ਮਃ ੩ ॥
ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥
ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥
ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥
ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥
ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥
ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥
ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥
ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥
ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥
ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥
ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥

Sahib Singh
ਮਨਮੁਖੁ = ਉਹ ਜਿਸ ਦਾ ਮੂੰਹ ਆਪਣੇ ਮਨ ਵਲ ਹੈ, ਮਨ ਦਾ ਮੁਰੀਦ, ਆਪ-ਹੁਦਰਾ ।
ਕਿਰਤੁ = ਕੀਤਾ ਹੋਇਆ ਕੰਮ ।
ਕਿਰਤਿ = ਕੀਤੇ ਕੰਮ ਦੇ ਅਨੁਸਾਰ ।
ਪਇਐ ਕਿਰਤਿ = ਉਹਨਾਂ ਕੀਤੇ ਕਰਮਾਂਦੇ ਸੰਸਕਾਰਾਂ ਅਨੁਸਾਰ ਜੋ ਪਿੱਛੇ ਇਕੱਠੇ ਹੋ ਚੁਕੇ ਹਨ ।
ਧਾਤੁ = ਮਾਇਆ ।
ਸਥ = ਝਗੜਾ ਨਿਬੇੜਨ ਲਈ ਪੰਚੈਤ ਇਕੱਠੀ ਕਰਨੀ ।
ਭੁੰਚੀਐ = ਛਕੀਏ ।
ਲੁਝਣਾ = ਝਗੜਨਾ ।
ਜਿਣੈ = ਜਿੱਤ ਲਏ ।
    
Sahib Singh
ਜੋ ਮਨੁੱਖ ਸਤਿਗੁਰੂ ਵਲੋਂ ਮੁਖ ਮੋੜੀ ਬੈਠਾ ਹੈ, ਉਹ ਸਮਝਾਇਆਂ ਭੀ ਕਦੇ ਨਹੀਂ ਸਮਝਦਾ, ਜੇ ਉਸ ਨੂੰ (ਗੁਰਮੁਖਾਂ ਦੇ ਵਿਚ) ਰਲਾ ਭੀ ਦੇਵੀਏ, ਤਾਂ ਭੀ (ਸੁਭਾਵ ਕਰਕੇ) ਉਹਨਾਂ ਨਾਲ ਨਹੀਂ ਰਲਦਾ ਤੇ (ਪਿਛਲੇ ਕੀਤੇ) ਸਿਰ ਪਏ ਕਰਮਾਂ ਅਨੁਸਾਰ ਭਟਕਦਾ ਫਿਰਦਾ ਹ ੈ ।
(ਉਸ ਵਿਚਾਰੇ ਉਤੇ ਭੀ ਕੀਹ ਰੋਸ ?
(ਸੰਸਾਰ ਵਿਚ) ਰਸਤੇ ਹੀ ਦੋ ਹਨ (ਹਰੀ ਨਾਲ) ਪਿਆਰ ਤੇ (ਮਾਇਆ ਨਾਲ) ਪਿਆਰ; (ਤੇ ਮਨਮੁਖ) ਪ੍ਰਭੂ ਦੇ ਹੁਕਮ ਵਿਚ (ਹੀ) (ਮਾਇਆ ਵਾਲੀ) ਕਾਰ ਪਿਆ ਕਰਦਾ ਹੈ ।
(ਦੂਜੇ ਪਾਸੇ, ਹੁਕਮ ਵਿਚ ਹੀ) ਗੁਰਮੁਖ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਕਸਵੱਟੀ ਲਾ ਕੇ (ਭਾਵ, ਪਰਖ ਕਰ ਕੇ) ਆਪਣੇ ਮਨ ਨੂੰ ਮਾਰ ਲੈਂਦਾ ਹੈ (ਭਾਵ, ਮਾਇਆ ਦੇ ਪਿਆਰ ਵਲੋਂ ਰੋਕ ਲੈਂਦਾ ਹੈ) ।
ਉਹ ਸਦਾ ਮਨ (ਦੀ ਵਿਕਾਰ-ਬਿਰਤੀ) ਨਾਲ ਝਗੜਾ ਕਰਦਾ ਹੈ, ਤੇ ਸੱਥ ਕਰਦਾ ਹੈ (ਭਾਵ, ਉਸ ਨੂੰ ਸਮਝਾਉਂਦਾ ਹੈ, ਤੇ ਅੰਤ ਇਸ ਵਿਕਾਰ-ਬਿਰਤੀ ਨੂੰ) ਮਨ (ਦੀ ਸ਼ੁਭ-ਬਿਰਤੀ) ਵਿਚ ਲੀਨ ਕਰ ਦੇਂਦਾ ਹੈ ।
(ਇਸ ਤ੍ਰਹਾਂ ਸਤਿਗੁਰੂ ਦੇ) ਸੁਭਾਉ ਵਿਚ (ਆਪਾ ਲੀਨ ਕਰਨ ਵਾਲਾ) ਮਨ ਜੋ ਇੱਛਾ ਕਰਦਾ ਹੈ ਸੋ ਲੈਂਦਾ ਹੈ ।
(ਹੇ ਭਾਈ!) ਗੁਰਮੁਖਾਂ ਵਾਲੀ ਕਾਰ ਕਰ ਕੇ ਸਦਾ ਨਾਮ-ਅੰਮਿ੍ਰਤ ਪੀਵੀਏ ।
ਮਨ ਨੂੰ ਛੱਡ ਕੇ ਜੋ ਜੀਵ (ਸਰੀਰ ਆਦਿਕ) ਹੋਰ ਨਾਲ ਝਗੜਾ ਪਾਂਦਾ ਹੈ, ਉਹ ਜਨਮ ਬਿਰਥਾ ਗਵਾਂਦਾ ਹੈ ।
ਮਨਮੁਖ ਮਨ ਦੇ ਹਠ ਵਿਚ (ਬਾਜ਼ੀ) ਹਾਰ ਜਾਂਦਾ ਹੈ, ਤੇ ਕੂੜ-ਕੁਸੱਤ (ਦੀ ਕਮਾਈ) ਕਰਦਾ ਹੈ ।
ਹੇ ਨਾਨਕ! ਗੁਰਮੁਖ ਸਤਿਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤਦਾ ਹੈ, ਪ੍ਰਭੂ ਨਾਲ ਪਿਆਰ ਜੋੜਦਾ ਹੈ ਤੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ ।
(ਪਰ,) ਮਨਮੁਖ ਭਟਕਦਾ ਫਿਰਦਾ ਹੈ ।੨ ।
Follow us on Twitter Facebook Tumblr Reddit Instagram Youtube