ਮਾਝ ਮਹਲਾ ੫ ॥
ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥
ਪ੍ਰਭੂ ਦਇਆ ਤੇ ਮੰਗਲੁ ਗਾਵਉ ॥
ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥੧॥

ਨਾਮੁ ਅਉਖਧੁ ਮੋ ਕਉ ਸਾਧੂ ਦੀਆ ॥
ਕਿਲਬਿਖ ਕਾਟੇ ਨਿਰਮਲੁ ਥੀਆ ॥
ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥੨॥

ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥
ਸੋ ਮੁਕਤਾ ਸਾਗਰ ਸੰਸਾਰਾ ॥
ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥੩॥

ਜਬ ਤੇ ਸਾਧੂ ਸੰਗਤਿ ਪਾਏ ॥
ਗੁਰ ਭੇਟਤ ਹਉ ਗਈ ਬਲਾਏ ॥
ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥੪॥੧੭॥੨੪॥

Sahib Singh
ਤੇ = ਤੋਂ, ਨਾਲ ।
ਧਿਆਵਉ = ਮੈਂ ਧਿਆਉਂਦਾ ਹਾਂ ।
ਮੰਗਲੁ = ਸਿਫ਼ਤਿ = ਸਾਲਾਹ ਦਾ ਗੀਤ ।
ਗਾਵਉ = ਗਾਵਉਂ, ਮੈਂ ਗਾਂਦਾ ਹਾਂ ।
ਅਵਰਦਾ = ਉਮਰ ।੧ ।
ਅਉਖਧੁ = ਦਵਾਈ ।
ਮੋ ਕਉ = ਮੈਨੂੰ ।
ਸਾਧੂ = ਗੁਰੂ ਨੇ ।
ਕਿਲਬਿਖ = ਪਾਪ {ਕਿÑਿਵ—} ।
ਪੀਰਾ = ਪੀੜਾ ।
ਸਗਲ = ਸਾਰੇ ।੨।ਜਿਸ ਕਾ—{ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’} ।
ਮੁਕਤਾ = ਵਿਕਾਰਾਂ ਤੋਂ ਆਜ਼ਾਦ ।
ਸਤਿ ਕਰੇ = ਸਤਿ ਕਰਿ, ਠੀਕ ਜਾਣ ਕੇ, ਨਿਸਚਾ ਧਾਰ ਕੇ ।
ਜਿਨਿ = ਜਿਸ ਨੇ ।
ਕਾਹੇ ਕਉ = ਕਾਹਦੇ ਲਈ?।੩ ।
ਸਾਧੂ = ਗੁਰੂ ।
ਗੁਰ ਭੇਟਤ = ਗੁਰੂ ਨੂੰ ਮਿਲਿਆਂ ।
ਹਉ ਬਲਾਏ = ਹਉਮੈ ਦੀ ਬਲਾ ।
ਗਾਵੈ ਨਾਨਕੁ = ਨਾਨਕ ਗਾਂਦਾ ਹੈ ।
ਸਤਿਗੁਰਿ = ਸਤਿਗੁਰੂ ਨੇ ।
ਪੜਦਾ ਢਾਕਿ ਲੀਆ = ਇੱਜ਼ਤ ਰੱਖ ਲਈ, ਵਿਕਾਰਾਂ ਦੇ ਹੱਲਿਆਂ ਤੋਂ ਬਚਾ ਕੇ ਇੱਜ਼ਤ ਰੱਖ ਲਈ ।੪ ।
    
Sahib Singh
ਪਰਮਾਤਮਾ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪਰਮਾਤਮਾ ਦੀ ਹੀ ਕਿਰਪਾ ਨਾਲ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ।
(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਾਰੀ (ਹੀ) ਉਮਰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ।੧ ।
ਪਰਮਾਤਮਾ ਦਾ ਨਾਮ ਦਾਰੂ (ਹੈ, ਜਦੋਂ) ਮੈਨੂੰ ਗੁਰੂ ਨੇ ਦਿੱਤਾ (ਇਸ ਦੀ ਬਰਕਤਿ ਨਾਲ ਮੇਰੇ ਸਾਰੇ) ਪਾਪ ਕੱਟੇ ਗਏ ਤੇ ਮੈਂ ਪਵਿਤ੍ਰ ਹੋ ਗਿਆ ।
(ਮੇਰੇ ਅੰਦਰ ਆਤਮਕ) ਸੁਖ ਪੈਦਾ ਹੋ ਗਿਆ (ਮੇਰੇ ਅੰਦਰੋਂ ਹਉਮੈ ਦੀ) ਸਾਰੀ ਪੀੜਾ ਨਿਕਲ ਗਈ, ਮੇਰੇ ਸਾਰੇ ਦੁਖ-ਦਰਦ ਦੂਰ ਹੋ ਗਏ ।੨ ।
(ਹੇ ਭਾਈ!) ਮੇਰਾ ਪਿਆਰਾ (ਗੁਰੂ ਪਰਮਾਤਮਾ) ਜਿਸ ਮਨੁੱਖ ਦੀ ਸਹੈਤਾ ਕਰਦਾ ਹੈ, ਉਹ ਇਸ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਮੁਕਤ ਹੋ ਜਾਂਦਾ ਹੈ ।
ਜਿਸ ਮਨੁੱਖ ਨੇ ਸਰਧਾ ਧਾਰ ਕੇ ਗੁਰੂ ਨਾਲ ਸਾਂਝ ਪਾ ਲਈ, ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਡਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ ।੩ ।
(ਹੇ ਭਾਈ!) ਜਦੋਂ ਤੋਂ ਮੈਨੂੰ ਗੁਰੂ ਦੀ ਸੰਗਤਿ ਮਿਲੀ ਹੈ, ਗੁਰੂ ਨੂੰ ਮਿਲਿਆਂ (ਮੇਰੇ ਅੰਦਰੋਂ) ਹਉਮੈ ਦੀ ਬਲਾ ਦੂਰ ਹੋ ਗਈ ।
ਸਤਿਗੁਰੂ ਨੇ (ਹਉਮੈ ਆਦਿਕ ਵਿਕਾਰਾਂ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ ।
ਹੁਣ ਨਾਨਕ ਹਰੇਕ ਸੁਆਸ ਦੇ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ।੪।੧੭।੨੪ ।
Follow us on Twitter Facebook Tumblr Reddit Instagram Youtube