ਮਾਝ ਮਹਲਾ ੩ ਘਰੁ ੧ ॥
ਕਰਮੁ ਹੋਵੈ ਸਤਿਗੁਰੂ ਮਿਲਾਏ ॥
ਸੇਵਾ ਸੁਰਤਿ ਸਬਦਿ ਚਿਤੁ ਲਾਏ ॥
ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ॥
ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥

ਤਨੁ ਮਨੁ ਖੋਜੇ ਤਾ ਨਾਉ ਪਾਏ ॥
ਧਾਵਤੁ ਰਾਖੈ ਠਾਕਿ ਰਹਾਏ ॥
ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ ॥੨॥

ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥
ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥
ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥

ਸਚਾ ਸਾਹਿਬੁ ਸਚੀ ਨਾਈ ॥
ਗੁਰ ਪਰਸਾਦੀ ਮੰਨਿ ਵਸਾਈ ॥
ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ ॥੪॥

ਪਾਪ ਪੁੰਨ ਕੀ ਸਾਰ ਨ ਜਾਣੀ ॥
ਦੂਜੈ ਲਾਗੀ ਭਰਮਿ ਭੁਲਾਣੀ ॥
ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥੫॥

ਗੁਰ ਸੇਵਾ ਤੇ ਸਦਾ ਸੁਖੁ ਪਾਇਆ ॥
ਹਉਮੈ ਮੇਰਾ ਠਾਕਿ ਰਹਾਇਆ ॥
ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ॥੬॥

ਹਉਮੈ ਮਾਰਿ ਮੰਨਿ ਵਸਾਇਆ ॥
ਗੁਰ ਚਰਣੀ ਸਦਾ ਚਿਤੁ ਲਾਇਆ ॥
ਗੁਰ ਕਿਰਪਾ ਤੇ ਮਨੁ ਤਨੁ ਨਿਰਮਲੁ ਨਿਰਮਲ ਨਾਮੁ ਧਿਆਵਣਿਆ ॥੭॥

ਜੀਵਣੁ ਮਰਣਾ ਸਭੁ ਤੁਧੈ ਤਾਈ ॥
ਜਿਸੁ ਬਖਸੇ ਤਿਸੁ ਦੇ ਵਡਿਆਈ ॥
ਨਾਨਕ ਨਾਮੁ ਧਿਆਇ ਸਦਾ ਤੂੰ ਜੰਮਣੁ ਮਰਣੁ ਸਵਾਰਣਿਆ ॥੮॥੧॥੨॥

