ਮਾਝ ਮਹਲਾ ੩ ॥
ਸਤਿਗੁਰੁ ਸੇਵਿਐ ਵਡੀ ਵਡਿਆਈ ॥
ਹਰਿ ਜੀ ਅਚਿੰਤੁ ਵਸੈ ਮਨਿ ਆਈ ॥
ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ ॥
ਹਰਿ ਸਤਸੰਗਤਿ ਆਪੇ ਮੇਲੈ ਗੁਰ ਸਬਦੀ ਹਰਿ ਗੁਣ ਗਾਵਣਿਆ ॥੧॥ ਰਹਾਉ ॥

ਸਤਿਗੁਰੁ ਸੇਵੀ ਸਬਦਿ ਸੁਹਾਇਆ ॥
ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ ॥
ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥੨॥

ਬਿਨੁ ਗੁਰ ਨਾਮੁ ਨ ਪਾਇਆ ਜਾਇ ॥
ਸਿਧ ਸਾਧਿਕ ਰਹੇ ਬਿਲਲਾਇ ॥
ਬਿਨੁ ਗੁਰ ਸੇਵੇ ਸੁਖੁ ਨ ਹੋਵੀ ਪੂਰੈ ਭਾਗਿ ਗੁਰੁ ਪਾਵਣਿਆ ॥੩॥

ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥
ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥
ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥੪॥

ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥
ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ ॥
ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥੫॥

ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ ॥
ਦੂਜਾ ਭਰਮੁ ਗੁਰ ਸਬਦਿ ਜਲਾਏ ॥
ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥੬॥

ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ ॥
ਗੁਰਮੁਖਿ ਪਾਏ ਮੋਖ ਦੁਆਰੁ ॥
ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥੭॥

ਸਤਿਗੁਰੁ ਦਾਤਾ ਮਿਲੈ ਮਿਲਾਇਆ ॥
ਪੂਰੈ ਭਾਗਿ ਮਨਿ ਸਬਦੁ ਵਸਾਇਆ ॥
ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥

