ਮਾਝ ਮਹਲਾ ੫ ॥
ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥
ਕਰਿ ਕਿਰਪਾ ਭਗਤੀਂ ਪ੍ਰਗਟਾਇਆ ॥
ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥

ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥
ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥
ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥

ਖਿਨ ਮਹਿ ਥਾਪਿ ਉਥਾਪਨਹਾਰਾ ॥
ਆਪਿ ਇਕੰਤੀ ਆਪਿ ਪਸਾਰਾ ॥
ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥

ਅੰਚਲਿ ਲਾਇ ਸਭ ਸਿਸਟਿ ਤਰਾਈ ॥
ਆਪਣਾ ਨਾਉ ਆਪਿ ਜਪਾਈ ॥
ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥

Sahib Singh
ਰਿਦੈ = ਹਿਰਦੇ ਵਿਚ ।
ਸੁਖੁ = ਆਤਮਕ ਆਨੰਦ ।
ਭਗਤˆੀ = ਭਗਤਾਂ ਨੇ ।
ਬਿਨਸੇ = ਨਾਸ ਹੋ ਗਏ ।੧ ।
ਜਾ ਕੈ ਗਿ੍ਰਹਿ = ਜਿਸ ਹਰੀ ਦੇ ਘਰ ਵਿਚ ।
ਨਵ ਨਿਧਿ = ਨੌ ਖ਼ਜ਼ਾਨੇ ।
ਪੁਰਬ ਕਮਾਈ = ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ (ਉੱਘੜ ਪਈ) ।
ਗਿਆਨ = ਡੂੰਘੀ ਸਾਂਝ ।
ਧਿਆਨ = ਸਮਾਧੀ ।
ਜੋਗਾ = ਸਮਰੱਥ ।੨।ਥਾਪਿ—ਥਾਪ ਕੇ, ਪੈਦਾ ਕਰ ਕੇ ।
ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ ।
ਇਕੰਤੀ = ਇਕਾਂਤੀ, ਇਕੱਲਾ ।
ਪਸਾਰਾ = ਜਗਤ ਦਾ ਖਿਲਾਰਾ ।
ਲੇਪੁ = ਪ੍ਰਭਾਵ ।
ਲਹਨਿ = ਲਹਿ ਜਾਂਦੇ ਹਨ ।੩ ।
ਅੰਚਲਿ = ਪੱਲੇ ਨਾਲ ।
ਸਿਸਟਿ = ਸਿ੍ਰਸ਼ਟੀ, ਦੁਨੀਆ ।
ਬੋਹਿਥੁ = ਜਹਾਜ਼ ।
ਤੇ = ਨਾਲ, ਤੋਂ ।
ਧੁਰਿ = ਪ੍ਰਭੂ ਦੀ ਧੁਰ = ਦਰਗਾਹ ਤੋਂ ।੪ ।
    