Sahib Singh
ਕਰਮੁ = ਬਖ਼ਸ਼ਸ਼ ।
ਸਬਦਿ = ਗੁਰੂ ਦੇ ਸ਼ਬਦ ਵਿਚ ।
ਲਾਏ = ਜੋੜਦਾ ਹੈ ।
ਮਾਰਿ = ਮਾਰ ਕੇ ।
ਸੁਖੁ = ਆਤਮਕ ਆਨੰਦ ।
ਚੁਕਾਵਣਿਆ = ਮੁਕਾ ਦਿੱਤਾ ।੧ ।
ਹਉ = ਮੈਂ ।
ਵਾਰੀ = ਸਦਕੇ ।
ਬਲਿਹਾਰਣਿਆ = ਕੁਰਬਾਨ ।
ਪਰਗਾਸੁ = ਆਤਮਕ ਜੀਵਨ ਦੇਣ ਵਾਲੀ ਰੌਸ਼ਨੀ ।
ਅਨਦਿਨੁ = ਹਰ ਰੋਜ਼ ।੧।ਰਹਾਉ ।
ਤਾ = ਤਦੋਂ ।
ਪਾਵਤੁ = ਮਾਇਆ ਵਲ ਦੌੜਦਾ ਮਨ ।
ਰਾਖੈ = ਕਾਬੂ ਕਰੇ ।
ਠਾਕਿ = ਰੋਕ ਕੇ ।
ਰਹਾਏ = ਰੱਖੇ ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ।੨ ।
ਕਾਇਆ = ਸਰੀਰ ।
ਅਸੰਖਾ = ਬੇਅੰਤ ਗੁਣਾਂ ਵਾਲਾ ਪ੍ਰਭੂ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਸਾਚੁ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।
ਨਉ ਦਰਵਾਜੇ = ਨੌ ਗੋਲਕਾਂ {ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਮੂੰਹ, ਗੁਦਾ, ਲਿੰਗ} ।
ਦਸਵੈ = ਦਸਵੇ ਦਰਵਾਜ਼ੇ ਦੀ ਰਾਹੀਂ, ਦਿਮਾਗ਼ ਦੀ ਰਾਹੀਂ ਵਿਚਾਰ ਕਰ ਕੇ ।
ਮੁਕਤਾ = ਮਾਇਆ ਦੇ ਮੋਹ ਤੋਂ ਆਜ਼ਾਦ ।
ਅਨਹਦ = {ਅਨਾਹਤ—ਅਨੱ ਆਹਤ, ਬਿਨਾ ਵਜਾਏ} ਇਕ-ਰਸ, ਲਗਾਤਾਰ ।੩ ।
ਸਚਾ = ਸਦਾ = ਥਿਰ ਰਹਿਣ ਵਾਲਾ ।
ਸਾਹਿਬੁ = ਮਾਲਕ ।
ਨਾਈ = {Ôਨਾ—ਅਰਬੀ ਲਫ਼ਜ਼} ਵਡਿਆਈ ।
ਮੰਨਿ = ਮਨਿ, ਮਨ ਵਿਚ ।
ਰੰਗਿ = ਪ੍ਰੇਮ ਨਾਲ ।
ਰਾਤਾ = ਮਸਤ ।
ਦਰਿ ਸਚੈ = ਸਦਾ = ਥਿਰ ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਹਜ਼ੂਰੀ ਵਿਚ ।
ਸੋਝੀ = ਆਤਮਕ ਜੀਵਨ ਦੀ ਸਮਝ ।੪ ।
ਸਾਰ = ਤਮੀਜ਼, ਪਛਾਣ ।
ਪੁੰਨ = ਭਲਾ ਕੰਮ ।
ਦੂਜੈ = ਮਾਇਆ ਦੇ ਮੋਹ ਵਿਚ ।
ਭਰਮਿ = ਭਟਕਣਾ ਵਿਚ ।
ਭੁਲਾਣੀ = ਕੁਰਾਹੇ ਪਈ ।
ਮਗੁ = (ਜੀਵਨ ਦਾ ਸਹੀ) ਰਸਤਾ ।੫ ।
ਤੇ = ਤੋਂ, ਨਾਲ ।
ਮੇਰਾ = ਮਮਤਾ ।
ਸਾਖੀ = ਸਿੱਖਿਆ ਦੀ ਰਾਹੀਂ ।
ਬਜਰ = {ਵਜ੍ਰ} ਬੱਜਰ ਵਰਗੇ ਕਰੜੇ ।
ਕਪਾਟ = {ਕਪਾਟ} ਦਰਵਾਜ਼ੇ ਦੇ ਭਿੱਤ ।੬ ।
ਮਾਰਿ = ਮਾਰ ਕੇ ।
ਮੰਨਿ = ਮਨਿ, ਮਨ ਵਿਚ ।
ਤੇ = ਨਾਲ, ਤੋਂ ।੭ ।
ਤੁਧੈ ਤਾਈ = ਤੇਰੇ ਵੱਸ ਹੈ ।
ਦੇ = ਦੇਂਦਾ ਹੈ ।੮ ।
    
