ਸਲੋਕ ਮਃ ੩ ॥
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥
ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥
ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥
ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥
ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥
ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥
ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥
ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥੧॥

Sahib Singh
ਆਤਮਾ ਦੇਉ = ਪਰਮਾਤਮਾ ।
ਸਹਜਿ = ਸਹਜ ਵਿਚ, ਗਿਆਨ ਅਵਸਥਾ ਵਿਚ ।
ਸੁਭਾਇ = ਸੁਭਾਵ ਵਿਚ (ਲੀਨ ਹੋ ਕੇ) ।
ਪ੍ਰਤੀਤਿ = ਯਕੀਨ ।
ਪਰਚਾ = ਵਾਕਫ਼ੀ, ਪਿਆਰ ।
ਨਾਇ = ਨ੍ਹਾਇ, ਨ੍ਹਾ ਲੈਂਦਾ ਹੈ ।
    
Sahib Singh
ਗੁਰੂ ਦ ਿਮਤਿ ਲੈ ਕੇ ਤੇ ਗੁਰੂ ਦੇ ਸੁਭਾਉ ਵਿਚ (ਆਪਣਾ ਸੁਭਾਉ ਲੀਨ ਕਰ ਕੇ) ਜੀਵ-ਆਤਮਾ ਦਾ ਪ੍ਰਕਾਸ਼ ਕਰਨ ਵਾਲੇ (ਹਰੀ) ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ।
(ਇਸ ਤ੍ਰਹਾਂ) ਜਦੋਂ ਜੀਵ ਨੂੰ ਪ੍ਰਭੂ (ਦੀ ਹੋਂਦ ਤੇ) ਸਿਦਕ ਬੱਝ ਜਾਵੇ, ਤਾਂ ਹਿਰਦੇ ਵਿਚ ਹੀ (ਪ੍ਰਭੂ ਨਾਲ) ਪਿਆਰ ਬਣ ਜਾਂਦਾ ਹੈ (ਤੇ ਤੀਰਥ ਆਦਿਕਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ), ਕਿਉਂਕਿ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਵਰਤਿਆਂ) ਜੀਵਾਤਮਾ (ਮਾਇਆਂ ਵਲੋਂ) ਅਹਿੱਲ ਹੋ ਕੇ ਡੋਲਣੋਂ ਹਟ ਜਾਂਦਾ ਹੈ ।
ਸਤਿਗੁਰੂ ਤੋਂ ਬਿਨਾ ਅਡੋਲ ਅਵਸਥਾ ਨਹੀਂ ਆਉਂਦੀ, ਤੇ ਨਾਹ ਹੀ ਮਨ ਵਿਚੋਂ ਲੋਭ-ਮੈਲ ਦੂਰ ਹੁੰਦੀ ਹੈ ।
ਜੇ ਇਕ ਪਲਕ ਭਰ ਭੀ ਪ੍ਰਭੂ ਦਾ ਨਾਮ ਮਨ ਵਿਚ ਵੱਸ ਜਾਏ (ਭਾਵ, ਜੇ ਜੀਵ ਇਕ ਮਨ ਇਕ ਪਲਕ ਭਰ ਭੀ ਨਾਮ ਜਪ ਸਕੇ) ਤਾਂ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ, (ਕਿਉਂਕਿ) ਸੱਚੇ ਵਿਚ ਜੁੜੇ ਹੋਏ ਨੂੰ ਮੈਲ ਨਹੀਂ ਲਗਦੀ, ਮੈL (ਸਦਾ) ਮਾਇਆ ਦੇ ਪਿਆਰ ਵਿਚ ਲੱਗਦੀ ਹੈ, ਤੇ ਉਹ ਮੈਲ ਕਦੇ ਭੀ ਧੋਤਿਆਂ ਨਹੀਂ ਉਤਰਦੀ, ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ ।
(ਕਾਰਨ ਇਹ ਹੁੰਦਾ ਹੈ ਕਿ) ਮਨੁੱਖ (ਗੁਰੂ ਵਲੋਂ) ਮਨਮੁਖ (ਹੋ ਕੇ) ਅਹੰਕਾਰ ਦੇ ਆਸਰੇ (ਤੀਰਥ-ਇਸ਼ਨਾਨ ਆਦਿਕ) ਕਰਮ ਕਰਦਾ ਹੈ, ਤੇ ਦੁੱਖ ਹੀ ਦੁੱਖ ਸਹੇੜਦਾ ਹੈ ।
ਹੇ ਨਾਨਕ! ਮੈਲਾ (ਮਨ) ਤਦੋਂ ਹੀ ਪਵਿਤ੍ਰ ਹੁੰਦਾ ਹੈ, ਜੇ (ਜੀਵ) ਸਤਿਗੁਰੂ ਵਿਚ ਲੀਨ ਹੋ ਜਾਵੇ (ਭਾਵ, ਆਪਾ-ਭਾਵ ਮਿਟਾ ਦੇਵੇ) ।੧ ।
Follow us on Twitter Facebook Tumblr Reddit Instagram Youtube