ਮਾਝ ਮਹਲਾ ੫ ॥
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥
ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥

ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥
ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥
ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥

ਜਨਮ ਜਨਮ ਕਾ ਵਿਛੁੜਿਆ ਮਿਲਿਆ ॥
ਸਾਧ ਕ੍ਰਿਪਾ ਤੇ ਸੂਕਾ ਹਰਿਆ ॥
ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥

ਜਲ ਤਰੰਗੁ ਜਿਉ ਜਲਹਿ ਸਮਾਇਆ ॥
ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥
ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥੪॥੧੯॥੨੬॥

Sahib Singh
ਸਭ ਕਿਛੁ = ਸਾਰਾ ਕੁਝ, ਸਾਰਾ ਆਤਮਕ ਅਨੰਦ ।
ਘਰਿ ਮਹਿ = ਹਿਰਦੇ ਘਰ ਵਿਚ (ਟਿਕੇ ਰਿਹਾਂ) ।
ਟੋਲੈ = (ਸੁਖ ਦੀ) ਭਾਲ ਕਰਦਾ ਹੈ ।
ਭਰਮਿ = ਭਟਕਣਾ ਵਿਚ (ਪੈ ਕੇ) ।
ਭੁਲਾਹੀ = ਭੁਲਾਹਿ, ਕੁਰਾਹੇ ਪਏ ਰਹਿੰਦੇ ਹਨ ।
ਪਰਸਾਦੀ = ਪਰਸਾਦਿ, ਕਿਰਪਾ ਨਾਲ ।
ਅੰਤਰਿ = ਅੰਦਰ, ਹਿਰਦੇ ਵਿਚ ।
ਅੰਤਰਿ ਬਾਹਰਿ = ਪ੍ਰਭੂ ਚਰਨਾਂ ਵਿਚ ਜੁੜਿਆ ਹੋਇਆ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦਾ ਹੋਇਆ ।
ਸੁਹੇਲਾ = ਸੁਖੀ ।੧ ।
ਝਿਮਿ ਝਿਮਿ = ਮਠੀ ਮਠੀ ਸੁਰ ਨਾਲ ।
ਸੁਨਿ = ਸੁਣ ਕੇ ।
ਅਨਦ ਬਿਨੋਦ = ਆਤਮਕ ਸੁਖ ਅਨੰਦ ।
ਕੇਲਾ = ਆਨੰਦ, ਖੇਲ ਤਮਾਸ਼ੇ ।੨ ।
ਸਾਧ = ਗੁਰੂ ।
ਤੇ = ਤੋਂ, ਨਾਲ ।
ਸੂਕਾ = ਸੁੱਕਾ ਹੋਇਆ ।
ਸੁਮਤਿ = ਚੰਗੀ ਅਕਲ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।੩ ।
ਤਰੰਗ = ਲਹਰ ।
ਜਲਹਿ = ਜਲਿ ਹੀ, ਜਲ ਵਿਚ ਹੀ ।
ਭ੍ਰਮ ਕਿਵਾੜਾ = ਭਟਕਣਾ ਦੇ ਤਖ਼ਤੇ ।
ਜਉਲਾ = {ਫ਼ਾਰਸੀ Lਫ਼ਜ਼—ਜਉਲਾ, ਦੌੜਦਾ} ਦੌੜ ਭੱਜ ਕਰਨ ਵਾਲਾ, ਭਟਕਣ ਵਾਲਾ ।੪ ।
    
Sahib Singh
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ ।
ਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ ।
ਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ।੧ ।
(ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮਿ੍ਰਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮਿ੍ਰਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ) (ਉਸ ਅਵਸਥਾ ਵਿਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ ।੨ ।
(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦਾ ਵਿੱਛੁੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ।
ਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ ।
ਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤਿ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ ।
ਗੁਰੂ ਦੀ ਸਰਨ ਪਿਆਂ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ।੩ ।
ਜਿਵੇਂ (ਨਦੀ ਆਦਿਕ ਦੇ) ਪਾਣੀ ਦੀ ਲਹਿਰ (ਉਸ ਨਦੀ ਵਿਚੋਂ ਉੱਭਰ ਕੇ ਮੁੜ ਉਸ) ਪਾਣੀ ਵਿਚ ਹੀ ਰਲ ਜਾਂਦੀ ਹੈ ਤਿਵੇਂ (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ) ਸੁਰਤਿ (ਜੋਤਿ) ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।ਹੇ ਨਾਨਕ! ਆਖ—(ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ।੪।੧੯।੨੬ ।
Follow us on Twitter Facebook Tumblr Reddit Instagram Youtube