਤਿਗੁਰਿ ਸੇਵਿਐ ਰਿਦੈ ਸਮਾਣੀ ॥
ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥

Sahib Singh
ਅੰਮਿ੍ਰਤ ਨਾਮੁ = ਆਤਮਕ ਜੀਵਨ ਦੇਣ ਵਾਲੇ ਪ੍ਰਭੂ ਦਾ ਨਾਮ ।
ਮੰਨਿ = ਮਨਿ, ਮਨ ਵਿਚ ।
ਮੇਰਾ = ਮੇਰਾ = ਪਨ, ਮਮਤਾ ।
ਅੰਮਿ੍ਰਤ = ਸਦਾ ਅਟੱਲ ਪਰਮਾਤਮਾ ।
ਅੰਮਿ੍ਰਤ ਬਾਣੀ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ।੧ ।
ਵਸਾਵਣਿਆ = ਵਸਾਣ ਵਾਲਿਆਂ ਤੋਂ ।੧।ਰਹਾਉ ।
ਮੁਖਿ = ਮੂੰਹ ਨਾਲ ।
ਵੈਣੀ = ਬਚਨਾਂ ਦੀ ਰਾਹੀਂ, ਸਿਫ਼ਤਿ-ਸਾਲਾਹ ਦੇ ਬਚਨਾਂ ਦੀ ਰਾਹੀਂ ।
ਅੰਮਿ੍ਰਤੁ = ਸਦਾ ਅਟੱਲ ਪ੍ਰਭੂ ।
    ਨੈਣੀ ਅੱਖਾਂ ਨਾਲ ।
ਅੰਮਿ੍ਰਤ ਕਥਾ = ਅਮਰ ਪ੍ਰਭੂ ਦੀ ਸਿਫ਼ਤਿ-ਸਾਲਾਹ ।
ਆਖਿ = ਆਖ ਕੇ ।੨ ।
ਅੰਮਿ੍ਰਤ ਰੰਗਿ = ਅਮਰ ਪ੍ਰਭੂ ਦੇ ਪ੍ਰੇਮ ਵਿਚ ।
ਰਸਨਾ = ਜੀਭ (ਨਾਲ) ।
ਮਨਿ = ਮਨ ਦੀ ਰਾਹੀਂ ।
ਤਨਿ = ਸਰੀਰ ਦੀ ਰਾਹੀਂ (ਗਿਆਨ-ਇੰਦਿ੍ਰਆਂ ਦੀ ਰਾਹੀਂ) ।੩ ।
ਚਿਤਿ = (ਜੀਵਾਂ ਦੇ) ਚਿੱਤ ਵਿਚ ।
ਤਿਸ ਦਾ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਦਾ’ ਦੇ ਕਾਰਨ ਉੱਡ ਗਿਆ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’} ।
ਹੁਕਮੇ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ ।੪ ।
ਕਰਤੇ ਕੇਰੇ = ਕਰਤੇ ਦੇ ।
ਭੂਲਾ ਜਾਂਦਾ = ਭਟਕਦਾ ਫਿਰਦਾ ।
ਫੇਰੇ = ਮੋੜ ਲਿਆਉਂਦਾ ਹੈ ।
ਸਿਉ = ਨਾਲ ।
ਸਬਦਿ = ਸ਼ਬਦ ਦੀ ਰਾਹੀਂ ।
ਵਸਾਵਣਿਆ = ਪਰਗਟ ਕਰਦਾ ਹੈ ।੫ ।
ਉਪਾਏ = ਪੈਦਾ ਕੀਤੇ ਹਨ ।
ਆਪੇ = ਆਪ ਹੀ ।
ਸਬਾਏ = ਸਾਰੇ ।
ਪਰਖਿ = ਪਰਖ ਕੇ ।
ਪਾਇਹਿ = ਤੂੰ ਪਾਂਦਾ ਹੈਂ ।
ਭਰਮਿ = ਭਟਕਣਾ ਵਿਚ ਪਾ ਕੇ ।੬ ।
ਕਿਉ ਕਰਿ = ਕਿਸ ਤ੍ਰਹਾਂ ?
ਵੇਖਾ = ਵੇਖਾਂ, ਮੈਂ ਦਰਸਨ ਕਰਾਂ ।
ਕਿਉ = ਕਿਵੇਂ ?
