ਮਾਝ ਮਹਲਾ ੩ ॥
ਐਥੈ ਸਾਚੇ ਸੁ ਆਗੈ ਸਾਚੇ ॥
ਮਨੁ ਸਚਾ ਸਚੈ ਸਬਦਿ ਰਾਚੇ ॥
ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥
ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥

ਪੰਡਿਤ ਪੜਹਿ ਸਾਦੁ ਨ ਪਾਵਹਿ ॥
ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥
ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥

ਸਤਿਗੁਰੁ ਮਿਲੈ ਤਾ ਤਤੁ ਪਾਏ ॥
ਹਰਿ ਕਾ ਨਾਮੁ ਮੰਨਿ ਵਸਾਏ ॥
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥

ਕਿਲਵਿਖ ਕਾਟੈ ਕ੍ਰੋਧੁ ਨਿਵਾਰੇ ॥
ਗੁਰ ਕਾ ਸਬਦੁ ਰਖੈ ਉਰ ਧਾਰੇ ॥
ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥੪॥

ਅੰਤਰਿ ਰਤਨੁ ਮਿਲੈ ਮਿਲਾਇਆ ॥
ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ ॥
ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥੫॥

ਆਪੇ ਰੰਗੇ ਰੰਗੁ ਚੜਾਏ ॥
ਸੇ ਜਨ ਰਾਤੇ ਗੁਰ ਸਬਦਿ ਰੰਗਾਏ ॥
ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥੬॥

ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥
ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥
ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥੭॥

ਗੁਰਮੁਖਿ ਥਾਪੇ ਥਾਪਿ ਉਥਾਪੇ ॥
ਗੁਰਮੁਖਿ ਜਾਤਿ ਪਤਿ ਸਭੁ ਆਪੇ ॥
ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥

Sahib Singh
ਐਥੈ = ਇਸ ਲੋਕ ਵਿਚ, ਇਸ ਮਨੁੱਖਾ ਜਨਮ ਵਿਚ ।
ਸਾਚੇ = ਸਦਾ = ਥਿਰ ਪ੍ਰਭੂ ਨਾਲ ਇਕ-ਮਿਕ, ਅਡੋਲ-ਚਿੱਤ ।
ਸੁ = ਉਹ ਬੰਦੇ ।
ਆਗੈ = ਪਰਲੋਕ ਵਿਚ ।
ਸਚਾ = ਸਦਾ = ਥਿਰ, ਅਡੋਲ ।੧ ।
ਮੰਨਿ = ਮਨਿ, ਮਨ ਵਿਚ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੧।ਰਹਾਉ ।
ਸਾਦੁ = ਸੁਆਦ, ਆਤਮਕ ਆਨੰਦ ।
ਭਾਇ = ਪਿਆਰ ਵਿਚ ।
ਦੂਜੈ ਭਾਇ = ਮਾਇਆ ਦੇ ਮੋਹ ਵਿਚ ।
ਭਰਮਾਵਹਿ = ਭਟਕਾਂਦੇ ਹਨ, ਦੁੜਾਂਦੇ ਹਨ ।
ਮੋਹਿ = ਮੋਹ ਵਿਚ ।
ਸੁਧਿ = ਸੂਝ ।
ਕਰਿ = ਕਰ ਕੇ ।੨ ।
ਤਾ = ਤਦੋਂ ।
ਤਤੁ = ਅਸਲੀਅਤ ।
ਮਰੈ = ਮਰਦਾ ਹੈ, ਮੋਹ ਵਲੋਂ ਉੱਚਾ ਹੋ ਜਾਂਦਾ ਹੈ ।੩।ਕਿਲਵਿਖ—ਪਾਪ ।
ਨਿਵਾਰੇ = ਦੂਰ ਕਰਦਾ ਹੈ ।
ਉਰ = ਹਿਰਦਾ ।
ਧਾਰੇ = ਧਾਰਿ, ਧਾਰ ਕੇ, ਸਾਂਭ ਕੇ ।
ਬੈਰਾਗੀ = ਮਾਇਆ ਦੇ ਮੋਹ ਵਲੋਂ ਉਪਰਾਮ ।੪ ।
ਅੰਤਰਿ = ਸਰੀਰ ਦੇ ਅੰਦਰ ।
ਤਿ੍ਰਬਿਧਿ = ਤਿੰਨ ਕਿਸਮਾਂ ਵਾਲੀ ।
ਮਨਸਾ = {ਮਨੀ—ਾ} ਕਾਮਨਾ ।
ਤਿ੍ਰਬਿਧਿ = {>ਿਬਿਧਿ} ਤਿੰਨ ਗੁਣਾਂ ਵਾਲੀ ।
ਮੋਨੀ = ਮੋਨਧਾਰੀ ਰਿਸ਼ੀ, ਸਮਾਧੀਆਂ ਲਾਣ ਵਾਲੇ ।
ਚਉਥਾ ਪਦੁ = ਉਹ ਆਤਮਕ ਅਵਸਥਾ ਜੋ ਮਾਇਆ ਦੇ ਤਿੰਨ ਗੁਣਾਂ ਦੇ ਅਸਰ ਤੋਂ ਉਤਾਂਹ ਰਹਿੰਦੀ ਹੈ ।
ਸਾਰ = ਸੂਝ ।੫ ।
ਸੇ ਜਨ = ਉਹ ਬੰਦੇ ।
ਸਬਦਿ = ਸ਼ਬਦ ਵਿਚ ।
ਅਪਾਰਾ = ਬੇਅੰਤ ।
ਰਸਿ = ਰਸ ਵਿਚ ।
ਰਸਿ = ਰਸ ਨਾਲ, ਆਨੰਦ ਨਾਲ ।੬ ।
ਸਚੁ ਸੋਈ = ਉਹ ਸਦਾ = ਥਿਰ ਪਰਮਾਤਮਾ ਹੀ ।
ਨਾਮਿ = ਨਾਮ ਵਿਚ ।੭ ।
ਥਾਪੇ = ਸਾਜਦਾ ਹੈ ।
ਥਾਪਿ = ਸਾਜ ਕੇ ।
ਉਥਾਪੇ = ਨਾਸ ਕਰਦਾ ਹੈ ।
ਆਪੇ = ਪ੍ਰਭੂ ਆਪ ਹੀ ।੮ ।
    
