ਮਾਝ ਮਹਲਾ ੫ ॥
ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥
ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥
ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥

ਉਦਮੁ ਕਰਤ ਮਨੁ ਨਿਰਮਲੁ ਹੋਆ ॥
ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥

ਅੰਤਰਿ ਬਾਹਰਿ ਤੇਰੀ ਬਾਣੀ ॥
ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥
ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥

ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥
ਹਰਿ ਪੈਨਣੁ ਨਾਮੁ ਭੋਜਨੁ ਥੀਆ ॥
ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥

Sahib Singh
ਧੰਨੁ = {ਘਂਯ} ਭਾਗਾਂ ਵਾਲਾ ।
ਜਿਤੁ = ਜਿਸ (ਵੇਲੇ) ਵਿਚ ।
ਮੈ = ਮੈਨੂੰ ।
ਸਫਲੁ = ਫਲ ਦੇਣ ਵਾਲਾ ।
ਨੇਤ੍ਰ = ਅੱਖਾਂ ਨਾਲ ।
ਮੂਰਤ = {ਮੁਹੁਤL} ਦੋ ਘੜੀਆਂ ਦਾ ਸਮਾ ।
ਚਸਾ = ਇਕ ਪਲ ਦਾ ਤ੍ਰੀਹਵਾਂ ਹਿੱਸਾ ।
ਓਇ = {ਲਫ਼ਜ਼ ‘ਓਹੁ’ ਤੋਂ ਬਹੁ-ਵਚਨ} ।
ਸੰਜੋਗਾ = ਮਿਲਾਪ ਦੇ ਸਮੇ ।੧ ।
ਕਰਤ = ਕਰਦਿਆਂ ।
ਹੋਆ = ਹੋ ਗਿਆ ।
ਮਾਰਗਿ = ਰਸਤੇ ਉਤੇ ।
ਭ੍ਰਮੁ = ਭਟਕਦਾ ।੨ ।
ਵਖਾਣੀ = ਬਿਆਨ ਕੀਤੀ ।
ਕਥੀ = ਆਖੀ ।
ਤੈ = ਤੈਂ, ਤੂੰ ।
ਗੁਰਿ = ਗੁਰੂ ਨੇ ।
ਸਭੁ = ਹਰ ਥਾਂ ।੩ ।
ਅੰਮਿ੍ਰਤ ਰਸੁ = ਨਾਮ ਅੰਮਿ੍ਰਤ ਦਾ ਸੁਆਦ ।
ਤੇ = ਤੋਂ ।
ਥੀਆ = ਹੋ ਗਿਆ ਹੈ ।
ਨਾਮਿ = ਨਾਮ ਵਿਚ (ਜੁੜੇ ਰਹਿਣਾ) ।
ਭੋਗਾ = ਦੁਨੀਆ ਦੇ ਪਦਾਰਥ ਮਾਣਨੇ ।੪ ।
    
Sahib Singh
(ਮੇਰੇ ਭਾ ਦਾ) ਉਹ ਵੇਲਾ ਭਾਗਾਂ ਵਾਲਾ (ਸਾਬਤ ਹੋਇਆ) ਜਿਸ ਵੇਲੇ ਮੈਨੂੰ ਸਤਿਗੁਰੂ ਮਿਲ ਪਿਆ, (ਗੁਰੂ ਦਾ) ਦਰਸਨ (ਮੇਰੇ ਵਾਸਤੇ) ਫਲ-ਦਾਇਕ ਹੋ ਗਿਆ (ਕਿਉਂਕਿ ਇਹਨਾਂ) ਅੱਖਾਂ ਨਾਲ (ਗੁਰੂ ਦਾ)ਦਰਸਨ ਕਰਦਿਆਂ (ਹੀ) ਮੈਂ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਗਿਆ ।
(ਸੋ ਮੇਰੇ ਵਾਸਤੇ) ਉਹ ਮੁਹੂਰਤ ਉਹ ਚਸੇ ਉਹ ਪਲ ਘੜੀਆਂ ਉਹ (ਗੁਰੂ-) ਮਿਲਾਪ ਦੇ ਸਮੇ ਸਾਰੇ ਹੀ ਭਾਗਾਂ ਵਾਲੇ ਹਨ ।੧ ।
(ਗੁਰੂ ਦੀ ਦੱਸੀ ਸਿਮਰਨ-ਕਾਰ ਵਾਸਤੇ) ਉੱਦਮ ਕਰਦਿਆਂ (ਮੇਰਾ) ਮਨ ਪਵਿਤ੍ਰ ਹੋ ਗਿਆ ਹੈ, (ਗੁਰੂ ਦੀ ਰਾਹੀਂ) ਪ੍ਰਭੂ ਦੇ ਰਸਤੇ ਉੱਤੇ ਤੁਰਦਿਆਂ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ ।
ਗੁਰੂ ਨੇ ਮੈਨੂੰ (ਸਾਰੇ ਗੁਣਾਂ ਦਾ) ਖ਼ਜ਼ਾਨਾ ਪ੍ਰਭੂ ਦਾ ਨਾਮ ਸੁਣਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੇਰੇ ਸਾਰੇ (ਮਾਨਸਿਕ) ਰੋਗ ਦੂਰ ਹੋ ਗਏ ਹਨ ।
(ਹੇ ਪ੍ਰਭੂ!) ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੀ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਭੀ (ਨਾਹ ਹੋਇਆ, ਨਾਹ ਹੈ ਤੇ) ਨਾਹ ਹੋਵੇਗਾ ।
(ਇਸ ਵਾਸਤੇ ਹੁਣ ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ ।
ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚ) ਤੂੰ ਆਪ ਹੀ ਕਥਨ ਕਰ ਰਿਹਾ ਹੈਂ, ਤੂੰ ਆਪ ਹੀ ਵਖਿਆਨ ਕਰ ਰਿਹਾ ਹੈਂ ।੩ ।
ਹੇ ਨਾਨਕ! (ਆਖ—) ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਮੈਨੂੰ ਗੁਰੂ ਪਾਸੋਂ ਪ੍ਰਾਪਤ ਹੋਇਆ ਹੈ ।
ਹੁਣ ਪਰਮਾਤਮਾ ਦਾ ਨਾਮ ਹੀ ਮੇਰਾ ਖਾਣ-ਪੀਣ ਹੈ ਤੇ ਨਾਮ ਹੀ ਮੇਰਾ ਹੰਢਾਣ ਹੈ, ਪ੍ਰਭੂ-ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੀਆਂ ਖ਼ੁਸ਼ੀਆਂ ਹਨ, ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ-ਤਮਾਸ਼ੇ ਹਨ, ਪ੍ਰਭੂ-ਨਾਮ ਹੀ ਮੇਰੇ ਵਾਸਤੇ ਦੁਨੀਆ ਦੇ ਭੋਗ-ਬਿਲਾਸ ਹੈ ।੪।੧੦ ।
੧੭ ।
Follow us on Twitter Facebook Tumblr Reddit Instagram Youtube