ਮਾਝ ਮਹਲਾ ੫ ॥
ਓਤਿ ਪੋਤਿ ਸੇਵਕ ਸੰਗਿ ਰਾਤਾ ॥
ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ॥
ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥੧॥

ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥
ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥
ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥

ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥
ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥
ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥

ਅਪੁਨੈ ਠਾਕੁਰਿ ਜੋ ਪਹਿਰਾਇਆ ॥
ਬਹੁਰਿ ਨ ਲੇਖਾ ਪੁਛਿ ਬੁਲਾਇਆ ॥
ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥

Sahib Singh
ਓਤਿ ਪੋਤਿ = {ਅੋਤ ਪ੍ਰੋਤ}—ਸ਼ੲਾਨ ਛਰੋਸਸਾਸਿੲ ੳਨਦ Lੲਨਗਟਹਾਸਿੲ} ਤਾਣੇ ਵਿਚ ਪੇਟੇ ਵਿਚ ।
ਸੰਗਿ = ਨਾਲ ।
ਪ੍ਰਤਿਪਾਲੇ = ਰੱਖਿਆ ਕਰਦਾ ਹੈ ।
ਸੁਖਦਾਤਾ = ਸੁਖ ਦੇਣ ਵਾਲਾ ।
ਪੀਸਉ = ਪੀਸਉਂ, ਮੈਂ ਪੀਂਹਦਾ ਹਾਂ ।
ਸੇਵਕ ਕੈ = ਸੇਵਕ ਦੇ ਦਰ ਤੇ ।
ਆਹਰੁ = ਉੱਦਮ ।੧।ਸਿਲਕ—ਫਾਹੀ ।
ਪ੍ਰਭਿ = ਪ੍ਰਭੂ ਨੇ ।
ਕਾਟਿ = ਕੱਟ ਕੇ ।
ਸੇਵਕ ਮਨਿ = ਸੇਵਕ ਦੇ ਮਨ ਵਿਚ ।
ਸਾਹਿਬ ਭਾਵੈ = ਸਾਹਿਬ ਨੂੰ ਚੰਗਾ ਲੱਗਦਾ ਹੈ ।
ਅੰਤਰਿ ਬਾਹਰਿ = ਨਾਮ ਜਪਣ ਵਿਚ ਅਤੇ ਜਗਤ ਨਾਲ ਪਿਆਰ ਦੀ ਵਰਤੋਂ ਕਰਨ ਵਿਚ ।
ਮਾਹਰੁ = ਸਿਆਣਾ ।੨ ।
ਸਭ ਬਿਧਿ = ਸਾਰੀਆਂ ਹਾਲਤਾਂ ।
ਦਾਨਾ = ਸਿਆਣਾ, ਜਾਣਨ ਵਾਲਾ ।
ਜਾਹਰੁ = ਪਰਗਟ ।੩ ।
ਠਾਕਰਿ = ਠਾਕੁਰ ਨੇ ।
ਜੋ = ਜਿਸ ਨੂੰ ।
ਪਹਿਰਾਇਆ = ਸਿਰੋਪਾ ਦਿੱਤਾ, ਆਦਰ ਦਿੱਤਾ ।
ਬਹੁਰਿ = ਮੁੜ, ਫਿਰ ।
ਪੁਛਿ = ਪੁੱਛ ਕੇ ।
ਕੈ = ਤੋਂ ।੪ ।
    
