ਪਉੜੀ ॥
ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥
ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥
ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥
ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥
ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥

Sahib Singh
ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ।
ਗੁਰਮੁਖਿ ਪਾਵੈ ਥਾਇ = ਗੁਰਮੁਖ ਦੀ ਬੰਦਗੀ ਪਰਮਾਤਮਾ ਕਬੂਲ ਕਰਦਾ ਹੈ ।
ਮਨ ਹਠਿ = ਮਨ ਦੇ ਹਠ ਨਾਲ ।
    
Sahib Singh
ਪ੍ਰਭੂ ਦੀ ਬੰਦਗੀ (ਉਂਞ ਤਾਂ ਹਰ ਇਕ ਲਈ ਹੀ) ਸਫਲ ਹੈ (ਭਾਵ, ਮਨੁੱਖਾ ਜਨਮ ਨੂੰ ਸਫਲਾ ਕਰਨ ਵਾਲੀ ਹੈ, ਪਰ) ਕਬੂਲ ਉਸ ਦੀ ਹੁੰਦੀ ਹੈ (ਭਾਵ, ਪੂਰਨ ਸਫਲਤਾ ਉਸ ਨੂੰ ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ ।
ਉਸੇ ਮਨੁੱਖ ਨੂੰ (ਹੀ) ਸਤਿਗੁਰੂ ਮਿਲਦਾ ਹੈ, ਜਿਸ ਉਤੇ ਪ੍ਰਭੂ ਤਰੁੱਠਦਾ ਹੈ ਅਤੇ ਉਹੋ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ ।
(ਜੀਵਾਂ ਨੂੰ ਸੰਸਾਰ-ਸਾਗਰ ਤੋਂ ਜੋ ਪ੍ਰਭੂ) ਪਾਰ ਲੰਘਾਂਦਾ ਹੈ, ਉਹ ਮਿਲਦਾ ਹੀ ਸਤਿਗੁਰੂ ਦੇ ਸ਼ਬਦ ਦੁਆਰਾ ਹੈ ।
ਵੇਦ (ਆਦਿਕ ਧਾਰਮਕ ਪੁਸਤਕਾਂ) ਨੂੰ ਭੀ ਜਾ ਕੇ ਪੁੱਛ ਵੇਖੋ (ਭਾਵ, ਪੁਰਾਤਨ ਧਰਮ-ਪੁਸਤਕ ਭੀ ਇਹੀ ਗੱਲ ਦੱਸਦੇ ਹਨ) ਕਿ ਆਪਣੇ ਮਨ ਦੇ ਹਠ ਨਾਲ ਕਿਸੇ ਨੇ ਰੱਬ ਨਹੀਂ ਲੱਭਾ (ਗੁਰੂ ਦੀ ਰਾਹੀਂ ਹੀ ਮਿਲਦਾ ਹੈ) ।
ਹੇ ਨਾਨਕ! ਹਰੀ ਦੀ ਸੇਵਾ ਉਹੀ ਜੀਵ ਕਰਦਾ ਹੈ ਜਿਸ ਨੂੰ (ਗੁਰੂ ਮਿਲਾ ਕੇ) ਹਰੀ ਆਪਿ ਸੇਵਾ ਵਿਚ ਲਾਏ ।੧੦ ।
Follow us on Twitter Facebook Tumblr Reddit Instagram Youtube