Sahib Singh
(ਹੇ ਭਾਈ!) ਜੇਹੜੇ ਮਨੁੱਖ ਇਸ ਲੋਕ ਵਿਚ ਅਡੋਲ-ਚਿੱਤ ਰਹਿੰਦੇ ਹਨ, ਉਹ ਪਰਲੋਕ ਵਿਚ ਭੀ ਪ੍ਰਭੂ ਨਾਲ ਇਕ-ਮਿਕ ਹੋਏ ਰਹਿੰਦੇ ਹਨ ।
ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਰਚੇ ਰਹਿੰਦੇ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ ।
ਉਹ ਸਦਾ ਹੀ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ, ਸਿਮਰਨ ਦੀ ਹੀ ਕਮਾਈ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦੇ ਰਹਿੰਦੇ ਹਨ ।੧ ।
ਮੈਂ ਉਹਨਾਂ ਤੋਂ ਸਦਕੇ ਕੁਰਬਾਨ ਹਾਂ, ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦੇ ਹਨ ।
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ।੧।ਰਹਾਉ ।
ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹਦੇ (ਤਾਂ) ਹਨ (ਪਰ) ਆਤਮਕ ਆਨੰਦ ਨਹੀਂ ਮਾਣ ਸਕਦੇ (ਕਿਉਂਕਿ) ਉਹ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਵਲ ਹੀ ਆਪਣੇ ਮਨ ਨੂੰ ਦੁੜਾਂਦੇ ਰਹਿੰਦੇ ਹਨ ।
ਮਾਇਆ ਦੇ ਮੋਹ ਦੇ ਕਾਰਨ ਉਹਨਾਂ ਨੇ (ਉੱਚੇ ਆਤਮਕ ਜੀਵਨ ਬਾਰੇ) ਸਾਰੀ ਸੂਝ ਗਵਾ ਲਈ ਹੁੰਦੀ ਹੈ, (ਮਾਇਆ ਦੀ ਖ਼ਾਤਰ) ਅੌਗੁਣ ਕਰ ਕਰ ਕੇ ਪਛੁਤਾਂਦੇ ਰਹਿੰਦੇ ਹਨ ।੨ ।
ਜਦੋਂ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ ਅਸਲੀਅਤ ਸਮਝ ਲੈਂਦਾ ਹੈ, ਉਹ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ ।
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਅਡੋਲ ਹੋ ਜਾਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਤੇ ਮੋਹ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਲੈਂਦਾ ਹੈ ।੩ ।
ਜੇਹੜਾ ਮਨੁੱਖ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ ਉਹ (ਆਪਣੇ ਅੰਦਰੋਂ) ਪਾਪ ਕੱਟ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ ।
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਤੋਂ ਸਦਾ ਉਪਰਾਮ ਰਹਿੰਦੇ ਹਨ ।
ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ (ਪ੍ਰਭੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ ।੪ ।
(ਹੇ ਭਾਈ! ਹਰੇਕ ਜੀਵ) ਦੇ ਅੰਦਰ (ਪ੍ਰਭੂ ਦੀ ਜੋਤਿ-) ਰਤਨ ਮੌਜੂਦ ਹੈ, ਪਰ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ (ਗੁਰੂ) ਮਿਲਾ ਦੇਵੇ (ਮਨੁੱਖ ਆਪਣੇ ਉੱਦਮ ਸਿਆਣਪ ਨਾਲ ਹਾਸਲ ਨਹੀਂ ਕਰ ਸਕਦਾ, ਕਿਉਂਕਿ) ਤਿੰਨ ਗੁਣਾਂ ਵਾਲੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੀ ਮਨੋ ਕਾਮਨਾ ਤਿੰਨਾਂ ਗੁਣਾਂ ਅਨੁਸਾਰ (ਵੰਡੀ ਰਹਿੰਦੀ) ਹੈ ।
