ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥
ਵਡਭਾਗੀ ਹਰਿ ਨਾਮੁ ਧਿਆਇਆ ॥
ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥੧॥

ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ ॥
ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਉ ॥੨॥

ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥
ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥
ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥

ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥
ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥
ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥੪॥੧॥

Sahib Singh
ਚਉਪਦੇ = ਚਾਰ ਪਦਾਂ ਵਾਲੇ, ਚਾਰ ਬੰਦਾਂ ਵਾਲੇ ਸ਼ਬਦ ।
ਮੈ ਮਨਿ = ਮੇਰੇ ਮਨ ਵਿਚ ।
ਵਡਭਾਗੀ = ਵੱਡੇ ਭਾਗਾਂ ਨਾਲ ।
ਗੁਰਿ = ਗੁਰੂ ਦੀ ਰਾਹੀਂ ।
ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ; ਪੂਰੇ ਗੁਰੂ ਪਾਸੋਂ ।
ਸਿਧਿ = ਸਫਲਤਾ ।
ਚਲੈ = ਤੁਰਦਾ ਹੈ ।੧ ।
ਪ੍ਰਾਣ ਸਖਾਈ = ਜਿੰਦ ਦਾ ਸਾਥੀ ।
ਗੁਰਿ ਪੂਰੈ = ਪੂਰੇ ਗੁਰੂ ਨੇ ।
ਨਿਹਚਲੁ = ਸਦਾ ਟਿਕੇ ਰਹਿਣ ਵਾਲਾ ।
ਪਲੈ = ਮੇਰੇ ਪੱਲੇ ਵਿਚ, ਮੇਰੇ ਪਾਸ ।੨ ।
ਰਾਇਆ = ਪਾਤਿਸ਼ਾਹ ।
ਆਣਿ = ਲਿਆ ਕੇ ।
ਪ੍ਰਾਣ ਜੀਵਾਇਆ = ਜਿੰਦ ਦੇਣ ਵਾਲਾ, ਆਤਮਕ ਜੀਵਨ ਦੇਣ ਵਾਲਾ ।
ਹਉ = ਮੈਂ ।
ਪ੍ਰੀਤਮ = ਹੇ ਪ੍ਰੀਤਮ !
ਨੀਰੁ = ਪਾਣੀ, ਅੱਖਾਂ ਵਿਚੋਂ ਪਾਣੀ ।
ਵਹੇ ਵਹਿ ਚਲੈ = ਵਗਦਾ ਜਾ ਰਿਹਾ ਹੈ ।੩ ।
ਬਾਲ ਸਖਾਈ = ਬਾਲ = ਉਮਰ ਦਾ ਸਾਥੀ, ਬਚਪਨ ਦਾ ਸਾਥੀ ।
ਮਾਇ = ਹੇ ਮਾਂ !
ਹਰਿ ਜੀਉ = ਹੇ ਹਰਿ ਜੀ !
ਕਰਹੁ = ਕਰਦੇ ਹੋ ।
ਮੇਲਹੁ = ਤੁਸੀਂ ਮੇਲਦੇ ਹੋ ।੪ ।
    
