ਮਾਝ ਮਹਲਾ ੫ ॥
ਮਨੁ ਤਨੁ ਰਤਾ ਰਾਮ ਪਿਆਰੇ ॥
ਸਰਬਸੁ ਦੀਜੈ ਅਪਨਾ ਵਾਰੇ ॥
ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥

ਸੋਈ ਸਾਜਨ ਮੀਤੁ ਪਿਆਰਾ ॥
ਰਾਮ ਨਾਮੁ ਸਾਧਸੰਗਿ ਬੀਚਾਰਾ ॥
ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥

ਚਾਰਿ ਪਦਾਰਥ ਹਰਿ ਕੀ ਸੇਵਾ ॥
ਪਾਰਜਾਤੁ ਜਪਿ ਅਲਖ ਅਭੇਵਾ ॥
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥

ਪੂਰਨ ਭਾਗ ਭਏ ਜਿਸੁ ਪ੍ਰਾਣੀ ॥
ਸਾਧਸੰਗਿ ਮਿਲੇ ਸਾਰੰਗਪਾਣੀ ॥
ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥

Sahib Singh
ਸਰਬਸੁ = {ਸਵLÔਵ ।
ਸਵL = ਸਰਬ, ਸਾਰਾ ।
Ôਵ = ਸ੍ਵ, ਧਨ} ਸਾਰਾ ਧਨ, ਸਭ ਕੁਛ ।
ਸਾਸ = ਸਾਹ ।੧ ।
ਤਰੀਜੈ = ਤਰੀਦਾ ਹੈ ।
ਸਾਗਰੁ = ਸਮੁੰਦਰ ।
ਫਾਸਾ = ਫਾਹੀ ।੨।ਚਾਰਿ ਪਦਾਰਥ—{ਧਰਮ, ਅਰਥ, ਕਾਮ, ਮੋਖ} ।
ਪਾਰਜਾਤੁ = ਸੁਰਗ ਦਾ ਰੁੱਖ ਜੋ ਮਨੋਕਾਮਨਾ ਪੂਰੀ ਕਰਦਾ ਹੈ ।
ਅਲਖ = ਜਿਸ ਦਾ ਸਰੂਪ ਬਿਆਨ ਨਾਹ ਹੋ ਸਕੇ ।
ਅਭੇਵ = ਜਿਸ ਦਾ ਭੇਦ ਨ ਪਾਇਆ ਜਾ ਸਕੇ ।
ਕਿਲਬਿਖ = ਪਾਪ ।
ਗੁਰਿ = ਗੁਰੂ ਨੇ ।੩ ।
ਭਾਗ = ਕਿਸਮਤ ।
ਸਾਰੰਗ ਪਾਣੀ = {ਸਾਰੰਗ—ਧਨੁਖ ।
ਪਾਣੀ = ਹੱਥ} ਧਨੁੱਖਧਾਰੀ ਪ੍ਰਭੂ ।
ਜਿਸੁ ਅੰਤਰਿ = ਜਿਸ ਦੇ ਹਿਰਦੇ ਵਿਚ ।
ਉਦਾਸ = ਮਾਇਆ ਦੇ ਮੋਹ ਤੋਂ ਉਪਰਾਮ ।੪ ।
    
Sahib Singh
(ਹੇ ਭਾਈ! ਜੇ ਤੂੰ ਇਹ ਲੋੜਦਾ ਹੈਂ ਕਿ ਤੇਰਾ) ਮਨ (ਤੇਰਾ) ਸਰੀਰ ਪਿਆਰੇ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਰਹੇ, (ਤਾਂ) ਆਪਣਾ ਸਭ ਕੁਛ ਸਦਕੇ ਕਰ ਕੇ (ਉਸ ਪ੍ਰੇਮ ਦੇ ਵੱਟੇ) ਦੇ ਦੇਣਾ ਚਾਹੀਦਾ ਹੈ, ਅੱਠੇ ਪਹਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ ।
(ਹੇ ਭਾਈ!) ਕੋਈ ਇੱਕ ਸਾਹ (ਲੈਂਦਿਆਂ ਭੀ ਪਰਮਾਤਮਾ ਨੂੰ) ਨਾਹ ਭੁਲਾ ।੧ ।
ਜੇਹੜਾ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਹੀ ਸੱਜਣ-ਪ੍ਰਭੂ ਦਾ ਪਿਆਰਾ ਮਿਤ੍ਰ ਹੈ ।
ਸਾਧ ਸੰਗਤਿ ਵਿਚ (ਰਿਹਾਂ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ।੨ ।
(ਹੇ ਭਾਈ!) ਪਰਮਾਤਮਾ ਦੀ ਸੇਵਾ-ਭਗਤੀ ਹੀ (ਦੁਨੀਆ ਦੇ ਪ੍ਰਸਿਧ) ਚਾਰ ਪਦਾਰਥ ਹਨ ।
(ਹੇ ਭਾਈ!) ਅਲੱਖ ਅਭੇਵ ਪ੍ਰਭੂ ਦਾ ਨਾਮ ਜਪ, ਇਹੀ ਪਾਰਜਾਤ (-ਰੁੱਖ ਮਨੋਕਾਮਨਾ ਪੂਰੀਆਂ ਕਰਨ ਵਾਲਾ) ਹੈ ।
ਜਿਸ ਮਨੁੱਖ (ਦੇ ਅੰਦਰੋਂ) ਗੁਰੂ ਨੇ ਕਾਮ ਦੂਰ ਕਰ ਦਿੱਤਾ ਹੈ ਕ੍ਰੋਧ ਦੂਰ ਕਰ ਦਿੱਤਾ ਜਿਸ ਦੇ ਸਾਰੇ ਪਾਪ ਗੁਰੂ ਨੇ ਕੱਟ ਦਿੱਤੇ ਹਨ, ਉਸ ਦੀ (ਹਰੇਕ ਕਿਸਮ ਦੀ) ਆਸਾ ਪੂਰੀ ਹੋ ਗਈ ।੩ ।
(ਹੇ ਭਾਈ!) ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ, ਉਸ ਨੂੰ ਸਾਧ ਸੰਗਤਿ ਵਿਚ ਪਰਮਾਤਮਾ ਮਿਲ ਪੈਂਦਾ ਹੈ ।
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਘਰ-ਬਾਰੀ ਹੁੰਦਾ ਹੋਇਆ ਹੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਉਹ ਪ੍ਰਭੂ ਦੇ ਦਰ ਤੇ ਕਬੂਲ ਹੁੰਦਾ ਹੈ ।੪।੪੦।੪੭ ।
Follow us on Twitter Facebook Tumblr Reddit Instagram Youtube