ਮਾਝ ਮਹਲਾ ੪ ॥
ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ ॥
ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ ॥
ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥

ਆਵਹੁ ਸੰਤ ਮੈ ਗਲਿ ਮੇਲਾਈਐ ॥
ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥
ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥੨॥

ਵਡਭਾਗੀ ਹਰਿ ਸੰਤੁ ਮਿਲਾਇਆ ॥
ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ ॥
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥

ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥
ਮਲੁ ਹਉਮੈ ਬਿਖਿਆ ਸਭ ਨਿਵਾਰੀ ॥
ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥

Sahib Singh
ਗਿਆਨੁ = ਜਾਣ = ਪਛਾਣ, ਡੂੰਘੀ ਸਾਂਝ ।
ਰੰਗਿ = ਰੰਗ ਵਿਚ ।
ਰਾਤਾ = ਰੰਗਿਆ ਹੋਇਆ ।
ਮੁਖਿ = ਮੂੰਹ ਨਾਲ ।
ਬੋਲੀ = ਬੋਲੀਂ, ਮੈਂ ਬੋਲਦਾ ਹਾਂ ।
ਹਰਿ ਰਸਿ = ਹਰੀ = ਨਾਮ ਦੇ ਰਸ ਵਿਚ ।
ਟੁਲਿ ਟੁਲਿ = ਡੁਲ੍ਹ ਡੁਲ੍ਹ, ਉਛਲ ਉਛਲ ।
ਪਉਦਾ = ਪੈਂਦਾ ।੧ ।
ਗਲਿ = ਗਲ ਨਾਲ ।
ਮੈ = ਮੈਨੂੰ ।
ਦੇਵਾ = ਦੇਵਾਂ, ਮੈਂ ਦੇ ਦਿਆਂ ।
ਚਉਦਾ = ਬੋਲਦਾ ।੨।ਸੰਤੁ—ਗੁਰੂ ।
ਗੁਰਿ ਪੂਰੈ = ਪੂਰੇ ਗੁਰੂ ਨੇ ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ।
ਨਿਤਿ = ਸਦਾ ।੩ ।
ਦਇਆਲਿ = ਦਇਆਲ ਨੇ ।
ਪ੍ਰਭਿ = ਪ੍ਰਭੂ ਨੇ ।
ਦਇਆਲ ਪ੍ਰਭਿ = ਦਇਆਲ ਪ੍ਰਭੂ ਨੇ ।
ਬਿਖਿਆ = ਮਾਇਆ ।
ਨਿਵਾਰੀ = ਦੂਰ ਕਰ ਦਿੱਤੀ ।
ਪਟਣ = ਸ਼ਹਰ ।
ਕਾਂਇਆ = ਸਰੀਰ ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ।੪ ।
    
Sahib Singh
ਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ ।
ਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ ।
(ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ ।੧ ।
ਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ, ਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਵੋ ।
ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ ।
ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ।੨ ।
ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ, ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ ।
ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ ।
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ।੩ ।
ਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ, ਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ ।
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ ।੪।੫ ।
Follow us on Twitter Facebook Tumblr Reddit Instagram Youtube