ਮਾਝ ਮਹਲਾ ੫ ॥
ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ ॥
ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ ॥
ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ ॥੧॥

ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ ॥
ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥
ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥੨॥

ਸੇ ਵਡਭਾਗੀ ਜਿਨਿ ਤੁਮ ਜਾਣੇ ॥
ਸਭ ਕੈ ਮਧੇ ਅਲਿਪਤ ਨਿਰਬਾਣੇ ॥
ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ ॥੩॥

ਤਿਨ ਕੀ ਸਰਣਿ ਪਰਿਆ ਮਨੁ ਮੇਰਾ ॥
ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥
ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥

Sahib Singh
ਜਿਨਿ = ਜਿਸ (ਮਨੁੱਖ) ਨੇ ।
ਤੂੰ = ਤੈਨੂੰ, ਤੇਰੀ ਸਿਫ਼ਤਿ-ਸਾਲਾਹ, ਤੇਰਾ ਨਾਮ ।
ਰਸਨਾ = ਜੀਭ (ਨਾਲ) ।
ਭਣਿਆ = ਉਚਾਰਿਆ ।
ਵਾਰਿ ਵਾਰਿ ਜਾਈ = ਮੈਂ ਸਦਕੇ ਜਾਂਦਾ ਹਾਂ (ਜਾਈਂ) ।
ਵਿਟਹੁ = ਤੋਂ ।੧ ।
ਪਖਾਲੀ = ਪਖਲੀਂ, ਮੈਂ ਧੋਂਦਾ ਹਾਂ ।
ਮਾਰਗਿ = ਰਸਤੇ ਉੱਤੇ ।
ਨਿਹਾਲੀ = ਮੈਂ ਵੇਖਦਾ ਹਾਂ ।
ਗੁਰ ਮਿਲਿ = ਗੁਰੂ ਨੂੰੂ ਮਿਲ ਕੇ ।
ਲਾਧੇ = ਲੱਭਾ ।੨ ।
ਸੇ = ਉਹ ਬੰਦੇ ।
ਜਿਨਿ = ਜਿਸ ਜਿਸ ਨੇ {ਨੋਟ:- ਲਫ਼ਜ਼ ‘ਜਿਨਿ’ ਇਕ-ਵਚਨ ਹੈ ।
Lਫ਼ਜ਼ ‘ਸੇ’ ਬਹੁ = ਵਚਨ ਹੈ ।
‘ਸੋ’ ਇਕ = ਵਚਨ ਹੈ} ।
ਤੁਮ = ਤੈਨੂੰ ।
ਅਲਿਪਤ = ਨਿਰਲੇਪ ।
ਨਿਰਬਾਣੇ = ਵਾਸਨਾ = ਰਹਿਤ ।
ਉਨਿ = ਉਸ ਬੰਦੇ ਨੇ ।
ਭਉਜਲੁ = ਸੰਸਾਰ = ਸਮੁੰਦਰ ।੩ ।
ਤਜਿ = ਤਿਆਗ ਕੇ ।
ਅਗਾਧੇ = ਅਥਾਹ ।
ਅਗਮ = ਅਪਹੁੰਚ ।੪ ।
    
