ਸਲੋਕ ਮਃ ੩ ॥
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥

Sahib Singh
ਕਾਮਣੀ = ਜ਼ਨਾਨੀ ।
ਕੁਨਾਰਿ = ਭੈੜੀ ਨਾਰ ।
ਘਰਿ = ਘਰ ਵਿਚ ।
ਤਿ੍ਰਸਨਾ = (ਕਾਮ ਦੀ) ਵਾਸਨਾ ।
ਕੁਰੂਪਿ = ਭੈੜੈ ਰੂਪ ਵਾਲੀ ।
ਭਤਾਰਿ = ਭਤਾਰ ਨੇ ।
ਪਰਹਰਿ ਛੋਡੀ = ਤਿਆਗ ਛੱਡੀ ਹੈ ।
    
Sahib Singh
ਮਨ ਦਾ ਮੁਰੀਦ (ਜੀਵ ਉਸ) ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ (ਵਾਂਗ) ਹੈ (ਜਿਸ ਨੇ) ਘਰ ਵਿਚ (ਵੱਸਦਾ) ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ (ਪਾਇਆ ਹੋਇਆ ਹੈ) ।
ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ (ਤ੍ਰਿਸ਼ਨਾ ਵਿਚ) ਸੜਦੀ ਹੋਈ ਵਿਲਕਦੀ ਹੈ ।
ਹੇ ਨਾਨਕ! (ਮਨਮੁਖ ਜੀਵ) ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ (ਭੀ) ਦੁਰਕਾਰੀ ਹੋਈ ਹੈ ।੧ ।
Follow us on Twitter Facebook Tumblr Reddit Instagram Youtube