ਪਉੜੀ ॥
ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥
ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥
ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ ॥
ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ ॥
ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥੧੮॥

Sahib Singh
ਪਰਤੀਤਿ = ਭਰੋਸਾ ।
ਜੇਵਡੁ = ਜੇਡਾ, ਬਰਾਬਰ ਦਾ ।
ਜਾਣੁ = ਜਾਣੂ, ਜਾਣਨ ਵਾਲਾ ।
ਧਰਮੁ = ਨਿਆਂ ਦੀ ਗੱਲ ।
ਕਾੜਾ = ਝੋਰਾ, ਫ਼ਿਕਰ ।
ਅੰਦੇਸਾ = ਡਰ ।
ਅਧਰਮਿ = ਅਨਿਆਉਂ ਨਾਲ ।
ਸਚਾ = ਸਦਾ = ਥਿਰ, ਅਟੱਲ, ਅਭੁੱਲ ।
ਕਰ ਜੋੜਿ = ਹੱਥ ਜੋੜ ਕੇ, ਨਿਮ੍ਰਤਾ ਨਾਲ ਨਿਰਮਾਣ ਹੋ ਕੇ ।
    
Sahib Singh
ਭਗਤ ਜਨਾਂ ਨੂੰ ਪ੍ਰਭੂ ਉੱਤੇ (ਇਹ) ਭਰੋਸਾ ਹੈ ਕਿ ਪ੍ਰਭੂ ਅੰਤਰਜਾਮੀ ਹੈ, ਉਸ ਦੇ ਬਰਾਬਰ ਹੋਰ ਕੋਈ (ਹਿਰਦਿਆਂ ਦਾ) ਜਾਣੂ ਨਹੀਂ, (ਤੇ ਇਸੇ ਕਰਕੇ) ਪ੍ਰਭੂ ਨਿਆਂ ਦੀ ਵਿਚਾਰ ਕਰਦਾ ਹੈ ।
ਜੇ (ਇਹ ਭਰੋਸਾ ਹੋਵੇ ਕਿ) ਪ੍ਰਭੂ ਅਨਿਆਊਂ ਨਾਲ ਨਹੀਂ ਮਾਰਦਾ, ਤਾਂ ਕੋਈ ਫ਼ਿਕਰ ਡਰ ਨਹੀਂ ਰਹਿੰਦਾ ।
ਪ੍ਰਭੂ ਆਪ ਅਭੁੱਲ ਹੈ ਤੇ ਉਸ ਦਾ ਨਿਆਂ ਭੀ ਅਭੁੱਲ ਹੈ, (ਇਸ ‘ਮਾਰ’ ਦਾ ਸਦਕਾ ਹੀ) ਪਾਪੀ ਮਨੁੱਖ (ਪਾਪਾਂ ਵਲੋਂ) ਹਾਰਦਾ ਹੈ ।
ਹੇ ਭਗਤ ਜਨੋ! ਨਿਰਮਾਣ ਹੋ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ, ਪ੍ਰਭੂ ਆਪਣੇ ਭਗਤਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ।੧੮ ।
Follow us on Twitter Facebook Tumblr Reddit Instagram Youtube