Sahib Singh
(ਹੇ ਪ੍ਰਭੂ!) ਜਿਸ ਮਨੁੱਖ ਨੇ ਤੇਰਾ ਨਾਮ ਸੁਣਿਆ ਹੈ (ਜੋ ਸਦਾ ਤੇਰੀ ਸਿਫ਼ਤਿ-ਸਾਲਾਹ ਸੁਣਦਾ ਹੈ), ਮੈਂ ਉਸ ਤੋਂ ਸਦਕੇ ਜਾਂਦਾ ਹਾਂ ।
ਜਿਸ ਮਨੁੱਖ ਨੇ ਆਪਣੀ ਜੀਭ ਨਾਲ ਤੇਰਾ ਨਾਮ ਉਚਾਰਿਆ ਹੈ (ਜੋ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ), ਉਸ ਤੋਂ ਮੈਂ ਵਾਰਨੇ ਜਾਂਦਾ ਹਾਂ ।
(ਹੇ ਪ੍ਰਭੂ!) ਮੈਂ ਉਸ ਮਨੁੱਖ ਤੋਂ (ਮੁੜ ਮੁੜ) ਕੁਰਬਾਨ ਜਾਂਦਾ ਹਾਂ, ਜੋ ਆਪਣੇ ਮਨ ਨਾਲ ਆਪਣੇ ਸਰੀਰ ਨਾਲ ਤੈਨੂੰ ਯਾਦ ਕਰਦਾ ਰਹਿੰਦਾ ਹੈ ।੧ ।
(ਹੇ ਪ੍ਰਭੂ!) ਜੇਹੜਾ ਮਨੁੱਖ ਤੇਰੇ (ਮਿਲਾਪ ਦੇ) ਰਾਹ ਤੇ ਤੁਰਦਾ ਹੈ, ਮੈਂ ਉਸ ਦੇ ਪੈਰ ਧੋਂਦਾ ਰਹਾਂ ।
(ਹੇ ਭਾਈ!) ਦਇਆ ਦੇ ਸੋਮੇ ਉਸ ਅਕਾਲ ਪੁਰਖ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਹੁੰਦਾ ਹਾਂ, (ਇਸ ਵਾਸਤੇ) ਮੈਂ ਆਪਣਾ ਮਨ ਆਪਣੇ ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਜਿਸ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਲੱਭ ਲਿਆ ਹੈ ।੨ ।
(ਹੇ ਪ੍ਰਭੂ!) ਜਿਸ ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ ਹੈ, ਉਹ (ਸਭ) ਭਾਗਾਂ ਵਾਲੇ ਹਨ ।
(ਹੇ ਭਾਈ!) ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਹੈ (ਫਿਰ ਭੀ ਉਹ) ਨਿਰਲੇਪ ਹੈ ਤੇ ਵਾਸਨਾ-ਰਹਿਤ ਹੈ ।
(ਜਿਸ ਮਨੁੱਖ ਨੇ ਉਸ ਨਾਲ ਸਾਂਝ ਪਾਈ ਹੈ) ਸਾਧ ਸੰਗਤਿ ਵਿਚ ਰਹਿ ਕੇ ਉਸ ਨੇ ਸੰਸਾਰ-ਸਮੁੰਦਰ ਤਰ ਲਿਆ ਹੈ, ਉਸ ਨੇ (ਕਾਮਾਦਿਕ) ਸਾਰੇ ਵਿਕਾਰ ਆਪਣੇ ਵੱਸ ਵਿਚ ਕਰ ਲਏ ਹਨ ।੩।(ਹੇ ਭਾਈ! ਦੁਨੀਆ ਵਾਲਾ) ਮਾਣ ਛੱਡ ਕੇ (ਦੁਨੀਆ ਵਾਲਾ) ਤਾਣ ਛੱਡ ਕੇ (ਜੀਵਨ-ਰਾਹ ਵਿਚ) ਹਨੇਰਾ (ਪੈਦਾ ਕਰਨ ਵਾਲਾ ਮਾਇਆ ਦਾ) ਮੋਹ ਛੱਡ ਕੇ ਮੇਰਾ ਮਨ ਉਹਨਾਂ ਦੀ ਸਰਨ ਪੈਂਦਾ ਹੈ (ਜਿਨ੍ਹਾਂ ਨੇ ਸਾਰੇ ਦੂਤ ਵੱਸ ਕਰ ਲਏ ਹਨ, ਤੇ ਉਹਨਾਂ ਅੱਗੇ ਅਰਦਾਸ ਕਰਦਾ ਹੈ ਕਿ) ਮੈਨੂੰ ਨਾਨਕ ਨੂੰ (ਭੀ) ਉਸ ਅਪਹੁੰਚ ਅਥਾਹ ਪ੍ਰਭੂ ਦਾ ਨਾਮ ਦਾਨ (ਵਜੋਂ) ਦੇਹੋ ।੪।੨੦।੨੭ ।
Follow us on Twitter Facebook Tumblr Reddit Instagram Youtube