ਮਃ ੩ ॥
ਅੰਤਰਿ ਕਪਟੁ ਭਗਉਤੀ ਕਹਾਏ ॥
ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥
ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥
ਸਤਸੰਗਤਿ ਸਿਉ ਬਾਦੁ ਰਚਾਏ ॥
ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥
ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥
ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥

Sahib Singh
ਕਪਟੁ = ਖੋਟ ।
ਪਾਖੰਡ = ਵਿਖਾਵੇ ਨਾਲ ।
ਅੰਤਰਿ = ਅੰਦਰ, ਮਨ ਵਿਚ ।
ਬਾਦੁ = ਝਗੜਾ ।
ਅਨਦਿਨੁ = ਰੋਜ਼, ਸਦਾ ।
ਮੋਖੁ = ਮੁਕਤੀ, ਵਿਕਾਰਾਂ ਤੋਂ ਆਜ਼ਾਦੀ ।
    
Sahib Singh
ਜੋ ਮਨੁੱਖ ਹਿਰਦੇ ਵਿਚ ਖੋਟ ਰੱਖੇ (ਪਰ ਆਪਣੇ ਆਪ ਨੂੰ) ਭਗਉਤੀ (ਸੱਚਾ ਭਗਤ) ਅਖਵਾਏ, ਉਹ (ਇਸ) ਪਖੰਡ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ ।
(ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿਚ ਮੈਲ ਲਾਈ ਜਾਵੇ, (ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤ੍ਰਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ ।
ਜੋ ਮਨੁੱਖ ਸਤ ਸੰਗਤਿ ਨਾਲ ਝਗੜਾ ਪਾਈ ਰੱਖਦਾ ਹੈ, (ਭਾਵ, ਜਿਸ ਨੂੰ ਸਤ ਸੰਗ ਨਹੀਂ ਭਾਉਂਦਾ) ਉਹ ਮਾਇਆ ਦੇ ਪਿਆਰ ਵਿਚ ਰੱਤਾ ਹੋਇਆ ਸਦਾ ਦੁਖੀ ਰਹਿੰਦਾ ਹੈ ।
ਹਰੀ ਨਾਮ ਦਾ ਸਿਮਰਨ ਛੱਡ ਕੇ ਹੋਰ ਬਥੇਰੇ ਕਰਮ ਕਾਂਡ ਕਰਦਾ ਰਹੇ (ਇਸ ਤ੍ਰਹਾਂ) ਪਹਿਲਾਂ (ਕੀਤੇ ਕਰਮਾਂ ਦੇ ਚੰਗੇ ਮੰਦੇ ਸੰਸਕਾਰ ਜੋ ਮਨ ਤੇ) ਲਿਖੇ ਗਏ (ਹਨ, ਤੇ ਜਨਮ ਜਨਮ ਵਿਚ ਭਵਾਉਂਦੇ ਫਿਰਦੇ ਹਨ) ਮਿਟ ਨਹੀਂ ਸਕਦੇ ।
ਹੇ ਨਾਨਕ! (ਸੱਚ ਤਾਂ ਇਹ ਹੈ ਕਿ) ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਛੁਟਕਾਰਾ ਹੋ ਹੀ ਨਹੀਂ ਸਕਦਾ ।੩ ।
Follow us on Twitter Facebook Tumblr Reddit Instagram Youtube