Sahib Singh
ਜਿਸ ਮਨੁੱਖ ਉਤੇ ਪ੍ਰਭੂ ਦੀ ਬਖ਼ਸ਼ਸ਼ ਹੋਵੇ, ਉਸ ਨੂੰ ਪ੍ਰਭੂ ਗੁਰੂ ਮਿਲਾਂਦਾ ਹੈ (ਗੁਰੂ ਦੀ ਮਿਹਰ ਨਾਲ ਉਹ ਮਨੁੱਖ) ਸੇਵਾ ਵਿਚ ਸੁਰਤਿ ਟਿਕਾਂਦਾ ਹੈ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦਾ ਹੈ ।
(ਇਸ ਤ੍ਰਹਾਂ) ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ ਮਾਇਆ ਦਾ ਮੋਹ ਦੂਰ ਕਰਦਾ ਹੈ, ਤੇ ਸਦਾ ਆਤਮਕ ਆਨੰਦ ਮਾਣਦਾ ਹੈ ।੧।ਮੈਂ ਸਦਾ ਗੁਰੂ ਤੋਂ ਸਦਕੇ ਹਾਂ ਕੁਰਬਾਨ ਹਾਂ ।
ਗੁਰੂ ਦੀ ਮਤਿ ਲਿਆਂ ਹੀ ਮਨੁੱਖ ਦੇ ਅੰਦਰ (ਸਹੀ ਜੀਵਨ ਵਾਸਤੇ) ਆਤਮਕ ਚਾਨਣ ਹੁੰਦਾ ਹੈ, ਤੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ ।੧।ਰਹਾਉ ।
ਜਦੋਂ ਮਨੁੱਖ ਆਪਣੇ ਮਨ ਨੂੰ ਖੋਜਦਾ ਰਹੇ ਆਪਣੇ ਸਰੀਰ ਨੂੰ ਖੋਜਦਾ ਰਹੇ (ਭਾਵ, ਜੇ ਮਨੁੱਖ ਇਹ ਧਿਆਨ ਰੱਖੇ ਕਿ ਕਿਤੇ ਮਨ ਤੇ ਗਿਆਨ-ਇੰਦ੍ਰੇ ਵਿਕਾਰਾਂ ਵਲ ਤਾਂ ਨਹੀਂ ਪਰਤ ਰਹੇ), ਤਦੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ, (ਤੇ ਇਸ ਤ੍ਰਹਾਂ ਵਿਕਾਰਾਂ ਵਾਲੇ ਪਾਸੇ) ਦੌੜਦੇ ਮਨ ਨੂੰ ਕਾਬੂ ਕਰ ਲੈਂਦਾ ਹੈ, ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ ।
ਉਹ ਮਨੁੱਖ ਹਰ ਵੇਲੇ ਗੁਰੂ ਦੀ ਬਾਣੀ ਗਾਂਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ ।੨ ।
ਬੇਅੰਤ ਗੁਣਾਂ ਦਾ ਮਾਲਕ ਪ੍ਰਭੂ ਮਨੁੱਖ ਦੇ ਇਸ ਸਰੀਰ ਦੇ ਅੰਦਰ ਹੀ ਵੱਸਦਾ ਹੈ ।
ਗੁਰੂ ਦੇ ਸਨਮੁਖ ਰਹਿ ਕੇ ਜਦੋਂ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤਾਂ (ਆਪਣੇ ਅੰਦਰ ਵੱਸਦੇ ਪ੍ਰਭੂ ਦਾ) ਦਰਸਨ ਕਰਦਾ ਹੈ, ਤਦੋਂ ਮਨੁੱਖ ਨੌ ਗੋਲਕਾਂ ਦੀਆਂ ਵਾਸਨਾਂ ਤੋਂ ਉੱਚਾ ਹੋ ਕੇ ਦਸਵਂੇ ਦੁਆਰ ਵਿਚ (ਭਾਵ, ਵਿਚਾਰ ਮੰਡਲ ਵਿਚ) ਪਹੁੰਚ ਕੇ (ਵਿਕਾਰਾਂ ਵਲੋਂ) ਆਜ਼ਾਦ ਹੋ ਜਾਂਦਾ ਹੈ ਤੇ (ਆਪਣੇ ਅੰਦਰ) ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦਾ ਅਭਿਆਸ ਕਰਦਾ ਹੈ ।੩ ।
ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ ।
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਸ ਨੂੰ ਆਪਣੇ) ਮਨ ਵਿਚ ਟਿਕਾਈ ਰੱਖ ।
(ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਮਨ ਵਿਚ ਵਸਾਂਦਾ ਹੈ) ਉਹ ਹਰ ਵੇਲੇ ਸਦਾ ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, (ਇਸ ਤ੍ਰਹਾਂ) ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਿਆ ਹੋਇਆ ਉਹ ਮਨੁੱਖ (ਸਹੀ ਜੀਵਨ ਦੀ) ਸਮਝ ਪ੍ਰਾਪਤ ਕਰਦਾ ਹੈ ।੪ ।
ਜਿਸ ਮਨੁੱਖ ਨੇ ਚੰਗੇ ਮੰਦੇ ਕਰਮਾਂ ਦੀ ਤਮੀਜ਼ ਨਹੀਂ ਕੀਤੀ (ਭਾਵ, ਕੋਈ ਭਲਾ ਕੰਮ ਹੋਵੇ ਚਾਹੇ ਬੁਰਾ ਕੰਮ ਹੋਵੇ ਜੋ ਮਨੁੱਖ ਕਰਨੋਂ ਸੰਕੋਚ ਨਹੀਂ ਕਰਦਾ), ਜਿਸ ਮਨੁੱਖ ਦੀ ਸੁਰਤਿ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, ਜੋ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਹ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝਦਾ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।੫ ।
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ, ਹਉਮੈ ਤੇ ਮਮਤਾ ਨੂੰ ਰੋਕ ਕੇ ਵੱਸ ਵਿਚ ਰੱਖਦਾ ਹੈ ।
ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਮਾਇਆ ਦੇ ਮੋਹ ਦੇ ਉਹ) ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨ (ਜਿਨ੍ਹਾਂ ਵਿਚ ਉਸ ਦੀ ਸੁਰਤਿ ਜਕੜੀ ਪਈ ਸੀ) ।੬ ।
ਜਿਸ ਮਨੁੱਖ ਨੇ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਿਆ, ਜਿਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਆਪਣੇ) ਮਨ ਵਿਚ (ਗੁਰੂ ਦਾ ਸ਼ਬਦ ਵਸਾਈ ਰੱਖਿਆ, ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਦਾ ਸਰੀਰ (ਭਾਵ, ਸਾਰੇ ਗਿਆਨ-ਇੰਦ੍ਰੇ) ਪਵਿਤ੍ਰ ਹੋ ਗਿਆ, ਉਹ ਪਵਿਤ੍ਰ-ਪ੍ਰਭੂ ਦਾ ਨਾਮ ਸਦਾ ਸਿਮਰਦਾ ਰਹਿੰਦਾ ਹੈ ।੭ ।
(ਹੇ ਪ੍ਰਭੂ! ਜੀਵਾਂ ਦਾ) ਜੀਊਣਾ (ਜੀਵਾਂ ਦੀ) ਮੌਤ ਸਭ ਤੇਰੇ ਵੱਸ ਵਿਚ ਹੈ ।
(ਹੇ ਭਾਈ!) ਜਿਸ ਜੀਵ ਉਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ (ਆਪਣੇ ਨਾਮ ਦੀ ਦਾਤਿ ਦੇ ਕੇ) ਵਡਿਆਈ ਬਖ਼ਸ਼ਦਾ ਹੈ ।
ਹੇ ਨਾਨਕ! ਸਦਾਪਰਮਾਤਮਾ ਦਾ ਨਾਮ ਸਿਮਰਦਾ ਰਹੁ ।
(ਨਾਮ ਦੀ ਬਰਕਤਿ ਨਾਲ) ਜਨਮ ਤੋਂ ਲੈ ਕੇ ਮੌਤ ਤਕ ਸਾਰਾ ਜੀਵਨ ਸੋਹਣਾ ਬਣ ਜਾਂਦਾ ਹੈ ।੮।੧।੨ ।

ਨੋਟ: ਅੰਕ ਨੰ: ੨ ਦਾ ਭਾਵ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਅਸਟਪਦੀ ਰਲਾ ਕੇ ਸਾਰਾ ਜੋੜ ੨ ਬਣਿਆ ਹੈ ।
Follow us on Twitter Facebook Tumblr Reddit Instagram Youtube