ਮਾਝ ਮਹਲਾ ੩ ॥
ਸਤਿਗੁਰ ਸਾਚੀ ਸਿਖ ਸੁਣਾਈ ॥
ਹਰਿ ਚੇਤਹੁ ਅੰਤਿ ਹੋਇ ਸਖਾਈ ॥
ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥
ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥

ਪੂਰਬਿ ਲਿਖਿਆ ਸੁ ਕਰਮੁ ਕਮਾਇਆ ॥
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥
ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥੨॥

ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥
ਗੁਰ ਕੈ ਤਕੀਐ ਨਾਮਿ ਅਧਾਰੇ ॥
ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥੩॥

ਮਨਮੁਖਿ ਅੰਧੇ ਸੁਧਿ ਨ ਕਾਈ ॥
ਆਤਮ ਘਾਤੀ ਹੈ ਜਗਤ ਕਸਾਈ ॥
ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥

ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥
ਸਦਾ ਸਮਾਲੇ ਕੋ ਨਾਹੀ ਖਾਲੀ ॥
ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥੫॥

ਮਨਮੁਖੁ ਰੋਗੀ ਹੈ ਸੰਸਾਰਾ ॥
ਸੁਖਦਾਤਾ ਵਿਸਰਿਆ ਅਗਮ ਅਪਾਰਾ ॥
ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥੬॥

ਜਿਨਿ ਕੀਤੇ ਸੋਈ ਬਿਧਿ ਜਾਣੈ ॥
ਆਪਿ ਕਰੇ ਤਾ ਹੁਕਮਿ ਪਛਾਣੈ ॥
ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥੭॥

ਤਿਸੁ ਬਾਝਹੁ ਸਚੇ ਮੈ ਹੋਰੁ ਨ ਕੋਈ ॥
ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥
ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥

Sahib Singh
ਸਤਿਗੁਰ ਸਿਖ = ਗੁਰੂ ਦੀ ਸਿੱਖਿਆ ।
ਸਾਚੀ = ਅਟੱਲ, ਕਦੇ ਉਕਾਈ ਨਾਹ ਖਾਣ ਵਾਲੀ ।
ਅੰਤਿ = ਆਖ਼ਰ ਵਿਚ (ਜਦੋਂ ਹੋਰ ਸਾਰੇ ਸਾਥ ਰਹਿ ਜਾਣਗੇ) ।
ਸਖਾਈ = ਸਾਥੀ ।
ਅਗਮ = ਅਪਹੁੰਚ ।
ਅਗੋਚਰੁ = {ਅ = ਗੋ-ਚਰੁ} ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ ।
ਅਨਾਥ = ਜਿਸ ਦੇ ਸਿਰ ਉੱਤੇ ਕੋਈ ਹੋਰ ਖਸਮ ਨਹੀਂ ।
ਭਾਇ = ਪ੍ਰੇਮ ਵਿਚ, ਅਨੁਸਾਰ ਹੋ ਕੇ ।੧ ।
ਆਪੁ = ਆਪਾ = ਭਾਵ ।
ਸਹਜਿ = ਆਤਮਕ ਅਡੋਲਤਾ ਵਿਚ ।੧।ਰਹਾਉ ।
ਪੂਰਬਿ = ਪਹਿਲੇ ਜਨਮ ਵਿਚ ।
ਸੁਕਰਮੁ = ਸ਼੍ਰੇਸਟ ਕੰਮ, ਆਪਾ-ਭਾਵ ਦੂਰ ਕਰਨ ਦਾ ਸ੍ਰੇਸ਼ਟ ਕੰਮ ।
ਸੇਵਿ = ਸੇਵਾ ਕਰ ਕੇ, ਸਰਨ ਪੈ ਕੇ ।੨ ।
ਅਲਿਪਤੁ = ਨਿਰਲੇਪ, ਨਿਰਮੋਹ ।
ਤਕੀਐ = ਆਸਰੇ ।
ਨਾਮਿ = ਨਾਮ ਵਿਚ ।
ਅਧਾਰੇ = ਆਸਰੇ ।
ਜੋਰੁ = ਧੱਕਾ ।
ਤਿਸ ਨੋ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’} ।
ਖਪਿ = ਖਪ ਕੇ ।੩ ।
ਸੁਧਿ = {ਸੁਧਿ} ਅਕਲ, ਸੂਝ ।
ਆਤਮਘਾਤੀ = ਆਪਣੇ ਆਤਮਕ ਜੀਵਨ ਦਾ ਨਾਸ ਕਰਨ ਵਾਲਾ ।
ਜਗਤ ਕਸਾਈ = ਜਗਤ ਦਾ ਵੈਰੀ ।੪ ।
ਵਾੜੀ = ਫੁੱਲਾਂ ਦੀ ਬਗ਼ੀਚੀ ।
ਸਮਾਲੇ = ਸੰਭਾਲ ਕਰਦਾ ਹੈ ।
ਵਾਸਨਾ = ਸੁਗੰਧੀ ।
ਵਾਸੂ ਵਾਸੁ = (ਫੁੱਲਾਂ ਦੀ) ਸੁਗੰਧੀ ।੫ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ।੬ ।
ਜਿਨਿ = ਜਿਸ (ਪਰਮਾਤਮਾ) ਨੇ ।
ਕੀਤੇ = ਪੈਦਾ ਕੀਤੇ ।
ਬਿਧਿ = ਤਰੀਕਾ ।
ਤਾ = ਤਦੋਂ ।
ਹੁਕਮਿ = ਹੁਕਮ ਵਿਚ (ਤੁਰ ਕੇ) ।
ਪਛਾਣੈ = ਸਾਂਝ ਪਾ ਲੈਂਦਾ ਹੈ ।੭ ।
ਘਟ = ਅੰਤਰ—ਹਿਰਦੇ ਵਿਚ ।੮ ।
    
