ਸਿਰੀਰਾਗੁ ॥
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
ਕਨਕ ਕਟਿਕ ਜਲ ਤਰੰਗ ਜੈਸਾ ॥੧॥

ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥
ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥

ਤੁਮ੍ਹ ਜੁ ਨਾਇਕ ਆਛਹੁ ਅੰਤਰਜਾਮੀ ॥
ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥

ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥
ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥

Sahib Singh
ਤੋਹੀ ਮੋਹੀ = ਤੇਰੇ ਮੇਰੇ ਵਿਚ ।
ਮੋਹੀ ਤੋਹੀ = ਮੇਰੇ ਤੇਰੇ ਵਿਚ ।
ਅੰਤਰੁ = ਵਿੱਥ, ਭੇਦ, ਫ਼ਰਕ ।
ਕੈਸਾ = ਕਿਹੋ ਜਿਹਾ ਹੈ ?
ਅੰਤਰੁ ਕੈਸਾ = ਕੋਈ ਅਸਲੀ ਵਿੱਥ ਨਹੀਂ ਹੈ ।
ਕਨਕ = ਸੋਨਾ ।
ਕਟਿਕ = ਕੜੇ, ਕੰਗਣਾ ।
ਜਲ ਤਰੰਗ = ਪਾਣੀ ਦੀਆਂ ਲਹਿਰਾਂ ।
ਜੈਸਾ = ਜਿਵੇਂ ।੧ ।
ਜਉ ਪੈ = ਜੇਕਰ, ਜੇ ।
ਹਮ = ਅਸੀ ਜੀਵ ।
ਨ ਕਰੰਤਾ = ਨਾਹ ਕਰਦੇ ।
ਅਹੇ ਅਨੰਤਾ = ਹੇ ਬੇਅੰਤ (ਪ੍ਰਭੂ) !
ਪਤਿਤ = ਡਿੱਗੇ ਹੋਏ, ਨੀਚ, ਵਿਕਾਰਾਂ ਵਿਚ ਪਏ ਹੋਏ ।
ਪਾਵਨ = ਪਵਿਤ੍ਰ ਕਰਨ ਵਾਲਾ ।
ਪਤਿਤ ਪਾਵਨ = ਨੀਚਾਂ ਨੂੰ ਉੱਚਾ ਕਰਨ ਵਾਲਾ, ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ ।
ਕੈਸੇ = ਕਿਵੇਂ ?
ਹੁੰਤਾ = ਹੁੰਦਾ ।੧।ਰਹਾਉ ।
ਨਾਇਕ = ਆਗੂ, ਸਿੱਧੇ ਰਾਹ ਪਾਣ ਵਾਲਾ, ਤਾਰਨਹਾਰ ।
ਆਛਹੁ = ਹੈਂ ।
ਪ੍ਰਭ ਤੇ = ਮਾਲਕ ਤੋਂ, ਮਾਲਕ ਨੂੰ ਪਰਖ ਕੇ ।
ਜਨੁ = ਸੇਵਕ, ਨੌਕਰ ।
ਜਾਨੀਜੈ = ਪਛਾਣਿਆ ਜਾਂਦਾ ਹੈ ।
ਜਨ ਤੇ = ਸੇਵਕ ਤੋਂ, ਸੇਵਕ ਨੂੰ ਜਾਚਿਆਂ ।੨ ।
ਅਰਾਧੈ = ਸਿਮਰਨ ਕਰੇ ।
ਸਰੀਰੁ ਅਰਾਧੈ = ਸਰੀਰ ਸਿਮਰਨ ਕਰੇ, ਜਦ ਤਕ ਸਰੀਰ ਕਾਇਮ ਹੈ ਮੈਂ ਸਿਮਰਨ ਕਰਾਂ ।
ਮੋ ਕਉ = ਮੈਨੂੰ ।
ਬੀਚਾਰੁ = ਸੁਮੱਤ, ਸੂਝ ।
ਦੇਹੂ = ਦੇਹ ।
ਸਮ ਦਲ = ਦਲਾਂ ਵਿਚ ਸਮਾਨ ਵਰਤਣ ਵਾਲਾ, ਸਭ ਜੀਵਾਂ ਵਿਚ ਵਿਆਪਕ ।
ਕੋਊ = ਕੋਈ (ਸੰਤ ਜਨ) ।੩ ।
    
Sahib Singh
(ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ ?
(ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ ।੧ ।
ਹੇ ਬੇਅੰਤ (ਪ੍ਰਭੂ) ਜੀ! ਜੇ ਅਸੀ ਜੀਵ ਪਾਪ ਨਾਹ ਕਰਦੇ ਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ) ‘ਪਤਿਤ-ਪਾਵਨ’ ਕਿਵੇਂ ਹੋ ਜਾਂਦਾ ?
।੧।ਰਹਾਉ ।
ਹੇ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ ‘ਪਤਿਤ-ਪਾਵਨ’ ਨਾਮ ਦੀ ਲਾਜ ਰੱਖ) ।
ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ ।੨।(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ ।
(ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ ।੩ ।
ਸ਼ਬਦ ਦਾ
ਭਾਵ:- ਅਸਲ ਵਿਚ ਪਰਮਾਤਮਾ ਤੇ ਜੀਵਾਂ ਵਿਚ ਕੋਈ ਭਿੰਨ-ਭੇਦ ਨਹੀਂ ਹੈ ।
ਉਹ ਆਪ ਹੀ ਸਭ ਥਾਈਂ ਵਿਆਪਕ ਹੈ ਜੀਵ ਉਸ ਨੂੰ ਭੁਲਾ ਕੇ ਪਾਪਾਂ ਵਿਚ ਪੈ ਕੇ ਉਸ ਤੋਂ ਵੱਖਰੇ ਪ੍ਰਤੀਤ ਹੁੰਦੇ ਹਨ ।
ਆਖ਼ਰ, ਉਹ ਆਪ ਹੀ ਕੋਈ ਸੰਤ ਜਨ ਮਿਲਾ ਕੇ ਭੁੱਲੇ ਜੀਵਾਂ ਨੂੰ ਆਪਣਾ ਅਸਲ ਸਰੂਪ ਵਿਖਾਲਦਾ ਹੈ ।
Follow us on Twitter Facebook Tumblr Reddit Instagram Youtube