ਮਾਝ ਮਹਲਾ ੫ ॥
ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥
ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥
ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥

ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥
ਜੋ ਸਾਹਿਬ ਤੇਰੈ ਮਨਿ ਭਾਵੈ ॥
ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥

ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥
ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥
ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥

ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥
ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥
ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥

Sahib Singh
ਰਜਾਈ = ਹੇ ਰਜ਼ਾ ਦੇ ਮਾਲਕ !
ਜੋ ਤੁਧੁ ਭਾਈ = ਜੋ ਤੈਨੂੰ ਚੰਗਾ ਲੱਗਦਾ ਹੈ ।
ਸੋਈ = ਉਹੀ ।
ਭਾਣੈ = ਰਜ਼ਾ ਵਿਚ ਰਾਜ਼ੀ ਰਹਿਣਾ ।
ਪੂਰ = ਪੂਰਨ, ਠੀਕ ।੧ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲਾ ।
ਸਾਹਿਬ = ਹੇ ਸਾਹਿਬ !
ਮਨਿ = ਮਨ ਵਿਚ ।
ਭਾਵੈ = ਪਿਆਰਾ ਲੱਗਦਾ ਹੈ ।
ਮਾਨਾ = ਪਤੀਜਦਾ ਹੈ ।੨ ।
ਪ੍ਰਤਿਪਾਲਾ = ਪਾਲਣਾ ।
ਖੇਲਹਿ = ਆਤਮਕ ਆਨੰਦ ਮਾਣਦੇ ਹਨ ।
ਤੁਮ ਸੰਗਿ = ਤੇਰੀ ਸੰਗਤਿ ਵਿਚ ਰਹਿ ਕੇ ।
ਖਰੇ = ਬਹੁਤ ।
ਪ੍ਰਾਨਾ = ਜਿੰਦ = ਜਾਨ, ਅਸਲ ਸਹਾਰਾ ।੩ ।
ਕੈ = ਤੋਂ ।
ਤੂੰ = ਤੈਨੂੰ ।
ਜਾਤਾ = ਪਛਾਣਿਆ ਹੈ ।
ਤੁਧੁ ਮਨਿ = ਤੇਰੇ ਮਨ ਵਿਚ ।
ਤਿ੍ਰਪਤਿ ਅਘਾਨਾ = (ਮਾਇਆ ਦੀ ਤ੍ਰਿਸ਼ਨਾ ਵਲੋਂ) ਬਿਲਕੁਲ ਰੱਜ ਗਏ ।੪ ।
    
Sahib Singh
ਹੇ ਰਜ਼ਾ ਦੇ ਮਾਲਕ-ਪ੍ਰਭੂ! ਤੇਰਾ ਹੁਕਮ (ਸਿਰ-ਮੱਥੇ ਉੱਤੇ ਮੰਨਣਾ) ਤੇਰੀ ਸਿਫ਼ਤਿ-ਸਾਲਾਹ ਹੀ ਹੈ ।
ਜੋ ਤੈਨੂੰ ਚੰਗਾ ਲੱਗਦਾ ਹੈ (ਉਸ ਨੂੰ ਭਲਾਈ ਜਾਨਣਾ) ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ ।(ਹੇ ਭਾਈ!) ਜੋ ਕੁਝ ਪ੍ਰਭੂ ਜੀ ਨੂੰ ਭਾਉਂਦਾ ਹੈ (ਉਸ ਨੂੰ ਪਰਵਾਨ ਕਰਨਾ ਹੀ) ਅਸਲ ਜਪ ਹੈ, ਪਰਮਾਤਮਾ ਦੇ ਭਾਣੇ ਵਿਚ ਤੁਰਨਾ ਹੀ ਪੂਰਨ ਗਿਆਨ ਹੈ ।੧ ।
ਹੇ ਮਾਲਕ-ਪ੍ਰਭੂ! ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਉਹੀ ਮਨੁੱਖ ਗਾ ਸਕਦਾ ਹੈ, ਜੇਹੜਾ ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ ।
ਹੇ ਸਾਹਿਬ! ਤੂੰ ਹੀ ਸੰਤਾਂ ਦਾ (ਸਹਾਰਾ) ਹੈਂ, ਸੰਤ ਤੇਰੇ ਆਸਰੇ ਜੀਊਂਦੇ ਹਨ, ਤੇਰੇ ਸੰਤਾਂ ਦਾ ਮਨ ਸਦਾ ਤੇਰੇ (ਚਰਨਾਂ ਵਿਚ) ਜੁੜਿਆ ਰਹਿੰਦਾ ਹੈ ।੨ ।
ਹੇ ਗੋਪਾਲ-ਪ੍ਰਭੂ! ਹੇ ਸਿ੍ਰਸ਼ਟੀ ਦੇ ਪਾਲਣਹਾਰ! ਤੂੰੰ ਆਪਣੇ ਸੰਤਾਂ ਦੀ ਸਦਾ ਰੱਖਿਆ ਕਰਦਾ ਹੈਂ, ਤੇਰੇ ਚਰਨਾਂ ਵਿਚ ਜੁੜੇ ਰਹਿ ਕੇ ਸੰਤ ਆਤਮਕ ਆਨੰਦ ਮਾਣਦੇ ਹਨ ।
ਤੈਨੂੰ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ, ਤੂੰ ਸੰਤਾਂ ਦੀ ਜਿੰਦ-ਜਾਨ ਹੈਂ ।੩ ।
ਹੇ ਨਾਨਕ! (ਆਖ—ਹੇ ਪ੍ਰਭੂ!) ਮੇਰਾ ਮਨ ਤੇਰੇ ਉਹਨਾਂ ਸੰਤਾਂ ਤੋਂ ਸਦਾ ਸਦਕੇ ਹੈ, ਜਿਨ੍ਹਾਂ ਨੇ ਤੈਨੂੰ ਪਛਾਣਿਆ ਹੈ (ਤੇਰੇ ਨਾਲ ਡੂੰਘੀ ਸਾਂਝ ਪਾਈ ਹੈ) ਜੇਹੜੇ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ।
(ਜੇਹੜੇ ਵਡਭਾਗੀ) ਉਹਨਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦਾ ਨਾਮ ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ ।੪।੧੩।੨੦ ।
Follow us on Twitter Facebook Tumblr Reddit Instagram Youtube