ਮਾਝ ਮਹਲਾ ੫ ॥
ਅਨਹਦੁ ਵਾਜੈ ਸਹਜਿ ਸੁਹੇਲਾ ॥
ਸਬਦਿ ਅਨੰਦ ਕਰੇ ਸਦ ਕੇਲਾ ॥
ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥੧॥

ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥
ਜੋ ਲੋੜੀਦਾ ਸੋਈ ਪਾਇਆ ॥
ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥੨॥

ਆਪੇ ਰਾਜਨੁ ਆਪੇ ਲੋਗਾ ॥
ਆਪਿ ਨਿਰਬਾਣੀ ਆਪੇ ਭੋਗਾ ॥
ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥

ਜੇਹਾ ਡਿਠਾ ਮੈ ਤੇਹੋ ਕਹਿਆ ॥
ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥
ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥੪॥੩॥੧੦॥

Sahib Singh
ਅਨਹਦੁ = {ਅਨਾਹਤ—ਂੋਟ ਪਰੋਦੁਚੲਦ ਬੇ ਬੲੳਟਨਿਗ (ੳਸ ਸੋੁਨਦ)} ਉਹ ਆਵਾਜ਼ ਜੋ ਕੋਈ ਸਾਜ ਵਜਾਏ ਤੋਂ ਬਿਨਾ ਹੀ ਪੈਦਾ ਹੋ ਰਹੀ ਹੋਵੇ, ਇਕ-ਰਸ ਸ਼ਬਦ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਹੇਲਾ = ਸੁਖਦਾਈ ।
ਸਬਦਿ = ਸਬਦ ਦੀ ਰਾਹੀਂ ।
ਸਦ = ਸਦਾ ।
ਕੇਲ = {ਕੇਲਿ:} ਖੇਲ, ਆਨੰਦ ।
ਸਹਜ ਗੁਫਾ = ਆਤਮਕ ਅਡੋਲਤਾ ਦੀ ਗੁਫਾ ।
ਤਾੜੀ = ਸਮਾਧੀ ।੧ ।
ਫਿਰਿ ਘਿਰਿ = ਮੁੜ = ਘਿੜ ।
ਗਿ੍ਰਹ ਮਹਿ = ਹਿਰਦੇ = ਘਰ ਵਿਚ ।
ਅਘਾਇ ਰਹਿਆ = ਰੱਜਿਆ ਹੋਇਆ ਹੈ ।
ਸੰਤਹੁ = ਹੇ ਸੰਤ ਜਨੋ !
ਗੁਰਿ = ਗੁਰੂ ਨੇ ।
ਅਨਭਉ = {ਅਨੁਭਵ} ਆਤਮਕ ਚਾਨਣ ।
ਪੁਰਖੁ = ਸਰਬ = ਵਿਆਪਕ ਪ੍ਰਭੂ ।੨ ।
ਰਾਜਨੁ = ਪਾਤਿਸ਼ਾਹ ।
ਨਿਰਬਾਣੀ = {ਨਿਵਾLਣ} ਵਾਸਨਾ-ਰਹਿਤ ।
ਤਖਤਿ = ਤਖ਼ਤ ਉੱਤੇ ।
ਸਚੁ = ਸਦਾ = ਥਿਰ ਰਹਿਣ ਵਾਲਾ ।
ਨਿਆਈ = ਨਿਆਂ ਕਰਨ ਵਾਲਾ ।੩ ।
ਤਿਸੁ = ਉਸ ਮਨੁੱਖ ਨੂੰ ।
ਜਿਨਿ = ਜਿਸ (ਮਨੁੱਖ) ਨੇ ।
ਲਹਿਆ = ਲੱਭ ਲਿਆ ।
ਇਕੁ = ਪਰਮਾਤਮਾ ਹੀ ।
ਪਸਾਰਿਆ = ਵਿਆਪ ਰਿਹਾ ਹੈ ।੪ ।
    
