ਪਉੜੀ ॥
ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥
ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥
ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥
ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥
ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥

Sahib Singh
ਕੜਿ = ਕੜੇ, ਕੜ੍ਹਦੇ, (ਵੇਖੋ, ਪਉੜੀ ਨੰ: ੧ ‘ਭਉ ਬਿਖਮੁ ਤਰਿ’, ਤਰਿ—ਤਰੇ) ਦੁਖੀ ਹੁੰਦੇ ।
ਸਵਾਹੀ = ਸਬਾਹੀ, ਸੁਬਹ, ਸਵੇਰੇ (ਨੋਟ:- ਇਸ ਦਾ ਅਰਥ ‘ਸੁਆਹ’ ਕਰਨਾ ਗ਼ਲਤ ਹੈ, ਦੋਹਾਂ ਦਾ ‘ਜੋੜ’ ਨਹੀਂ ਰਲਦਾ, ਵੇਖੋ ਆਸਾ ਦੀ ਵਾਰ ਵਿਚ “ਤਨ ਵਿਚਿ ਸੁਆਹ” ।
    ‘ਕੜਿਨ’ ਪਾਠ ਭੀ ਗ਼ਲਤ ਹੈ, ਇਸ ਹਾਲਤ ਵਿਚ ਜੋੜ “ਕੜਨਿ” ਹੁੰਦਾ) ।
    
Sahib Singh
ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ, ਉਹ ਨਿੱਤ ਨਵੇਂ ਸੂਰਜ ਦੁਖੀ ਨਹੀਂ ਹੁੰਦੇ, (ਕਿਉਂਕਿ) ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ ਉਹ (ਦੁਨੀਆ ਦੇ ਪਦਾਰਥਾਂ ਵਲੋਂ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ, (ਇਸ ਵਾਸਤੇ), ਉਹਨਾਂ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ ।
ਸਤਿਗੁਰੂ ਦੀ ਸਰਨ ਭੀ ਉਹੀ ਲੱਗਦੇ ਹਨ, ਜਿਨ੍ਹਾਂ ਉਤੇ ਹਰੀ ਆਪ ਤੁੱਠਦਾ ਹੈ, ਉਹ ਦੋਹੀਂ ਜਹਾਨੀਂ ਸੁਰਖ਼ਰੂ ਰਹਿੰਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿਚ (ਭੀ) ਵਡਿਆਏ ਜਾਂਦੇ ਹਨ ।੧੪ ।
Follow us on Twitter Facebook Tumblr Reddit Instagram Youtube