ਭਾਣੈ = ਰਜ਼ਾ ਅਨੁਸਾਰ ।੭।ਸਤਿਗੁਰਿ ਸੇਵਿਆ—ਜੇ ਗੁਰੂ ਦਾ ਆਸਰਾ ਲਿਆ ਜਾਏ ।
ਰਿਦੈ = ਹਿਰਦੇ ਵਿਚ ।
ਪੀ = ਪੀ ਕੇ ।੮ ।
    
Sahib Singh
ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ, ਉਹ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦਾ ਦੁੱਖ ਦੂਰ ਕਰ ਲੈਂਦਾ ਹੈ, ਉਹ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਲਾਹ ਦੀ ਬਾਣੀ ਰਾਹੀਂ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਹਰ ਵੇਲੇ ਨਾਮ-ਅੰਮਿ੍ਰਤ (ਦੇ ਘੁੱਟ) ਹੀ ਪੀਂਦਾ ਹੈ ।੧ ।
ਮੈਂ ਉਸ ਮਨੁੱਖ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੋ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ (ਪਰਮਾਤਮਾ ਨੂੰ) ਆਪਣੇ ਮਨ ਵਿਚ ਵਸਾਂਦਾ ਹੈ, ਜੋ ਅੰਮਿ੍ਰਤ ਬਾਣੀ ਮਨ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ-ਨਾਮ ਸਦਾ ਸਿਮਰਦਾ ਹੈ ।੧।ਰਹਾਉ ।
ਜੇਹੜਾ ਮਨੁੱਖ ਆਪਣੇ ਮੂੰਹ ਨਾਲ ਬਚਨਾਂ ਦੀ ਰਾਹੀਂ ਆਤਮਕ ਜੀਵਨ-ਦਾਤਾ ਪ੍ਰਭ-ਨਾਮ ਸਦਾ ਉਚਾਰਦਾ ਹੈ, ਉਹ ਅੱਖਾਂ ਨਾਲ (ਭੀ) ਸਦਾ ਜੀਵਨ-ਦਾਤੇ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਪਛਾਣਦਾ ਹੈ ।
ਉਹ ਜੀਵਨ-ਦਾਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਦਿਨ ਰਾਤ ਕਰਦਾ ਹੈ ਤੇ ਹੋਰਨਾਂ ਨੂੰ (ਭੀ) ਆਖ ਕੇ ਸੁਣਾਂਦਾ ਹੈ ।੨ ।
ਜੇਹੜਾ ਮਨੁੱਖ ਜੀਵਨ-ਦਾਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਉਸ ਜੀਵਨ-ਦਾਤੇ ਨੂੰ ਮਿਲ ਪੈਂਦਾ ਹੈ, ਉਹ ਆਪਣੀ ਜੀਭ ਨਾਲ ਦਿਨ ਰਾਤ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਉਚਾਰਦਾ ਹੈ, ਉਹ ਆਪਣੇ ਮਨ ਦੀ ਰਾਹੀਂ ਤੇ ਆਪਣੇ ਗਿਆਨ-ਇੰਦਿ੍ਰਆਂ ਦੀ ਰਾਹੀਂ ਨਾਮ-ਅੰਮਿ੍ਰਤ ਪੀਂਦਾ ਰਹਿੰਦਾ ਹੈ ।੩ ।
(ਹੇ ਭਾਈ!) ਪਰਮਾਤਮਾ ਉਹ ਕੁਝ ਕਰ ਦਿੰਦਾ ਹੈ ਜੋ (ਜੀਵਾਂ ਦੇ) ਚਿੱਤ-ਚੇਤੇ ਭੀ ਨਹੀਂ ਹੁੰਦਾ ।
ਕੋਈ ਭੀ ਜੀਵ ਉਸ ਕਰਤਾਰ ਦਾ ਹੁਕਮ (ਭੀ) ਮੋੜ ਨਹੀਂ ਸਕਦਾ ।
ਉਸ ਦੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਮਨੁੱਖ ਦੇ ਹਿਰਦੇ ਵਿਚ) ਉਸ ਦੀ ਆਤਮਕ ਜੀਵਨ-ਦਾਤੀ ਸਿਫ਼ਤਿ-ਸਾਲਾਹ ਦੀ ਬਾਣੀ ਵੱਸ ਪੈਂਦੀ ਹੈ, ਉਹ ਆਪਣੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਨੂੰ) ਆਪਣਾ ਨਾਮ-ਅੰਮਿ੍ਰਤ ਪਿਲਾਂਦਾ ਹੈ ।੪ ।