Sahib Singh
(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਇਕ-ਰਸ ਵਾਜਾ ਵੱਜ ਰਿਹਾ ਹੈ, (ਮੇਰਾ ਮਨ) ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਹੋ ਰਿਹਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਆਨੰਦ ਤੇ ਰੰਗ ਮਾਣ ਰਿਹਾ ਹੈ ।
(ਸਤਿਗੁਰੂ ਦੀ ਮਿਹਰ ਨਾਲ ਮੈਂ) ਆਤਮਕ ਅਡੋਲਤਾ-ਰੂਪ ਗੁਫਾ ਵਿਚ ਸਮਾਧੀ ਲਾਈ ਹੋਈ ਹੈ ਤੇ ਸਭ ਤੋਂ ਉੱਚੇ ਅਕਾਲ ਪੁਰਖ ਦੇ ਚਰਨਾਂ ਵਿਚ ਸੋਹਣਾ ਟਿਕਾਣਾ ਬਣਾ ਲਿਆ ਹੈ ।੧ ।
ਹੇ ਸੰਤ ਜਨੋ! ਗੁਰੂ ਨੇ (ਮੈਨੂੰ) ਆਤਮਕ ਚਾਨਣ (ਦੇ ਕੇ) ਸਭ ਵਿਚ ਵਿਆਪਕ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਹੈ, ਹੁਣ (ਮੇਰਾ ਮਨ) ਮੁੜ ਘਿੜ ਅੰਤਰ ਆਤਮੇ ਆ ਟਿਕਦਾ ਹੈ ਜੇਹੜੀ (ਆਤਮਕ ਸ਼ਾਂਤੀ) ਮੈਨੂੰ ਚਾਹੀਦੀ ਸੀ ਉਹ ਮੈਂ ਹਾਸਲ ਕਰ ਲਈ ਹੈ, ਤੇ (ਮੇਰਾ ਮਨ ਦੁਨੀਆ ਦੀਆਂ ਵਾਸਨਾਂ ਵਲੋਂ) ਪੂਰਨ ਤੌਰ ਤੇ ਰੱਜ ਚੁਕਾ ਹੈ ।੨ ।
(ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਪ੍ਰਭੂ ਆਪ ਹੀ ਪਾਤਿਸ਼ਾਹ ਹੈ ਤੇ ਆਪ ਹੀ ਪਰਜਾ-ਰੂਪ ਹੈ ।
ਪ੍ਰਭੂ-ਵਾਸਨਾ ਰਹਿਤ ਭੀ ਹੈ ਤੇ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਸਾਰੇ ਪਦਾਰਥ ਭੋਗ ਰਿਹਾ ਹੈ ।
ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ ਤੇ ਨਿਆਂ ਕਰ ਰਿਹਾ ਹੈ (ਇਸ ਵਾਸਤੇ ਸੁਖ ਆਵੇ ਚਾਹੇ ਦੁੱਖ ਵਾਪਰੇ, ਮੇਰੀ) ਸਾਰੀ ਗਿਲ੍ਹਾ-ਗੁਜ਼ਾਰੀ ਮੁੱਕ ਚੁਕੀ ਹੈ ।੩ ।
(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਨੂੰ ਜਿਸ (ਸਰਬ-ਵਿਆਪਕ) ਰੂਪ ਵਿਚ ਵੇਖਿਆ ਹੈ ਉਹੋ ਜਿਹਾ ਕਹਿ ਦਿੱਤਾ ਹੈ ।
ਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ ਉਸ ਨੂੰ (ਉਸ ਦੇ ਮਿਲਾਪ ਦਾ) ਆਨੰਦ ਆਉਂਦਾ ਹੈ ।
ਹੇ ਨਾਨਕ! ਉਸ ਮਨੁੱਖ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਨੂੰ ਸਿਰਫ਼ ਪਰਮਾਤਮਾ ਹੀ ਸਾਰੇ ਜਗਤ ਵਿਚ ਵਿਆਪਕ ਦਿੱਸਦਾ ਹੈ ।੪।੩।੧੦ ।
Follow us on Twitter Facebook Tumblr Reddit Instagram Youtube