Sahib Singh
(ਜਿਸ ਮਨੁੱਖ ਦੇ ਹਿਰਦੇ ਵਿਚ) ਭਗਤ ਜਨਾਂ ਨੇ ਕਿਰਪਾ ਕਰ ਕੇ (ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ, ਉਸ ਨੇ ਨਾਮ ਸਿਮਰ ਕੇ ਹਿਰਦੇ ਵਿਚ ਆਤਮਕ ਆਨੰਦ ਮਾਣਿਆ ।
ਸਾਧ ਸੰਗਤਿ ਵਿਚ ਮਿਲ ਕੇ ਜਿਸ ਨੇ ਸਦਾ ਹਰੀ-ਨਾਮ ਜਪਿਆ, ਉੇਸ ਦੇ ਸਾਰੇ ਆਲਸ ਉਸ ਦੇ ਸਾਰੇ ਰੋਗ ਦੂਰ ਹੋ ਗਏ ।੧ ।
ਹੇ ਭਾਈ! ਜਿਸ ਹਰੀ ਦੇ ਘਰ ਵਿਚ ਨੌ ਹੀ ਖ਼ਜ਼ਾਨੇ ਮੌਜੂਦ ਹਨ, ਉਹ ਹਰੀ ਉਸ ਮਨੁੱਖ ਨੂੰ ਮਿਲਦਾ ਹੈ (ਗੁਰੂ ਦੀ ਰਾਹੀਂ) ਜਿਸ ਦੀ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰ ਜਾਗ ਪੈਂਦੇ ਹਨ ।
ਉਸ ਦੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਉਸ ਦੀ ਪੂਰਨ ਪ੍ਰਭੂ ਵਿਚ ਸੁਰਤਿ ਜੁੜੀ ਰਹਿੰਦੀ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੰਮ ਕਰਨ ਦੀ ਸਮਰਥਾ ਰੱਖਦਾ ਹੈ ।
੨ ।
(ਹੇ ਭਾਈ!) ਪਰਮਾਤਮਾ (ਸਾਰਾ ਜਗਤ ) ਰਚ ਕੇ ਇਕ ਖਿਨ ਵਿਚ (ਇਸ ਨੂੰ) ਨਾਸ ਕਰਨ ਦੀ ਭੀ ਤਾਕਤ ਰੱਖਦਾ ਹੈ ।
ਉਹ ਆਪ ਹੀ (ਨਿਰਗੁਣ-ਸਰੂਪ ਹੋ ਕੇ) ਇਕੱਲਾ (ਹੋ ਜਾਂਦਾ) ਹੈ, ਤੇ ਆਪ ਹੀ (ਆਪਣੇ ਆਪੇ ਤੋਂ ਸਰਗੁਣ ਰੂਪ ਧਾਰ ਕੇ) ਜਗਤ-ਰਚਨਾ ਕਰ ਦੇਂਦਾ ਹੈ ।
ਉਸ ਕਰਤਾਰ ਨੂੰ, ਜਗਤ-ਦੇ-ਜੀਵਨ ਉਸ ਪ੍ਰਭੂ ਨੂੰ ਮਾਇਆ ਦਾ ਪ੍ਰਭਾਵ ਪੋਹ ਨਹੀਂ ਸਕਦਾ ।
ਉਸ ਦਾ ਦਰਸਨ ਕੀਤਿਆਂ ਸਾਰੇ ਵਿਛੋੜੇ ਲਹਿ ਜਾਂਦੇ ਹਨ (ਪ੍ਰਭੂ ਤੋਂ ਵਿਛੋੜਾ ਪਾਣ ਵਾਲੇ ਸਾਰੇ ਪ੍ਰਭਾਵ ਮਨ ਤੋਂ ਲਹਿ ਜਾਂਦੇ ਹਨ)।੩ ।
(ਹੇ ਭਾਈ! ਗੁਰੂ ਦੇ) ਪੱਲੇ ਲਾ ਕੇ (ਪ੍ਰਭੂ ਆਪ ਹੀ) ਸਾਰੀ ਸਿ੍ਰਸ਼ਟੀ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ, ਪ੍ਰਭੂ (ਗੁਰੂ ਦੀ ਰਾਹੀਂ) ਆਪਣਾ ਨਾਮ ਆਪ ਹੀ (ਜੀਵਾਂ ਪਾਸੋਂ) ਜਪਾਂਦਾ ਹੈ ।
ਹੇ ਨਾਨਕ! ਪਰਮਾਤਮਾ ਦੀ ਧੁਰ-ਦਰਗਾਹ ਤੋਂ ਮਿਲਾਪ ਦੇ ਸਬਬ ਬਣਨ ਨਾਲ ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ-ਜਹਾਜ਼ ਮਿਲਦਾ ਹੈ ।੪।੪੧।੪੮ ।
Follow us on Twitter Facebook Tumblr Reddit Instagram Youtube