Sahib Singh
ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਬਣਾਇਆ ਜਾਏ {ਸੇਵੱ—ਠੋ ਬੲ ਟੳਕੲ ੋਨੲਸੲਲਡ ਟੋ} ।
ਅਚਿੰਤੁ = ਜਿਸ ਨੂੰ ਕੋਈ ਚਿੰਤਾ ਪੋਹ ਨ ਸਕੇ ।
ਮਨਿ = ਮਨ ਵਿਚ ।
ਆਈ = ਆਇ, ਆ ਕੇ ।
ਸਫਲਿਓ = ਫਲਾਂ ਵਾਲਾ ।
ਜਿਨਿ = ਜਿਸ (ਮਨੁੱਖ) ਨੇ ।
ਤਿਸੁ ਤਿਖਾ = ਉਸ ਦੀ ਤ੍ਰੇਹ ।੧ ।
ਸਚੁ = ਸਦਾ = ਥਿਰ ਪ੍ਰਭੂ ।
ਮੇਲਿ = ਮਿਲਾ ਕੇ ।੧।ਰਹਾਉ ।
ਸੇਵੀ = ਸੇਵੀਂ, ਮੈਂ ਸੇਂਵਦਾ ਹਾਂ ।
ਜਿਨਿ = ਜਿਸ (ਗੁਰੂ) ਨੇ ।
ਮੰਨਿ = ਮਨਿ, ਮਨ ਵਿਚ ।੨ ।
ਬਿਨੁ ਗੁਰ = ਗੁਰੂ ਤੋਂ ਬਿਨਾ ।
ਸਿਧ = ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ ।
ਸਾਧਿਕ = ਸਾਧਨ ਕਰਨ ਵਾਲੇ ।
ਪੂਰੈ ਭਾਗਿ = ਪੂਰੀ ਕਿਸਮਤਿ ਨਾਲ ।੩।ਆਰਸੀ—ਮੂੰਹ ਵੇਖਣ ਵਾਲਾ ਸ਼ੀਸ਼ਾ ।
ਮੋਰਚਾ = ਜੰਗਾਲ ।
ਸੋਖੈ = ਸੁਕਾ ਦੇਵੇ ।
ਅਨਹਤ = ਇਕ = ਰਸ, ਲਗਾਤਾਰ {ਅਨਾਹਤ—ਅਨੱ-ਆਹਤ} ।
ਸਚਿ = ਸਦਾ = ਥਿਰ ਪ੍ਰਭੂ ਵਿਚ ।੪ ।
ਕਿਹੁ = ਕਿਸੇ ਪਾਸੋਂ ।
ਗੁਰਿ = ਗੁਰੂ ਨੇ ।
ਆਪੁ = ਆਪਾ, ਆਪਣਾ ਆਤਮਕ ਜੀਵਨ ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ।੫ ।
ਇਕਸੁ ਸਿਉ = ਇਕ (ਪਰਮਾਤਮਾ) ਨਾਲ ਹੀ ।
ਲਿਵ = ਲਗਨ, ਪਿਆਰ ।
ਸਬਦਿ = ਸ਼ਬਦ ਦੀ ਰਾਹੀਂ ।
ਨਿਧਾਨੁ = ਖ਼ਜ਼ਾਨਾ ।੬ ।
ਕੀਰਤਿ = ਸਿਫ਼ਤਿ = ਸਾਲਾਹ ।
ਕਰਣੀ = ਕਰਨ = ਜੋਗ ਕੰਮ {ਕਰਣੀਯ} ।
ਸਾਰੁ = ਸ੍ਰੇਸ਼ਟ ।
ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ।
ਅਨਦਿਨੁ = {ਅਨੁਦਿਨ} ਹਰ ਰੋਜ਼ ।
ਮਹਲਿ = ਪ੍ਰਭੂ ਦੇ ਮਹਲ ਵਿਚ ।੭ ।
ਵਡਿਆਈ = ਇੱਜ਼ਤ ।
ਸਚੇ ਕੇ = ਸਦਾ = ਥਿਰ ਰਹਿਣ ਵਾਲੇ ਦੇ ।੮ ।
    