Sahib Singh
ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਪਰਮਾਤਮਾ ਮੈਨੂੰ ਮਨ ਵਿਚ ਪਿਆਰਾ ਲੱਗ ਰਿਹਾ ਹੈ ।
ਵੱਡੇ ਭਾਗਾਂ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ ।
ਪਰਮਾਤਮਾ ਦਾ ਨਾਮ ਸਿਮਰਨ ਦੀ ਇਹ ਸਫਲਤਾ ਮੈਂ ਪੂਰੇ ਗੁਰੂ ਦੀ ਰਾਹੀਂ ਹਾਸਲ ਕੀਤੀ ਹੈ (ਜਿਸ ਉਤੇ ਗੁਰੂ ਦੀ ਮਿਹਰ ਹੋਵੇ, ਉਸ ਨੂੰ ਇਹ ਦਾਤਿ ਮਿਲਦੀ ਹੈ) ਕੋਈ ਵਿਰਲਾ (ਵਡਭਾਗੀ) ਗੁਰੂ ਦੀ ਮਤਿ ਉਤੇ ਤੁਰਦਾ ਹੈ (ਤੇ ਨਾਮ ਸਿਮਰਦਾ ਹੈ) ।੧।(ਪੂਰੇ ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦਾ ਨਾਮ (ਆਪਣੇ ਜੀਵਨ-ਸਫ਼ਰ ਵਾਸਤੇ) ਖ਼ਰਚ ਪੱਲੇ ਬੰਨ੍ਹ ਲਿਆ ਹੈ ।
ਇਹ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣ ਗਿਆ ਹੈ, (ਹੁਣ ਇਹ) ਸਦਾ ਮੇਰੇ ਨਾਲ ਰਹਿੰਦਾ ਹੈ (ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ) ।
ਪੂਰੇ ਗੁਰੂ ਨੇ (ਇਹ) ਹਰਿ-ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾ ਦਿੱਤਾ ਹੈ, ਹਰਿ-ਨਾਮ ਧਨ ਮੇਰੇ ਪਾਸ ਹੁਣ ਸਦਾ ਟਿਕੇ ਰਹਿਣ ਵਾਲਾ ਧਨ ਹੋ ਗਿਆ ਹੈ ।੨ ।
ਪਰਮਾਤਮਾ (ਹੀ) ਮੇਰਾ (ਅਸਲ) ਸੱਜਣ ਹੈ, ਪਰਮਾਤਮਾ ਹੀ ਮੇਰਾ ਪ੍ਰੀਤਮ ਪਾਤਿਸ਼ਾਹ ਹੈ, ਮੈਨੂੰ ਆਤਮਕ ਜੀਵਨ ਦੇਣ ਵਾਲਾ ਹੈ ।
(ਮੇਰੀ ਹਰ ਵੇਲੇ ਤਾਂਘ ਹੈ ਕਿ) ਕੋਈ (ਗੁਰਮੁਖ ਉਹ ਪ੍ਰੀਤਮ) ਲਿਆ ਕੇ ਮੈਨੂੰ ਮਿਲਾ ਦੇਵੇ ।
ਹੇ ਮੇਰੇ ਪ੍ਰੀਤਮ ਪ੍ਰਭੂ! ਮੈਂ ਤੇਰਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਤੇਰੇ ਵਿਛੋੜੇ ਵਿਚ ਮੇਰੀਆਂ ਅੱਖਾਂ ਵਿਚੋਂ ਬਿਰਹੋਂ ਦਾ) ਪਾਣੀ ਇਕ-ਸਾਰ ਚੱਲ ਪੈਂਦਾ ਹੈ ।੩ ।
ਹੇ ਮੇਰੀ ਮਾਂ! ਗੁਰੂ ਮੇਰਾ (ਅਜੇਹਾ) ਮਿਤ੍ਰ ਹੈ (ਜਿਵੇਂ) ਬਚਪਨ ਦਾ ਸਾਥੀ ਹੈ ।
ਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਮੈਨੂੰ ਧੀਰਜ ਨਹੀਂ ਆਉਂਦੀ) ।
ਹੇ ਦਾਸ ਨਾਨਕ! (ਆਖ—) ਹੇ ਪ੍ਰਭੂ ਜੀ! ਜਿਸ ਉਤੇ ਤੁਸੀ ਕਿਰਪਾ ਕਰਦੇ ਹੋ, ਉਸ ਨੂੰ ਗੁਰੂ ਮਿਲਾਂਦੇ ਹੋ, ਤੇ ਉਸ ਦੇ ਪੱਲੇ ਹਰਿ-ਨਾਮ ਧਨ ਇਕੱਠਾ ਹੋ ਜਾਂਦਾ ਹੈ ।੪।੧ ।
Follow us on Twitter Facebook Tumblr Reddit Instagram Youtube