ਮਾਝ ਮਹਲਾ ੩ ॥
ਸਬਦਿ ਮਰੈ ਸੁ ਮੁਆ ਜਾਪੈ ॥
ਕਾਲੁ ਨ ਚਾਪੈ ਦੁਖੁ ਨ ਸੰਤਾਪੈ ॥
ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥
ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥

ਕਾਇਆ ਕਚੀ ਕਚਾ ਚੀਰੁ ਹੰਢਾਏ ॥
ਦੂਜੈ ਲਾਗੀ ਮਹਲੁ ਨ ਪਾਏ ॥
ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥

ਦੇਹੀ ਜਾਤਿ ਨ ਆਗੈ ਜਾਏ ॥
ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥
ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥

ਭੈ ਭਾਇ ਸੀਗਾਰੁ ਬਣਾਏ ॥
ਗੁਰ ਪਰਸਾਦੀ ਮਹਲੁ ਘਰੁ ਪਾਏ ॥
ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥

ਸਭਨਾ ਪਿਰੁ ਵਸੈ ਸਦਾ ਨਾਲੇ ॥
ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥
ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥

ਮਾਇਆ ਮੋਹਿ ਇਹੁ ਜਗੁ ਸੁਤਾ ॥
ਨਾਮੁ ਵਿਸਾਰਿ ਅੰਤਿ ਵਿਗੁਤਾ ॥
ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥

ਅਪਿਉ ਪੀਐ ਸੋ ਭਰਮੁ ਗਵਾਏ ॥
ਗੁਰ ਪਰਸਾਦਿ ਮੁਕਤਿ ਗਤਿ ਪਾਏ ॥
ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥

ਆਪਿ ਉਪਾਏ ਧੰਧੈ ਲਾਏ ॥
ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥
ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥

Sahib Singh
ਮਰੈ = ਮਰਦਾ ਹੈ ।
ਮੁਆ = (ਹਉਮੈ ਮਮਤਾ ਵਲੋਂ) ਮਾਰਿਆ ਹੋਇਆ ।
ਜਾਪੈ = ਉੱਘਾ ਹੋ ਜਾਂਦਾ ਹੈ ।
ਕਾਲੁ = ਮੌਤ, ਆਤਮਕ ਮੌਤ ।
ਚਾਪੈ = {ਚਾਪ—ਧਨੁਖ} ਫਾਹੀ ਪਾ ਸਕਦਾ ।
ਮਿਲਿ = ਮਿਲ ਕੇ ।
ਮਨ = ਹੇ ਮਨ !
ਸਚਿ = ਸਦਾ = ਥਿਰ ਪ੍ਰਭੂ ਵਿਚ ।੧ ।
ਕੈ ਨਾਇ = ਦੇ ਨਾਮ ਵਿਚ ।
ਸੇਵਿ = ਸੇਵ ਕੇ, ਸੇਵਾ ਕਰ ਕੇ ।
ਸਹਜਿ = ਆਤਮਕ ਅਡੋਲਤਾ ਵਿਚ ।੧।ਰਹਾਉ ।
ਕਚੀ = ਨਾਸਵੰਤ ।
ਚੀਰੁ = ਕੱਪੜਾ ।
ਦੂਜੈ = ਮਾਇਆ ਦੇ ਮੋਹ ਵਿਚ ।
ਮਹਲੁ = ਪ੍ਰਭੂ = ਚਰਨਾਂ ਵਿਚ ਨਿਵਾਸ ।
ਜਲਦੀ = ਸੜਦੀ ।੨ ।
ਦੇਹੀ = ਸਰੀਰ ।
ਜਾਤਿ = (ਉੱਚੀ) ਜਾਤਿ (ਦਾ ਮਾਣ) ।
ਆਗੈ = ਪਰਲੋਕ ਵਿਚ ।
ਛੁਟੈ = ਸੁਰਖ਼ਰੂ ਹੁੰਦਾ ਹੈ ।
ਕਮਾਏ = ਕਮਾਇ, ਕਮਾ ਕੇ ।
ਸਚੁ ਕਮਾਏ = ਸਦਾ = ਥਿਰ ਨਾਮ ਸਿਮਰਨ ਦੀ ਕਮਾਈ ਕਰ ਕੇ ।
ਐਥੈ ਓਥੈ = ਇਸ ਲੋਕ ਵਿਚ ਤੇ ਪਰਲੋਕ ਵਿਚ ।
ਨਾਮਿ = ਨਾਮ ਵਿਚ ।੩ ।
ਭੈ = (ਪ੍ਰਭੂ ਦੇ) ਡਰ = ਅਦਬ ਵਿਚ (ਰਹਿ ਕੇ) ।
ਭਾਇ = (ਪ੍ਰਭੂ ਦੇ) ਪਿਆਰ ਵਿਚ (ਜੁੜ ਕੇ) ।
ਸੀਗਾਰੁ = ਗਹਣਾ ।
ਰਵੈ = ਸਿਮਰਦਾ ਹੈ ।
ਮਜੀਠੈ ਰੰਗੁ = ਮਜੀਠ ਵਾਲਾ ਪੱਕਾ ਰੰਗ ।੪ ।
ਕੋ = ਕੋਈ ਵਿਰਲਾ ।
ਨਦਰਿ ਨਿਹਾਲੇ = ਅੱਖਾਂ ਨਾਲ ਵੇਖਦਾ ਹੈ ।੫ ।
ਮੋਹਿ = ਮੋਹ ਵਿਚ ।
ਅੰਤ = ਆਖ਼ਰ ।
ਵਿਗੁਤਾ = ਖ਼ੁਆਰ ਹੁੰਦੀ ਹੈ ।
ਜਿਸ ਤੇ = ਜਿਸ ਪਰਮਾਤਮਾ ਦੇ ਹੁਕਮ ਅਨੁਸਾਰ ।੬ ।
ਅਪਿਉ = ਅੰਮਿ੍ਰਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਭਰਮੁ = ਭਟਕਣਾ ।
ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ ।
ਗਤਿ = ਉੱਚੀ ਆਤਮਕ ਅਵਸਥਾ ।
ਬੈਰਾਗੀ = ਵੈਰਾਗਵਾਨ, ਮਾਇਆ ਦੇ ਮੋਹ ਤੋਂ ਉਤਾਂਹ ।
ਆਪੁ = ਆਪਾ = ਭਾਵ ।੭ ।
ਧੰਧੈ = ਝੰਬੇਲੇ ਵਿਚ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੮ ।
    
