ਮਾਝ ਮਹਲਾ ੫ ॥
ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥
ਸੁਖਦਾਈ ਦੂਖ ਬਿਡਾਰਨ ਹਰੀਆ ॥
ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥੧॥

ਜੋ ਜੋ ਪੀਵੈ ਸੋ ਤ੍ਰਿਪਤਾਵੈ ॥
ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥
ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥੨॥

ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ ॥
ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ ॥
ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥੩॥

ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥
ਤਿਸੁ ਲਗਿ ਮੁਕਤੁ ਭਏ ਘਣੇਰੇ ॥
ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥੪॥੧੫॥੨੨॥

Sahib Singh
ਨਿਰਮਲੀਆ = ਨਿਰਮਲ, ਸਾਫ਼, ਪਵਿਤ੍ਰ ।
ਦੂਖ ਬਿਡਾਰਨ = ਦੁੱਖ ਦੂਰ ਕਰਨ ਜੋਗਾ ।
ਹਰੀਆ = ਹਰੀ ।
ਅਵਰਿ = {ਲਫ਼ਜ਼ ‘ਅਵਰ’ ਤੋਂ ਬਹੁ-ਵਚਨ) ਹੋਰ ।
ਸਾਦ = ਸੁਆਦ ।
ਚਖਿ = ਚੱਖ ਕੇ ।
ਸਗਲੇ = ਸਾਰੇ ।
ਮਨ = ਹੇ ਮਨ ।੧ ।
ਤਿ੍ਰਪਤਾਵੈ = ਰੱਜ ਜਾਂਦਾ ਹੈ ।
ਅਮਰੁ = {ਅ = ਮਰੁ} ਮੌਤ-ਰਹਿਤ, ਜਿਸ ਨੂੰ ਆਤਮਕ ਮੌਤ ਨਾਹ ਆਵੇ ।
ਨਿਧਾਨ = ਖ਼ਜ਼ਾਨੇ {‘ਨਿਧਾਨ’—ਖ਼ਜ਼ਾਨਾ} ।
ਜਿਸੁ ਮਨਿ = ਜਿਸ ਦੇ ਮਨ ਵਿਚ ।੨ ।
ਜਿਨਿ = ਜਿਸ ਨੇ ।
ਅਘਾਨਾ = ਰੱਜ ਗਿਆ ।
ਸਾਦ = ਸੁਆਦ {‘ਸਾਦੁ’ ਇਕ = ਵਚਨ, ‘ਸਾਦ’ ਬਹੁ-ਵਚਨ} ।
ਤਿਸਹਿ = ਉਸ ਨੂੰ ਹੀ {ਨੋਟ:- ਲਫ਼ਜ਼ ਤਿਸੁ’ ਦਾ ੁ ਕਿ੍ਰਆ ਵਿਸ਼ੇਸ਼ਣ ‘ਹਿ’ ਦੇ ਕਾਰਨ ਉੱਡ ਗਿਆ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’} ।
ਮਸਤਕਿ = ਮੱਥੇ ਉੱਤੇ ।
ਭਾਗੀਠਾ = ਚੰਗੇ ਭਾਗ ।੩ ।
ਇਕਸੁ ਹਥਿ = ਇੱਕ ਦੇ ਹੱਥ ਵਿਚ ।
ਵਰਸਾਣੇ = ਲਾਭ ਉਠਾਂਦੇ ਹਨ ।
ਮੁਕਤੁ = ਮਾਇਆ ਦੇ ਬੰਧਨਾਂ ਤੋਂ ਆਜ਼ਾਦ ।
ਘਣੇਰੇ = ਅਨੇਕਾਂ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।੪ ।
    
Sahib Singh
ਹੇ ਮਨ! ਜੇਹੜਾ ਪਰਮਾਤਮਾ (ਜੀਵਾਂ ਨੂੰ) ਸੁੱਖ ਦੇਣ ਵਾਲਾ ਹੈ ਤੇ (ਜੀਵਾਂ ਦੇ) ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਐਸਾ ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ ।
ਹੇ ਮਨ! (ਦੁਨੀਆ ਦੇ ਪਦਾਰਥਾਂ ਦੇ) ਹੋਰ ਸਾਰੇ ਸੁਆਦ ਚੱਖ ਕੇ ਮੈਂ ਵੇਖ ਲਏ ਹਨ, ਪਰਮਾਤਮਾ ਦੇ ਨਾਮ ਦਾ ਸੁਆਦ ਹੋਰ ਸਭਨਾਂ ਤੋਂ ਮਿੱਠਾ ਹੈ ।੧ ।
(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਉਸ ਨੂੰ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ ।
(ਪਰ ਪ੍ਰਭੂ-) ਨਾਮ ਦੇ ਖ਼ਜ਼ਾਨੇ ਸਿਰਫ਼ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵੱਸਦਾ ਹੈ ।੨ ।
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੈ, ਉਹ ਪੂਰਨ ਤੌਰ ਤੇ ਰੱਜ ਗਿਆ ਹੈ (ਉਸ ਦੀ ਮਾਇਆ ਵਾਲੀ ਤ੍ਰੇਹ ਭੁੱਖ ਮਿਟ ਗਈ ਹੈ) ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਦੇ ਹੱਲਿਆਂ ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਕਦੇ ਡੋਲਦਾ ਨਹੀਂ ।
(ਪਰ) ਪਰਮਾਤਮਾ ਦਾ ਇਹ ਨਾਮ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ; ਜਿਸ ਦੇ ਮੱਥੇ ਉਤੇ ਚੰਗਾ ਭਾਗ (ਜਾਗ ਪਏ) ।੩ ।
ਹੇ ਨਾਨਕ! ਆਖ—ਜਦੋਂ ਇਹ ਹਰਿ-ਨਾਮ ਇੱਕ (ਗੁਰੂ) ਦੇ ਹੱਥ ਵਿਚ ਆ ਜਾਂਦਾ ਹੈ ਤਾਂ (ਉਸ ਗੁਰੂ ਪਾਸੋਂ) ਅਨੇਕਾਂ ਬੰਦੇ ਲਾਭ ਉਠਾਂਦੇ ਹਨ, ਉਸ (ਗੁਰੂ ਦੀ) ਚਰਨੀਂ ਲੱਗ ਕੇ ਅਨੇਕਾਂ ਹੀ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ।
ਇਹ ਨਾਮ-ਖ਼ਜ਼ਾਨਾ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ ।
ਵਿਰਲਿਆਂ ਨੇ (ਇਸ ਨਾਮ ਖ਼ਜ਼ਾਨੇ ਦਾ) ਦਰਸਨ ਕੀਤਾ ਹੈ ।੪।੧੫।੨੨ ।
Follow us on Twitter Facebook Tumblr Reddit Instagram Youtube