ਮਾਝ ਮਹਲਾ ੫ ॥
ਦੁਖੁ ਤਦੇ ਜਾ ਵਿਸਰਿ ਜਾਵੈ ॥
ਭੁਖ ਵਿਆਪੈ ਬਹੁ ਬਿਧਿ ਧਾਵੈ ॥
ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥

ਸਤਿਗੁਰੁ ਮੇਰਾ ਵਡ ਸਮਰਥਾ ॥
ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥
ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥

ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥
ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥
ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥

ਹਉ ਬਲਿਹਾਰੀ ਸਤਿਗੁਰ ਪੂਰੇ ॥
ਜਿਨਿ ਬੰਧਨ ਕਾਟੇ ਸਗਲੇ ਮੇਰੇ ॥
ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥

Sahib Singh
ਤਦੇ = ਤਦਿ ਹੀ, ਤਦੋਂ ਹੀ ।
ਭੁਖ = ਮਾਇਆ ਦੀ ਤ੍ਰਿਸ਼ਨਾ ।
ਵਿਆਪੈ = ਜ਼ੋਰ ਪਾ ਲੈਂਦੀ ਹੈ ।
ਬਹੁ ਬਿਧਿ = ਕਈ ਤਰੀਕਿਆਂ ਨਾਲ ।
ਸੁਹੇਲਾ = ਸੁਖੀ ।੧ ।
ਸਮਰਥਾ = ਤਾਕਤ ਵਾਲਾ ।
ਜੀਇ = ਜੀਉ ਵਿਚ {ਲਫ਼ਜ਼ ‘ਜੀਉ’ ਤੋਂ ਅਧਿਕਰਣ ਕਾਰਕ ਇਕ-ਵਚਨ ‘ਜੀਇ’ ਹੈ} ਸਮਾਲੀ—ਸਮਾਲੀਂ, ਮੈਂ ਸੰਭਾਲਦਾ ਹਾਂ ।
ਹਉ ਪੀੜਾ = ਹਉਮੈ ਦਾ ਦੁੱਖ ।੨ ।
ਹਉ = ਮੈਂ ।
ਮੰਗਾ = ਮੰਗਾਂ ।
ਤੋਟਿ = ਘਾਟਾ ।
ਪ੍ਰਭ ਰੰਗਾ = ਪ੍ਰਭੂ ਦੇ ਪਦਾਰਥਾਂ (ਵਿਚ) ।
ਪੈ = ਪੈ ਕੇ ।
ਮਨਾਈ = ਮਨਾਈਂ, ਮੈਂ ਮਨਾਂਦਾ ਹਾਂ ।
ਬਲਿਹਾਰੀ = ਕੁਰਬਾਨ ।
ਜਿਨਿ = ਜਿਸ (ਗੁਰੂ) ਨੇ ।
ਸਗਲੇ = ਸਾਰੇ ।
ਦੇ = ਦੇ ਕੇ ।
ਰੰਗਿ = (ਆਪਣੇ) ਪ੍ਰੇਮ ਵਿਚ (ਜੋੜ ਕੇ) ।
ਰਸਾਲਾ = {ਰਸ ਆਲਯ} ਰਸ ਦਾ ਘਰ ।੪ ।
    
Sahib Singh
(ਜੀਵ ਨੂੰ) ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ (ਪਰਮਾਤਮਾ ਦਾ ਨਾਮ) ਭੁੱਲ ਜਾਂਦਾ ਹੈ ।
(ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ ।
ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੱਖ ਨੂੰ (ਨਾਮ ਦੀ ਦਾਤਿ) ਦੇਂਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ ।੧।(ਪਰ ਇਹ ਨਾਮ ਦੀ ਦਾਤਿ ਗੁਰੂ ਦੀ ਰਾਹੀਂ ਮਿਲਦੀ ਹੈ) ਮੇਰਾ ਸਤਿਗੁਰੂ ਬੜੀ ਤਾਕਤ ਵਾਲਾ ਹੈ, (ਉਸ ਦੀ ਮਿਹਰ ਨਾਲ) ਜਦੋਂ ਮੈਂ (ਪਰਮਾਤਮਾ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ।
(ਮੇਰੇ ਅੰਦਰੋਂ) ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ, ਮੇਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ (ਚਿੰਤਾ ਹਉਮੈ ਆਦਿਕ ਤੋਂ) ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ ।੨ ।
(ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਰ ਤੋਂ) ਮੈਂ ਅੰਞਾਣੇ ਬਾਲ ਵਾਂਗ ਹਰੇਕ ਚੀਜ਼ ਮੰਗਦਾ ਹਾਂ, ਉਹ ਸਦਾ ਮੈਨੂੰ (ਮੇਰੀਆਂ ਮੂੰਹ ਮੰਗੀਆਂ ਚੀਜ਼ਾਂ) ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੇ ਟੋਟ ਨਹੀਂ ਆਉਂਦੀ ।
ਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸਿ੍ਰਸ਼ਟੀ ਦੇ ਜੀਵਾਂ ਦੀ ਪਾਲਨਾ ਕਰਨ ਵਾਲਾ ਹੈ, ਮੈਂ ਉਸ ਦੇ ਚਰਨਾਂ ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਂਦਾ ਰਹਿੰਦਾ ਹਾਂ ।੩ ।
ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ, ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ ।
ਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ ।੪।੮।੧੫ ।
Follow us on Twitter Facebook Tumblr Reddit Instagram Youtube