Sahib Singh
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦਾ ਹੈ, ਉਹ (ਆਪਾ-ਭਾਵ ਵਲੋਂ) ਮਰਿਆ ਹੋਇਆ ਮਨੁੱਖ (ਜਗਤ ਵਿਚ) ਆਦਰ-ਮਾਣ ਪਾਂਦਾ ਹੈ, ਉਸ ਨੂੰ ਆਤਮਕ ਮੌਤ (ਆਪਣੇ ਪੰਜੇ ਵਿਚ) ਫਸਾ ਨਹੀਂ ਸਕਦੀ, ਉਸ ਨੂੰ ਕੋਈ ਦੁੱਖ-ਕਲੇਸ਼ ਦੁਖੀ ਨਹੀਂ ਕਰ ਸਕਦਾ ।
ਪ੍ਰਭੂ ਦੀ ਜੋਤਿ ਵਿਚ ਮਿਲ ਕੇ ਉਸ ਦੀ ਸੁਰਤਿ ਪ੍ਰਭੂ ਵਿਚ ਹੀ ਲੀਨ ਰਹਿੰਦੀ ਹੈ ।
ਤੇ, ਹੇ ਮਨ! ਉਹ ਮਨੁੱਖ (ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਕੇ ਸਦਾ-ਥਿਰ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ।੧ ।
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦੇ ਹਨ, ਜੇਹੜੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ-ਥਿਰ ਪ੍ਰਭੂ ਵਿਚ ਚਿੱਤ ਜੋੜਦੇ ਹਨ ਅਤੇ ਗੁਰੂ ਦੀ ਮਤਿ ਤੇ ਤੁਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ।੧।ਰਹਾਉ ।
ਇਹ ਸਰੀਰ ਨਾਸਵੰਤ ਹੈ, ਮਾਨੋ, ਕਮਜ਼ੋਰ ਜਿਹਾ ਕੱਪੜਾ ਹੈ (ਪਰ ਮਨੁੱਖ ਦੀ ਜਿੰਦ ਇਸ) ਜਰਜਰੇ ਕੱਪੜੇ ਨੂੰ ਹੀ ਹਢਾਂਦੀ ਰਹਿੰਦੀ ਹੈ (ਭਾਵ, ਜਿੰਦ ਸਰੀਰਕ ਭੋਗਾਂ ਵਿਚ ਹੀ ਮਗਨ ਰਹਿੰਦੀ ਹੈ) ।
(ਜਿੰਦ) ਮਾਇਆ ਦੇਪਿਆਰ ਵਿਚ ਲੱਗੀ ਰਹਿੰਦੀ ਹੈ (ਇਸ ਵਾਸਤੇ ਇਹ ਪ੍ਰਭੂ-ਚਰਨਾਂ ਵਿਚ) ਟਿਕਾਣਾ ਹਾਸਲ ਨਹੀਂ ਕਰ ਸਕਦੀ ।
(ਮਾਇਆ ਦੇ ਮੋਹ ਦੇ ਕਾਰਨ ਜਿੰਦ) ਹਰ ਵੇਲੇ ਦਿਨ ਰਾਤ ਸੜਦੀ ਤੇ ਭਟਕਦੀ ਹੈ, ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ ਬਹੁਤ ਦੁੱਖ ਝੱਲਦੀ ਹੈ ।੨ ।
ਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ) ।
ਜਿਥੇ (ਪਰਲੋਕ ਵਿਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ ।
ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ।੩ ।
ਜੇਹੜਾ ਮਨੁੱਖ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੇ ਪ੍ਰੇਮ ਵਿਚ ਮਗਨ ਹੋ ਕੇ (ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ) ਗਹਣਾ ਬਣਾਂਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ ਟਿਕਾਣਾ ਬਣਾ ਲੈਂਦਾ ਹੈ ਪ੍ਰਭੂ-ਚਰਨਾਂ ਵਿਚ ਘਰ ਪ੍ਰਾਪਤ ਕਰ ਲੈਂਦਾ ਹੈ, ਉਹ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਹ ਆਪਣੀ ਜਿੰਦ ਨੂੰ) ਮਜੀਠ ਵਰਗਾ (ਪੱਕਾ ਪ੍ਰਭੂ ਦਾ) ਨਾਮ-ਰੰਗ ਚਾੜ੍ਹ ਲੈਂਦਾ ਹੈ ।੪ ।