Sahib Singh
ਜੇ (ਮਨੁੱਖ) ਗੁਰੂ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ-ਪਰਨਾ ਬਣਾ ਲਏ, ਤਾਂ ਉਸ ਨੂੰ ਇਹ ਭਾਰੀ ਇੱਜ਼ਤ ਮਿਲਦੀ ਹੈ ਕਿ ਉਹ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ ਜਿਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ ।
(ਹੇ ਭਾਈ!) ਪਰਮਾਤਮਾ (ਮਾਨੋ) ਇਕ ਫਲਦਾਰ ਰੁੱਖ ਹੈ ਜਿਸ ਵਿਚੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋਂਦਾ ਹੈ ।
ਜਿਸ ਮਨੁੱਖ ਨੇ (ਉਹ ਰਸ) ਪੀ ਲਿਆ, ਨਾਮ-ਰਸ ਨੇ ਉਸ ਦੀ (ਮਾਇਆ ਦੀ) ਤ੍ਰੇਹ ਦੂਰ ਕਰ ਦਿੱਤੀ ।੧ ।
ਮੈਂ ਸਦਕੇ ਹਾਂ ਕੁਰਬਾਨ ਹਾਂ (ਪਰਮਾਤਮਾ ਤੋਂ), ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਧ-ਸੰਗਤਿ ਵਿਚ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ।
ਪਰਮਾਤਮਾ ਆਪ ਹੀ ਸਾਧ ਸੰਗਤਿ ਦਾ ਮੇਲ ਕਰਦਾ ਹੈ ।
(ਜੇਹੜਾ ਮਨੁੱਖ ਸਾਧ ਸੰਗਤਿ ਵਿਚ ਜੁੜਦਾ ਹੈ ਉਹ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਹੈ ।੧।ਰਹਾਉ ।
(ਹੇ ਭਾਈ!) ਮੈਂ ਉਸ ਗੁਰੂ ਨੂੰ ਆਪਣਾ ਆਸਰਾ-ਪਰਨਾ ਬਣਾਇਆ ਹੈ, ਜਿਸ ਨੇ ਆਪਣੇ ਸ਼ਬਦ ਦੀ ਰਾਹੀਂ ਮੇਰਾ ਜੀਵਨ ਸੰਵਾਰ ਦਿੱਤਾ ਹੈ, ਜਿਸ ਨੇ ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ ।
(ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ ।
(ਜੇਹੜਾ ਮਨੁੱਖ ਪ੍ਰਭੂ-ਨਾਮ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਖੱਟਦਾ ਹੈ ।੨ ।
ਪਰ ਜੋਗ-ਸਾਧਨ ਕਰਨ ਵਾਲੇ ਤੇ ਜੋਗ-ਸਾਧਨ ਵਿਚ ਪੁੱਗੇ ਹੋਏ ਅਨੇਕਾਂ ਜੋਗੀ ਤਰਲੇ ਲੈਂਦੇ ਰਹਿ ਗਏ, ਪਰਮਾਤਮਾ ਦਾ ਨਾਮ ਗੁਰੂ (ਦੀ ਸਰਨ) ਤੋਂ ਬਿਨਾ ਨਹੀਂ ਮਿਲਦਾ ।
ਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਨਹੀਂ ਬਣਦਾ, ਵੱਡੀ ਕਿਸਮਤਿ ਨਾਲ ਗੁਰੂ ਮਿਲਦਾ ਹੈ ।੩ ।
ਮਨੁੱਖ ਦਾ ਇਹ ਮਨ ਆਰਸੀ (ਲੋੋਕਨਿਗ-ਗਲੳਸਸ) ਸਮਾਨ ਹੈ (ਇਸ ਦੀ ਰਾਹੀਂ ਹੀ ਮਨੁੱਖ ਆਪਣਾ ਆਤਮਕ ਜੀਵਨ ਵੇਖ ਸਕਦਾ ਹੈ, ਪਰ) ਸਿਰਫ਼ ਉਹੀ ਮਨੁੱਖ ਵੇਖਦਾ ਹੈ ਜੇਹੜਾ ਗੁਰੂ ਦੀ ਸਰਨ ਪਏ (ਗੁਰੂ ਦਾ ਆਸਰਾ ਲੈਣ ਤੋਂ ਬਿਨਾ ਇਸ ਮਨ ਨੂੰ ਹਉਮੈ ਦਾ ਜੰਗਾਲ ਲੱਗਾ ਰਹਿੰਦਾ ਹੈ) ਜਦੋਂ (ਗੁਰੂ ਦੇ ਦਰ ਤੇ ਪੈ ਕੇ ਮਨੁੱਖ ਆਪਣੇ ਅੰਦਰੋਂ ਹਉਮੈ ਮੁਕਾਂਦਾ ਹੈ ਤਾਂ (ਫਿਰ ਮਨ ਨੂੰ ਹਉਮੈ ਦਾ) ਜੰਗਾਲ ਨਹੀਂ ਲੱਗਦਾ (ਤੇ ਮਨੁੱਖ ਇਸ ਦੀ ਰਾਹੀਂ ਆਪਣੇ ਜੀਵਨ ਨੂੰ ਵੇਖ-ਪਰਖ ਸਕਦਾ ਹੈ) ।