ਪੰਡਿਤ ਤੇ ਹੋਰ ਸਿਆਣੇ ਸਮਾਧੀਆਂ ਲਾਣ ਵਾਲੇ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਪੈਂਦੇ ਹਨ(ਪਰ ਤਿ੍ਰਗੁਣੀ ਮਾਇਆ ਦੇ ਪ੍ਰਭਾਵ ਦੇ ਕਾਰਨ) ਉਹ ਉਸ ਆਤਮਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕਦੇ ਜੇਹੜੀ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਟਿਕਾਈ ਰੱਖਦੀ ਹੈ ।੫ ।
(ਹੇ ਭਾਈ! ਇਸ ਤਿ੍ਰਗੁਣੀ ਮਾਇਆ ਦੇ ਸਾਹਮਣੇ ਜੀਵਾਂ ਦੀ ਪੇਸ਼ ਨਹੀਂ ਜਾ ਸਕਦੀ, ਜੀਵਾਂ ਨੂੰ) ਪ੍ਰਭੂ ਆਪ ਹੀ (ਆਪਣੇ ਨਾਮ-ਰੰਗ ਵਿਚ) ਰੰਗਦਾ ਹੈ, ਆਪ ਹੀ (ਆਪਣਾ ਪ੍ਰੇਮ-) ਰੰਗ (ਜੀਵਾਂ ਦੇ ਹਿਰਦਿਆਂ ਉੱਤੇ) ਚਾੜ੍ਹਦਾ ਹੈ ।
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਗੁਰੂ ਦੇ ਸ਼ਬਦ ਵਿਚ ਰੰਗਦਾ ਹੈ, ਉਹ ਮਨੁੱਖ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ ।
ਉਹਨਾਂ ਨੂੰ ਉਸ ਬੇਅੰਤ ਹਰੀ ਦਾ ਪ੍ਰੇਮ-ਰੰਗ ਬਹੁਤ ਚੜਿ੍ਹਆ ਰਹਿੰਦਾ ਹੈ ।
ਉਹ ਹਰੀ ਦੇ ਨਾਮ-ਰਸ ਵਿਚ (ਭਿੱਜ ਕੇ) ਆਤਮਕ ਆਨੰਦ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ।੬ ।
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਹੈ ।
ਗੁਰੂ ਦੇ ਸਨਮੁਖ ਰਹਿ ਕੇ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋਣ ਕਰਕੇ ਉਹਨਾਂ ਨੂੰ ਮਾਇਆ ਦੇ ਮੋਹ ਤੋਂ) ਖ਼ਲਾਸੀ ਮਿਲੀ ਰਹਿੰਦੀ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ (ਦੀ) ਕਾਰ (ਨਿੱਤ) ਕਰਦੇ ਹਨ, (ਇਸ ਤ੍ਰਹਾਂ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਹੀ ਸਦਾ ਲੀਨ ਰਹਿੰਦੇ ਹਨ ।੭ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਪ੍ਰਭੂ ਆਪ ਹੀ ਸਿ੍ਰਸ਼ਟੀ ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ ।
ਪਰਮਾਤਮਾ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਲਈ (ਉੱਚੀ) ਜਾਤਿ ਹੈ ਤੇ (ਲੋਕ ਪਰਲੋਕ ਦੀ) ਇੱਜ਼ਤ ਹੈ ।
ਹੇ ਨਾਨਕ! ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਸਦਾ ਪ੍ਰਭੂ ਦਾ) ਨਾਮ ਸਿਮਰਦਾ ਹੈ, ਤੇ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ।੮।੧੨।੧੩ ।
Follow us on Twitter Facebook Tumblr Reddit Instagram Youtube