ਮਾਝ ਮਹਲਾ ੫ ॥
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥
ਸੇ ਅਸਥਲ ਸੋਇਨ ਚਉਬਾਰੇ ॥
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥

ਹਰਿ ਰੁਖੀ ਰੋਟੀ ਖਾਇ ਸਮਾਲੇ ॥
ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥੨॥

ਸੰਤਾ ਸੇਤੀ ਰੰਗੁ ਨ ਲਾਏ ॥
ਸਾਕਤ ਸੰਗਿ ਵਿਕਰਮ ਕਮਾਏ ॥
ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥੩॥

ਤੇਰੀ ਸਰਣਿ ਮੇਰੇ ਦੀਨ ਦਇਆਲਾ ॥
ਸੁਖ ਸਾਗਰ ਮੇਰੇ ਗੁਰ ਗੋਪਾਲਾ ॥
ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥

Sahib Singh
ਜਪੀਐ = ਜਪਿਆ ਜਾਂਦਾ ਹੈ ।
ਸੇ = {ਲਫ਼ਜ਼ ‘ਸੋ’ ਤੋਂ ਬਹੁ-ਵਚਨ ।} ਅਸਥਲ—{Ôਥਲ} ਟਿੱਬੇ, ਰੋੜ ।
ਸੋਇਨ = ਸੋਨੇ ਦੇ ।
ਗੋਇਦਾ = ਹੇ ਗੋਬਿੰਦ !
।੧।ਹਰਿ ਸਮਾਲੇ = ਹਰੀ ਨੂੰ (ਹਿਰਦੇ ਵਿਚ) ਸੰਭਾਲਦਾ ਹੈ ।
ਖਾਇ = ਖਾ ਕੇ ।
ਨਦਰਿ = ਮਿਹਰ ਦੀ ਨਜ਼ਰ ਨਾਲ ।
ਨਿਹਾਲੇ = ਵੇਖਦਾ ਹੈ ।
ਬਦਫੈਲੀ = ਭੈੜੇ ਕੰਮ ।
ਜਾਣੁ = ਸਮਝੋ ।
ਵਿਸੂ ਕੀ = ਜ਼ਹਰ ਦੀ ।
ਵਾੜੀ = ਬਗ਼ੀਚੀ ।੨ ।
    ਸੇਤੀ ਨਾਲ ।
ਰੰਗੁ = ਪ੍ਰੇਮ ।
ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦੇ, ਮਾਇਆ ਵੇੜ੍ਹੇ ਜੀਵ ।
ਵਿਕਰਮ = ਕੁਕਰਮ ।
ਦੇਹਿ = ਸਰੀਰ ।
ਉਪਾੜੀ = ਪੁੱਟ ਲਈ ।੩ ।
ਨਾਨਕੁ ਗਾਵੈ = ਨਾਨਕ ਗਾਂਦਾ ਰਹੇ ।
ਸਰਮ = ਲਾਜ, ਇੱਜ਼ਤ ।
ਅਸਾੜੀ = ਸਾਡੀ ।੪ ।
    
Sahib Singh
(ਹੇ ਭਾਈ!) ਜਿਸ ਥਾਂ ਤੇ ਪਿਆਰੇ ਪ੍ਰਭੂ ਦਾ ਨਾਮ ਸਿਮਰਦੇ ਰਹੀਏ, ਉਹ ਰੜੇ ਥਾਂ ਭੀ (ਮਾਨੋ) ਸੋਨੇ ਦੇ ਚੁਬਾਰੇ ਹਨ ।
ਪਰ, ਹੇ ਮੇਰੇ ਗੋਬਿੰਦ! ਜਿਸ ਥਾਂ ਤੇਰਾ ਨਾਮ ਨਾਹ ਜਪਿਆ ਜਾਏ, ਉਹ (ਵੱਸਦੇ) ਸ਼ਹਿਰ ਭੀ ਉਜਾੜ (ਸਮਾਨ) ਹਨ ।੧ ।
(ਹੇ ਭਾਈ!) ਜੇਹੜਾ ਮਨੁੱਖ ਰੁੱਖੀ ਰੋਟੀ ਖਾ ਕੇ (ਭੀ) ਪਰਮਾਤਮਾ (ਦਾ ਨਾਮ ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ, ਪਰਮਾਤਮਾ ਉਸਦੇ ਅੰਦਰ ਬਾਹਰ ਹਰ ਥਾਂ ਉਸ ਉੱਤੇ ਆਪਣੀ ਮਿਹਰ ਦੀ ਨਿਗਾਹ ਰੱਖਦਾ ਹੈ ।
ਜੇਹੜਾ ਮਨੁੱਖ ਦੁਨੀਆ ਦੇ ਪਦਾਰਥ ਖਾ ਖਾ ਕੇ ਬੁਰੇ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਜ਼ਹਿਰ ਦੀ ਬਗ਼ੀਚੀ ਜਾਣੋ ।੨ ।
ਜੇਹੜਾ ਮਨੁੱਖ ਸੰਤ ਜਨਾਂ ਨਾਲ ਪ੍ਰੇਮ ਨਹੀਂ ਬਣਾਂਦਾ, ਤੇ ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਨਾਲ (ਰਲ ਕੇ) ਮੰਦੇ ਕਰਮ ਕਰਦਾ ਰਹਿੰਦਾ ਹੈ, ਉਸ ਬੇ-ਸਮਝ ਨੇ ਇਹ ਅਤਿ ਕੀਮਤੀ ਸਰੀਰ ਵਿਅਰਥ ਗਵਾ ਲਿਆ, ਉਹ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਿਹਾ ਹੈ ।੩ ।
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ! ਹੇ ਸਿ੍ਰਸ਼ਟੀ ਦੇ ਸਭ ਤੋਂ ਵੱਡੇ ਪਾਲਕ! ਮੈਂ ਤੇਰੀ ਸਰਨ ਆਇਆ ਹਾਂ ।
ਮਿਹਰ ਕਰੋ (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ ।
(ਹੇ ਪ੍ਰਭੂ!) ਸਾਡੀ ਲਾਜ ਰੱਖੇ (ਅਸੀ ਵਿਕਾਰਾਂ ਵਿਚ ਖ਼ੁਆਰ ਨਾਹ ਹੋਵੀਏ) ।੪।੩੦।੪੭ ।
Follow us on Twitter Facebook Tumblr Reddit Instagram Youtube