(ਗੁਰੂ ਦੀ ਸਰਨ ਪਿਆ ਮਨੁੱਖ) ਗੁਰੂ ਦੀ ਪਵਿਤ੍ਰ ਬਾਣੀ ਨੂੰ ਗੁਰੂਦੇ ਸ਼ਬਦ ਨੂੰ ਇਕ-ਰਸ (ਆਪਣੇ ਅੰਦਰ) ਪ੍ਰਬਲ ਕਰੀ ਰੱਖਦਾ ਹੈ ਤੇ (ਇਸ ਤ੍ਰਹਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।੪ ।
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਪਾਸੋਂ ਭੀ (ਆਪਣਾ ਆਤਮਕ ਜੀਵਨ) ਵੇਖਿਆ-ਪਰਖਿਆ ਨਹੀਂ ਜਾ ਸਕਦਾ, (ਜਿਸ ਨੂੰ ਵਿਖਾਇਆ ਹੈ) ਗੁਰੂ ਨੇ (ਹੀ) ਕਿਰਪਾ ਕਰ ਕੇ (ਉਸਦਾ) ਆਪਣਾ ਆਤਮਕ ਜੀਵਨ ਵਿਖਾਇਆ ਹੈ ।
(ਫਿਰ ਉਸ ਵਡਭਾਗੀ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਆਪ ਹੀ (ਸਭ ਜੀਵਾਂ ਵਿਚ) ਵਿਆਪਕ ਹੋ ਰਿਹਾ ਹੈ (ਆਪਣੇ ਆਪੇ ਦੀ ਵੇਖ-ਪਰਖ ਕਰਨ ਵਾਲਾ ਮਨੁੱਖ) ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।੫ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਸਿਰਫ਼ ਪਰਮਾਤਮਾ ਨਾਲ ਹੀ ਪ੍ਰੇਮ ਪਾਈ ਰੱਖਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ ।
ਉਹ ਆਪਣੇ ਸਰੀਰ ਦੇ ਵਿਚ ਹੀ ਰਹਿ ਕੇ (ਭਾਵ, ਮਨ ਨੂੰ ਬਾਹਰ ਭਟਕਣੋਂ ਰੋਕ ਕੇ) ਪ੍ਰਭੂ-ਨਾਮ ਦਾ ਵਣਜ ਵਪਾਰ ਕਰਦਾ ਹੈ, ਤੇ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ ।੬ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਹੀ ਕਰਨ-ਜੋਗ ਕੰਮ ਸਮਝਦਾ ਹੈ ਸਭ ਤੋਂ ਸ੍ਰੇਸ਼ਟ ਉੱਦਮ ਜਾਣਦਾ ਹੈ ।
ਗੁਰੂ ਦੇ ਸਨਮੁਖ ਰਹਿ ਕੇ ਉਹ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ ।
ਉਹ ਹਰ ਵੇਲੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗਿਆ ਰਹਿ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ ।
ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਆਪਣੀ ਹਜ਼ੂਰੀ ਵਿਚ ਬੁਲਾਈ ਰੱਖਦਾ ਹੈ (ਜੋੜੀ ਰੱਖਦਾ ਹੈ) ।
ਗੁਰੂ ਹੀ (ਸਿਫ਼ਤਿ-ਸਾਲਾਹ ਦੀ, ਨਾਮ ਦੀ) ਦਾਤ ਦੇਣ ਵਾਲਾ ਹੈ (ਪਰ ਗੁਰੂ ਤਦੋਂ ਹੀ) ਮਿਲਦਾ ਹੈ (ਜਦੋਂ ਪਰਮਾਤਮਾ ਆਪ) ਮਿਲਾਏ ।
(ਜਿਸ ਮਨੁੱਖ ਨੂੰ) ਪੂਰੀ ਕਿਸਮਤਿ ਨਾਲ (ਗੁਰੂ ਮਿਲ ਪੈਂਦਾ ਹੈ ਉਹ ਆਪਣੇ) ਮਨ ਵਿਚ ਗੁਰੂ ਦਾ ਸ਼ਬਦ ਵਸਾਈ ਰੱਖਦਾ ਹੈ ।
ਹੇ ਨਾਨਕ! ਉਸ ਮਨੁੱਖ ਨੂੰ ਇਹ ਵਡਿਆਈ ਮਿਲਦੀ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ਉਹ ਸਦਾ-ਥਿਰ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ ।੮।੯।੧੦ ।
Follow us on Twitter Facebook Tumblr Reddit Instagram Youtube