(ਹੇ ਭਾਈ!) ਪ੍ਰਭੂ-ਪਤੀ ਸਦਾ ਸਭ ਜੀਵਾਂ ਦੇ ਨਾਲ (ਸਭ ਦੇ ਅੰਦਰ) ਵੱਸਦਾ ਹੈ, ਪਰ ਕੋਈ ਵਿਰਲਾ ਜੀਵ ਗੁਰੂ ਦੀ ਕਿਰਪਾ ਨਾਲ (ਉਸ ਨੂੰ ਹਰ ਥਾਂ) ਆਪਣੀ ਅੱਖੀਂ ਵੇਖਦਾ ਹੈ ।
(ਹੇ ਭਾਈ!) ਪਿਆਰਾ ਪ੍ਰਭੂ ਬਹੁਤ ਹੀ ਉੱਚਾ ਹੈ (ਬੇਅੰਤ ਉੱਚੇ ਆਤਮਕ ਜੀਵਨ ਦਾ ਮਾਲਕ ਹੈ, ਤੇ ਅਸੀ ਜੀਵ ਨੀਵੇਂ ਜੀਵਨ ਵਾਲੇ ਹਾਂ) ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ।੫ ।
ਇਹ ਜਗਤ ਮਾਇਆ ਦੇ ਮੋੇਹ ਵਿਚ ਫਸ ਕੇ ਸੁੱਤਾ ਪਿਆ ਹੈ (ਆਤਮਕ ਜੀਵਨ ਵਲੋਂ ਅਵੇਸਲਾ ਹੋ ਰਿਹਾ ਹੈ) ਪਰਮਾਤਮਾ ਦਾ ਨਾਮ ਭੁਲਾ ਕੇ ਆਖ਼ਰ ਖ਼ੁਆਰ ਭੀ ਹੁੰਦਾ ਹੈ, (ਫਿਰ ਭੀ ਇਹ ਇਸ ਨੀਂਦ ਵਿਚੋਂ ਜਾਗਦਾ ਨਹੀਂ ।
ਜਾਗੇ ਭੀ ਕਿਵੇਂ ?
ਇਸ ਦੇ ਵੱਸ ਦੀ ਗੱਲ ਨਹੀਂ) ਜਿਸਦੇ ਹੁਕਮ ਅਨੁਸਾਰ (ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈ, ਉਹੀ ਇਸ ਨੂੰ ਜਗਾਂਦਾ ਹੈ, (ਉਹ ਪ੍ਰਭੂ ਆਪ ਹੀ ਇਸ ਨੂੰ) ਗੁਰੂ ਦੀ ਮਤਿ ਤੇ ਤੋਰ ਕੇ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ।੬ ।
ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ (ਮਾਇਆ ਦੇ ਮੋਹ ਵਾਲੀ) ਭਟਕਣਾ ਦੂਰ ਕਰ ਲੈਂਦਾ ਹੈ ।
ਗੁਰੂ ਦੀ ਕਿਰਪਾ ਨਾਲ ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਪਾ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ।
ਉਹ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ, (ਇਸ ਦੀ ਬਰਕਤਿ ਨਾਲ ਉਹੀ) ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ ਆਪਾ-ਭਾਵ ਮਾਰ ਕੇ ਉਹ ਆਪਣੇ ਆਪ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਲੈਂਦਾ ਹੈ ।੭ ।
ਹੇ ਨਾਨਕ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮਾਇਆ ਦੀ ਦੌੜ ਭੱਜ ਵਿਚ ਜੋੜ ਦੇਂਦਾ ਹੈ, ਚੌਰਾਸੀ ਲੱਖ ਜੂਨਾਂ ਦੇ ਜੀਵਾਂ ਨੂੰ ਰਿਜ਼ਕ ਭੀ ਪ੍ਰਭੂ ਆਪ ਹੀ ਅਪੜਾਂਦਾ ਹੈ ।
ਪਰ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉਹੀ ਕਾਰ ਕਰਦੇ ਹਨ ਜੋ ਉਸ ਪਰਮਾਤਮਾ ਨੂੰ ਪਰਵਾਨ ਹੁੰਦੀ ਹੈ ।੮।੪।੫ ।
Follow us on Twitter Facebook Tumblr Reddit Instagram Youtube