(ਹੇ ਭਾਈ!) ਉਸ ਹਰੀ ਕਰਤਾਰ ਦੇ ਕੌਤਕ ਅਚਰਜ ਹਨ, (ਜੀਵਾਂ ਦੇ) ਕੁਰਾਹੇ ਪੈ ਕੇ ਭਟਕਦੇ ਇਸ ਮਨ ਨੂੰ (ਭੀ) ਉਹ ਕਰਤਾਰ ਮੋੜ ਲਿਆਉਂਦਾ ਹੈ ।
ਉਸ ਮਨ ਨੂੰ ਪ੍ਰਭੂ ਆਪਣੀ ਆਤਮਕ ਜੀਵਨ-ਦਾਤੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਜੋੜ ਦੇਂਦਾ ਹੈ, ਤੇ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਆਪਣਾ ਨਾਮ (ਉਸ ਦੇ ਅੰਦਰ) ਪਰਗਟ ਕਰ ਦੇਂਦਾ ਹੈ ।੫ ।
(ਹੇ ਪ੍ਰਭੂ!) ਖੋਟੇ ਜੀਵ ਤੇ ਖਰੇ ਜੀਵ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ, ਤੂੰ ਆਪ ਹੀ ਸਾਰੇ ਜੀਵਾਂ (ਦੀਆਂ ਕਰਤੂਤਾਂ) ਨੂੰ ਪਰਖਦਾ ਰਹਿੰਦਾ ਹੈਂ ।
ਖਰੇ ਜੀਵਾਂ ਨੂੰ ਪਰਖ ਕੇ ਤੂੰ ਆਪਣੇ ਖ਼ਜ਼ਾਨੇ ਵਿਚ ਪਾ ਲੈਂਦਾ ਹੈਂ (ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਤੇ ਖੋਟੇ ਜੀਵਾਂ ਨੂੰ ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈਂ ।੬ ।
(ਹੇ ਕਰਤਾਰ!) ਮੈਂ (ਤੇਰਾ ਦਾਸ) ਕਿਸ ਤ੍ਰਹਾਂ ਤੇਰਾ ਦਰਸਨ ਕਰਾਂ ?
ਕਿਸ ਤ੍ਰਹਾਂ ਤੇਰੀ ਸਿਫ਼ਤਿ-ਸਾਲਾਹ ਕਰਾਂ ?
(ਜੇ ਤੇਰੀ ਆਪਣੀ ਹੀ ਮਿਹਰ ਹੋਵੇ, ਤੇ ਮੈਨੂੰ ਤੂੰ ਗੁਰੂ ਮਿਲਾ ਦੇਵੇਂ, ਤਾਂ) ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਲੱਗ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ ।
(ਹੇ ਪ੍ਰਭੂ!) ਤੇਰੇ ਹੁਕਮ ਨਾਲ ਹੀ ਤੇਰਾ ਅੰਮਿ੍ਰਤ-ਨਾਮ (ਜੀਵ ਦੇ ਹਿਰਦੇ ਵਿਚ) ਵੱਸਦਾ ਹੈ, ਤੂੰ ਆਪਣੇ ਹੁਕਮ ਅਨੁਸਾਰ ਹੀ ਆਪਣਾ ਨਾਮ-ਅੰਮਿ੍ਰਤ (ਜੀਵਾਂ ਨੂੰ) ਪਿਲਾਂਦਾ ਹੈਂ ।੭।(ਹੇ ਭਾਈ!) ਜੇ ਸਤਿਗੁਰੂ ਦਾ ਆਸਰਾ-ਪਰਨਾ ਲਿਆ ਜਾਏ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਗੁਰ ਸ਼ਬਦ ਤਦੋਂ ਹੀ ਆਤਮਕ ਜੀਵਨ-ਦਾਤੀ ਸਿਫ਼ਤਿ-ਸਾਲਾਹ ਦੀ ਬਾਣੀ ਮਨੁੱਖ ਦੇ ਹਿਰਦੇ ਵਿਚ ਵੱਸ ਸਕਦੀ ਹੈ ।
ਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ ।
ਇਹ ਨਾਮ-ਅੰਮਿ੍ਰਤ ਪੀਤਿਆਂ (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ ।੮।੧੫।੧੬ ।
Follow us on Twitter Facebook Tumblr Reddit Instagram Youtube