Sahib Singh
(ਜਿਵੇਂ ਕੱਪੜੇ ਦਾ ਸੂਤਰ) ਤਾਣੇ ਵਿਚ ਪੇਟੇ ਵਿਚ (ਮਿਲਿਆ ਹੋਇਆ ਹੁੰਦਾ ਹੈ ਤਿਵੇਂ ਪਰਮਾਤਮਾ ਆਪਣੇ) ਸੇਵਕ ਦੇ ਨਾਲ ਮਿਲਿਆ ਰਹਿੰਦਾ ਹੈ ।
(ਜੀਵਾਂ ਨੂੰ) ਸੁਖ ਦੇਣ ਵਾਲਾ ਪ੍ਰਭੂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ ।
(ਮੇਰੀ ਤਾਂਘ ਹੈ ਕਿ) ਮੈਂ ਪ੍ਰਭੂ ਦੇ ਸੇਵਕਾਂ ਦੇ ਦਰ ਤੇ ਪਾਣੀ ਢੋਵਾਂ ਪੱਖਾਂ ਫੇਰਾਂ ਤੇ ਚੱਕੀ ਪੀਹਾਂ (ਕਿਉਂਕਿ ਸੇਵਕਾਂ ਨੂੰ) ਪਾਲਣਹਾਰ ਪ੍ਰਭੂ (ਦੇ ਸਿਮਰਨ) ਦਾ ਹੀ ਉੱਦਮ ਰਹਿੰਦਾ ਹੈ ।੧ ।
ਪ੍ਰਭੂ ਨੇ (ਜਿਸ ਨੂੰ ਉਸ ਦੀ ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਆਪਣੀ ਸੇਵਾ-ਭਗਤੀ ਵਿਚ ਜੋੜਿਆ ਹੈ ਉਸ ਸੇਵਕ ਦੇ ਮਨ ਵਿਚ ਮਾਲਕ ਪ੍ਰਭੂ ਦਾ ਹੁਕਮ ਪਿਆਰਾ ਲੱਗਣ ਲੱਗ ਪੈਂਦਾ ਹੈ ।
ਉਹ ਸੇਵਕ ਉਹੀ ਕਮਾਈ ਕਰਦਾ ਹੈ, ਜੋ ਮਾਲਕ ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਸੇਵਕ ਨਾਮ ਸਿਮਰਨ ਵਿਚ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਨ ਵਿਚ ਸਿਆਣਾ ਹੋ ਜਾਂਦਾ ਹੈ ।੨ ।
ਹੇ ਪ੍ਰਭੂ! ਤੂੰ (ਆਪਣੇ ਸੇਵਕਾਂ ਦੇ ਦਿਲ ਦੀ) ਜਾਣਦਾ ਹੈਂ, ਤੂੰ (ਆਪਣੇ ਸੇਵਕਾਂ ਦਾ) ਪਾਲਣਹਾਰ ਹੈਂ, ਤੂੰ (ਸੇਵਕਾਂ ਨੂੰ ਮਾਇਆ ਦੇ ਮੋਹ ਤੋਂ ਬਚਾਣ ਦੇ) ਸਭ ਤਰੀਕੇ ਜਾਣਦਾ ਹੈਂ ।
(ਹੇ ਭਾਈ)! ਪਾਲਣਹਾਰ ਪ੍ਰਭੂ ਦੇ ਸੇਵਕ ਪ੍ਰਭੂ ਦੇ ਮਿਲਾਪ ਦੇ ਆਤਮਕ ਅਨੰਦ ਮਾਣਦੇ ਹਨ ।
ਪਾਲਣਹਾਰ ਪ੍ਰਭੂ ਦਾ ਆਪਾ ਉਸ ਦੇ ਸੇਵਕ ਦਾ ਆਪਾ ਬਣ ਜਾਂਦਾ ਹੈ (ਠਾਕੁਰ ਤੇ ਸੇਵਕ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ) ।
ਠਾਕੁਰ ਦੇ ਚਰਨਾਂ ਵਿਚ ਜੁੜਿਆ ਰਹਿ ਕੇ ਸੇਵਕ (ਲੋਕ ਪਰਲੋਕ ਵਿਚ) ਪਰਗਟ ਹੋ ਜਾਂਦਾ ਹੈ ।੩ ।
ਜਿਸ (ਸੇਵਕ) ਨੂੰ ਪਿਆਰੇ ਠਾਕੁਰ-ਪ੍ਰਭੂ ਨੇ (ਸੇਵਾ ਭਗਤੀ ਦਾ) ਸਿਰੋਪਾ ਬਖ਼ਸ਼ਿਆ ਹੈ, ਉਸ ਨੂੰ ਮੁੜ (ਉਸ ਦੇ ਕਰਮਾਂ ਦਾ) ਲੇਖਾ ਨਹੀਂ ਪੁੱਛਿਆ (ਲੇਖਾ ਪੁੱਛਣ ਵਾਸਤੇ) ਨਹੀਂ ਸੱਦਿਆ (ਭਾਵ, ਉਹ ਸੇਵਕ ਮੰਦੇ ਕਰਮਾਂ ਵਲ ਪੈਂਦਾ ਹੀ ਨਹੀਂ) ।
ਹੇ ਨਾਨਕ! (ਆਖ—) ਮੈਂ ਉਸ ਸੇਵਕ ਤੋਂ ਸਦਕੇ ਜਾਂਦਾ ਹਾਂ ।
ਉਹ ਸੇਵਕ ਡੂੰਘੇ ਸੁਭਾਉ ਵਾਲਾ ਵੱਡੇ ਜਿਗਰੇ ਵਾਲਾ ਤੇ ਉੱਚੇ ਅਮੋਲਕ ਜੀਵਨ ਵਾਲਾ ਹੋ ਜਾਂਦਾ ਹੈ ।੪।੧੮।੨੫ ।
Follow us on Twitter Facebook Tumblr Reddit Instagram Youtube