ਮਾਝ ਮਹਲਾ ੫ ॥
ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥
ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥
ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥

ਸੁਖਦਾਤਾ ਦੁਖ ਭੰਜਨਹਾਰਾ ॥
ਆਪੇ ਬਖਸਿ ਕਰੇ ਜੀਅ ਸਾਰਾ ॥
ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥੨॥

ਜਾ ਕੀ ਸਰਣਿ ਪਇਆ ਗਤਿ ਪਾਈਐ ॥
ਸਾਸਿ ਸਾਸਿ ਹਰਿ ਨਾਮੁ ਧਿਆਈਐ ॥
ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥੩॥

ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥
ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥
ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥

Sahib Singh
ਪਾਰਬ੍ਰਹਮਿ = ਪਾਰਬ੍ਰਹਮ ਨੇ ।
ਪ੍ਰਭਿ = ਪ੍ਰਭੂ ਨੇ ।
ਮੇਘ = ਬੱਦਲ ।
ਪਠਾਇਆ = ਭੇਜਿਆ ।
ਜਲਿ = ਪਾਣੀ ਵਿਚ ।
ਥਲਿ = ਧਰਤੀ ਵਿਚ ।
ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ ।
ਦਹ ਦਿਸਿ = ਦਸੀਂ ਪਾਸੀਂ ।
ਤਿ੍ਰਸਨਾ = ਤ੍ਰੇਹ ।
ਠਾਈ = ਥਾਵਾਂ ਵਿਚ ।੧ ।
ਭੰਜਨਹਾਰਾ = ਨਾਸ ਕਰਨ ਵਾਲਾ ।
ਜੀਅ ਸਾਰਾ = ਜੀਵਾਂ ਦੀ ਸਾਰ, ਜੀਵਾਂ ਦੀ ਸੰਭਾਲ ।
ਨੋ = ਨੂੰ ।
ਪਇ = ਪੈ ਕੇ ।
ਤਿਸਹਿ = ਉਸ ਨੂੰ ਹੀ {ਨੋਟ:- ਲਫ਼ਜ਼ ‘ਤਿਸੁ’ ਦਾ ੁ ਕਿ੍ਰਆ ਵਿਸ਼ੇਸ਼ਣ ‘ਹਿ’ ਕਾਰਨ ਉੱਡ ਗਿਆ ਹੈ} ।
ਮਨਾਈ = ਮਨਾਈਂ, ਮੈਂ ਮਨਾਂਦਾ ਹਾਂ ।੨ ।
ਗਤਿ = ਉੱਚੀ ਆਤਮਕ ਅਵਸਥਾ ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ।
ਤਿਸੈ ਕੀਆ = ਉਸ ਦੀਆਂ ਹੀ ।
ਜਾਈ = ਥਾਵਾਂ ।੩।ਪ੍ਰਭ—ਹੇ ਪ੍ਰਭੂ !
ਸਚਾ = ਸਦਾ = ਥਿਰ ਰਹਿਣ ਵਾਲਾ ।
ਗਹੇਰਾ = ਡੂੰਘਾ ।
ਧਿਆਈ = ਮੈਂ ਧਿਆਉਂਦਾ ਹਾਂ ।੪ ।
    
Sahib Singh
(ਜਿਵੇਂ ਜਦੋਂ ਭੀ) ਪਾਰਬ੍ਰਹਮ ਪ੍ਰਭੂ ਨੇ ਬੱਦਲ ਘੱਲਿਆ ਤੇ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਦਸੀਂ ਪਾਸੀਂ ਵਰਖਾ ਕਰ ਦਿੱਤੀ (ਜਿਸ ਦੀ ਬਰਕਤਿ ਨਾਲ ਜੀਵਾਂ ਦੇ ਅੰਦਰ) ਠੰਢ ਪੈ ਗਈ, ਸਭਨਾਂ ਦੀ ਤ੍ਰੇਹ ਮਿਟ ਗਈ ਤੇ ਸਭ ਥਾਈਂ ਖ਼ੁਸ਼ੀ ਹੀ ਖ਼ੁਸ਼ੀ ਹੋ ਗਈ (ਇਸੇ ਤ੍ਰਹਾਂ ਅਕਾਲ ਪੁਰਖ ਨੇ ਗੁਰੂ ਨੂੰ ਘੱਲਿਆ ਜਿਸ ਨੇ ਪ੍ਰਭੂ ਦੇ ਨਾਮ ਦੀ ਵਰਖਾ ਕੀਤੀ ਤਾਂ ਸਭ ਜੀਵਾਂ ਦੇ ਹਿਰਦੇ ਵਿਚ ਸ਼ਾਂਤੀ ਪੈਦਾ ਹੋਈ ਸਭ ਦੀ ਮਾਇਕ ਤ੍ਰਿਸ਼ਨਾ ਮਿਟ ਗਈ, ਤੇ ਸਭ ਦੇ ਹਿਰਦਿਆਂ ਵਿਚ ਆਤਮਕ ਆਨੰਦ ਪੈਦਾ ਹੋਇਆ) ।੧ ।
(ਸਭ ਜੀਵਾਂ ਨੂੰ) ਸੁਖ ਦੇਣ ਵਾਲਾ (ਸਭ ਦੇ) ਦੁੱਖ ਦੂਰ ਕਰਨ ਵਾਲਾ ਪਰਮਾਤਮਾ ਆਪ ਹੀ ਮਿਹਰ ਕਰ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਪਾਲਣਾ ਕਰਦਾ ਹੈ ।
ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਨੂੰ ਹੀ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ ।੨ ।
(ਹੇ ਭਾਈ!) ਜਿਸ ਪਰਮਾਤਮਾ ਦਾ ਆਸਰਾ ਲਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਸ ਹਰੀ ਦਾ ਨਾਮ ਹਰੇਕ ਸਾਹ ਦੇ ਨਾਲ ਚੇਤੇ ਕਰਦੇ ਰਹਿਣਾ ਚਾਹੀਦਾ ਹੈ ।
ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਪਾਲਣਹਾਰ ਨਹੀਂ ਹੈ, ਸਾਰੀਆਂ ਥਾਵਾਂ ਉਸੇ ਦੀਆਂ ਹੀ ਹਨ (ਸਭ ਜੀਵਾਂ ਵਿਚ ਉਹ ਆਪ ਹੀ ਵੱਸ ਰਿਹਾ ਹੈ) ।੩ ।
ਹੇ ਪ੍ਰਭੂ! ਮੈਨੂੰ ਤੇਰਾ ਹੀ ਮਾਣ ਹੈ ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਸਾਰੇ ਗੁਣਾਂ ਵਾਲਾ ਹੈਂ ਤੇਰੇ ਗੁਣਾਂ ਦੀ ਹਾਥ ਨਹੀਂ ਪਾਈ ਜਾ ਸਕਦੀ ।
ਹੇ ਪ੍ਰਭੂ! (ਤੇਰਾ) ਦਾਸ ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ (ਕਿ ਮਿਹਰ ਕਰ) ਮੈਂ ਅੱਠੇ ਪਹਰ ਤੈਨੂੰ ਯਾਦ ਕਰਦਾ ਰਹਾਂ ।੪।੩੪।੪੧ ।
Follow us on Twitter Facebook Tumblr Reddit Instagram Youtube