ਪਉੜੀ ॥
ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥
ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ ॥
ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥
ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ ॥
ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥੧੯॥

Sahib Singh
ਵੇਖਾਲੀਅਨੁ = ਵਿਖਾਲੀ ਹੈ ਉਸ ਨੇ ।
ਘਾਲੀਅਨੁ = ਘਾਲ ਕਰਾਈ ਹੈ ਉਸ ਨੇ ।
ਬਹਾਲੀਅਨੁ = ਬਹਾਲੇ ਹਨ ਉਸ ਨੇ ।
ਚਾਲਿਅਨੁ = ਚਲਾਏ ਹਨ ਉਸ ਨੇ ।
ਨਿਸਤਾਰਿਅਨੁ = ਪਾਰ ਉਤਾਰੇ ਹਨ ਉਸ ਨੇ ।
    {ਵੇਖੋ, ‘ਗੁਰਬਾਣੀ ਵਿਆਕਰਣ’}
Sahib Singh
ਪ੍ਰਭੂ ਨੇ (ਭਗਤਾਂ ਜਨਾਂ ਤੋਂ) ਆਪ ਹੀ ਆਪਣੀ ਭਗਤੀ ਕਰਾ ਕੇ (ਭਗਤੀ ਦੀ ਬਰਕਤਿ ਨਾਲ ਉਹਨਾਂ ਨੂੰ ਆਪਣੀ) ਵਡਿਆਈ ਵਿਖਾਲੀ ਹੈ ।
ਪ੍ਰਭੂ (ਭਗਤਾਂ ਦੇ ਹਿਰਦੇ ਵਿਚ) ਆਪਣਾ ਭਰੋਸਾ ਆਪ (ਉਤਪੰਨ) ਕਰਦਾ ਹੈ ਤੇ ਉਹਨਾਂ ਤੋਂ ਆਪ ਹੀ ਸੇਵਾ ਉਸ ਨੇ ਕਰਾਈ ਹੈ ।
(ਭਗਤਾਂ ਨੂੰ ਆਪਣੇ ਭਜਨ ਦਾ) ਅਨੰਦ (ਭੀ) ਆਪ ਹੀ ਬਖ਼ਸ਼ਦਾ ਹੈ (ਤੇ ਇਸ ਤ੍ਰਹਾਂ ਉਹਨਾਂ ਨੂੰ) ਹਿਰਦੇ ਵਿਚ ਅਡੋਲ ਟਿਕਾ ਰੱਖਿਆ ਹੈ ।
(ਪਰ) ਪਾਪੀਆਂ ਨੂੰ ਅਡੋਲ-ਚਿੱਤ ਨਹੀਂ ਰਹਿਣ ਦੇਂਦਾ, ਚੁਣ ਕੇ (ਉਹਨਾਂ ਨੂੰ) ਘੋਰ ਨਰਕ ਵਿਚ ਪਾ ਦਿੱਤਾ ਹੈ ।
ਭਗਤ ਜਨਾਂ ਨੂੰ ਪਿਆਰ ਕਰਦਾ ਹੈ, (ਉਹਨਾਂ ਦਾ) ਪੱਖ ਕਰ ਕੇ ਉਸ ਨੇ ਆਪ ਉਹਨਾਂ ਨੂੰ (ਵਿਕਾਰਾਂ ਤੋਂ) ਬਚਾਇਆ ਹੈ ।੧੯ ।
Follow us on Twitter Facebook Tumblr Reddit Instagram Youtube