Sahib Singh
(ਹੇ ਭਾਈ! ਮੈਂ ਤੈਨੂੰ) ਗੁਰੂ ਦੀ ਸਦਾ ਅਟੱਲ ਰਹਿਣ ਵਾਲੀ ਸਿੱਖਿਆ ਸੁਣਾਈ ਹੈ (ਕਿ) ਪਰਮਾਤਮਾ ਦਾ ਚਿੰਤਨ ਕਰਦਾ ਰਹੁ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ ਤਦੋਂ) ਅੰਤ ਵੇਲੇ (ਪ੍ਰਭੂ ਦਾ ਨਾਮ ਹੀ) ਸਾਥੀ ਬਣਦਾ ਹੈ ।
ਉਹ ਪਰਮਾਤਮਾ (ਉਂਞ ਤਾਂ) ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦਿ੍ਰਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ ।
ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਗੁਰੂ ਦੇ ਅਨੁਸਾਰ ਹੋ ਕੇ ਤੁਰਿਆਂ ਉਸ ਨੂੰ ਮਿਲ ਸਕੀਦਾ ਹੈ ।੧।ਮੈਂ ਸਦਕੇ ਕੁਰਬਾਨ ਹਾਂ ਉਹਨਾਂ ਤੋਂ, ਜੇਹੜੇ ਆਪਾ-ਭਾਵ ਦੂਰ ਕਰਦੇ ਹਨ ।
ਜਦੋਂ ਮਨੁੱਖ ਆਪਾ-ਭਾਵ ਦੂਰ ਕਰਦਾ ਹੈ, ਤਾਂ ਪਰਮਾਤਮਾ ਨੂੰ ਮਿਲ ਪੈਂਦਾ ਹੈ, ਪਰਮਾਤਮਾ ਨਾਲ (ਮਿਲ ਕੇ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ।੧।ਰਹਾਉ ।
(ਪਰ ਇਹ ਆਪਾ-ਭਾਵ ਦੂਰ ਕਰਨ ਦਾ) ਸ੍ਰੇਸ਼ਟ ਕੰਮ ਉਹ ਮਨੁੱਖ (ਹੀ) ਕਰਦਾ ਹੈ, ਜਿਸ ਦੇ ਅੰਦਰ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਪਾ-ਭਾਵ ਦੂਰ ਕਰਨ ਦੇ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ ।
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ ।
ਗੁਰੂ ਭੀ ਪੂਰੀ ਕਿਸਮਤ ਤੋਂ ਬਿਨਾ ਨਹੀਂ ਮਿਲਦਾ ।
(ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ।੨ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦਾ ਸਹਾਰਾ ਲੈ ਕੇ ਗੁਰੂ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ ਜਗਤ ਵਿਚ ਨਿਰਮੋਹ ਰਹਿੰਦਾ ਹੈ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਉੱਤੇ ਕੋਈ ਹੋਰ ਮਨੁੱਖ ਦਬਾਉ ਨਹੀਂ ਪਾ ਸਕਦਾ, ਉਹ ਸਗੋਂ ਆਪ ਹੀ ਖ਼ੁਆਰ ਹੋ ਕੇ ਦੁੱਖ ਸਹਾਰਦਾ ਹੈ ।੩ ।
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ ।
(ਇਸ ਤ੍ਰਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ) ।
ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ ।੪ ।
(ਪਰ ਹੇ ਭਾਈ! ਜੀਵਾਂ ਦੇ ਕੀਹ ਵੱਸ?) ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ ।
ਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ ।
(ਪਰ) ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ ।
(ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ ।੫ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ (ਵਿਕਾਰਾਂ ਵਿਚ ਪੈ ਕੇ) ਰੋਗੀ ਹੋ ਰਿਹਾ ਹੈ (ਕਿਉਂਕਿ) ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪੁਹੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ ।
ਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ।੬ ।
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ ।
ਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ ।
ਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤ੍ਰਹਾਂ ਉਹ ਜੀਵ ਵਰਤੋਂ-ਵਿਹਾਰ ਕਰਦਾ ਹੈ ।
ਪ੍ਰਭੂ ਆਪ ਹੀ ਜੀਵਾਂ ਨੂੰ ਦਿੱਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ।੭ ।
(ਹੇ ਭਾਈ!) ਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ (ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ) ।
ਜਿਸ ਮਨੁੱਖ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ।
ਹੇ ਨਾਨਕ! (ਉਸ ਦੀ ਮੇਹਰ ਨਾਲ ਹੀ) ਉਸਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ ।
ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਬਖ਼ਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ ।੮।੧੪।੧੫ ।
Follow us on Twitter Facebook Tumblr Reddit Instagram Youtube